ਕੋਟਕਪੂਰਾ, 4 ਮਈ: ਦੇਸ਼ ਕਲਿੱਕ ਬਿਓਰੋ
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਕੋਟ ਸੁਖੀਆ ਦੇ ਹੋਣਹਾਰ ਨੌਜਵਾਨ ਅਕਾਸ਼ਦੀਪ ਸਿੰਘ ਨੂੰ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਭਰਤੀ ਹੋਣ ’ਤੇ ਵਧਾਈ ਦਿੱਤੀ। ਸਪੀਕਰ ਸ. ਸੰਧਵਾਂ ਵਿਅਕਤੀਗਤ ਤੌਰ ’ਤੇ ਉਨ੍ਹਾਂ ਦੇ ਗ੍ਰਹਿ ਪਹੁੰਚੇ, ਜਿੱਥੇ ਉਨ੍ਹਾਂ ਨੇ ਅਕਾਸ਼ਦੀਪ ਸਿੰਘ ਦੇ ਮਾਤਾ-ਪਿਤਾ ਨੂੰ ਵੀ ਸਨਮਾਨਿਤ ਕੀਤਾ।
ਇਸ ਮੌਕੇ ਸ. ਸੰਧਵਾਂ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਪਿੰਡ ਸੰਧਵਾਂ ਦੇ ਦੋਹਤੇ ਦਾ ਬੇਟਾ ਅਕਾਸ਼ਦੀਪ ਸਿੰਘ ਆਪਣੀ ਮਿਹਨਤ, ਨਿਸ਼ਠਾ ਅਤੇ ਦ੍ਰਿੜ ਇਰਾਦਿਆਂ ਦੇ ਸਦਕਾ ਲੈਫਟੀਨੈਂਟ ਬਣਿਆ ਹੈ। ਉਨ੍ਹਾਂ ਕਿਹਾ ਕਿ ਫੌਜ ਵਿੱਚ ਭਰਤੀ ਹੋਣਾ ਸਿਰਫ਼ ਇੱਕ ਪੇਸ਼ਾ ਨਹੀਂ, ਸਗੋਂ ਦੇਸ਼ ਭਗਤੀ ਦੀ ਜੀਉਂਦੀ ਜਾਗਦੀ ਉਦਾਹਰਨ ਹੁੰਦੀ ਹੈ।
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅਕਾਸ਼ਦੀਪ ਸਿੰਘ ਦੀ ਉਪਲਬਧੀ ਨੂੰ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਦੱਸਦੇ ਹੋਏ ਆਸ ਜਤਾਈ ਕਿ ਉਹ ਭਵਿੱਖ ਵਿੱਚ ਹੋਰ ਵੀ ਉੱਚੀਆਂ ਉਡਾਨਾਂ ਭਰੇਗਾ ਅਤੇ ਆਪਣੇ ਪਰਿਵਾਰ, ਪਿੰਡ ਤੇ ਪੰਜਾਬ ਦਾ ਨਾਮ ਰੌਸ਼ਨ ਕਰੇਗਾ।
ਇਸ ਮੌਕੇ ਬਲਰਾਜ ਸਿੰਘ ਸਰਪੰਚ ਤੋਂ ਇਲਾਵਾ ਅਕਾਸ਼ਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਸਮੇਤ ਪਿੰਡ ਨਿਵਾਸੀ ਵੀ ਹਾਜ਼ਰ ਸਨ।