ਕੁਰਾਲੀ/ਐੱਸ.ਏ.ਐੱਸ. ਨਗਰ 04 ਜੂਨ, 2025: ਦੇਸ਼ ਕਲਿੱਕ ਬਿਓਰੋ
ਐਸ.ਡੀ.ਐਮ ਖਰੜ ਦਿਵਿਆ ਪੀ ਨੇ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਦੀ ਤੰਦਰੁਸਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੁਰੂ ਕੀਤੀ ਸੀ.ਐਮ. ਦੀ ਯੋਗਸ਼ਾਲਾ ਅਧੀਨ ਜ਼ਿਲ੍ਹਾ ਐੱਸ.ਏ.ਐੱਸ. ਨਗਰ ਵਿੱਚ ਰੋਜ਼ਾਨਾ ਹੀ ਅਲੱਗ-ਅਲੱਗ ਥਾਵਾਂ ਤੇ ਮੁਫਤ ਯੋਗਾ ਦੀਆਂ ਕਲਾਸਾਂ ਚੱਲ ਰਹੀਆਂ ਹਨ। ਇਨ੍ਹਾਂ ਯੋਗਾ ਕਲਾਸਾਂ ਦਾ ਲੋਕ ਭਰਪੂਰ ਲਾਹਾ ਲੈ ਕੇ ਆਪਣੇ ਆਪ ਨੂੰ ਬਿਮਾਰੀਆਂ ਅਤੇ ਤਣਾਅ ਤੋਂ ਮੁਕਤ ਕਰ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਲੋਕਾਂ ਦਾ ਉਤਸ਼ਾਹ ਅਤੇ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਯੋਗਾ ਅਭਿਆਸ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਯੋਗਾ ਲਈ ਸਵੇਰੇ ਜਲਦੀ ਉੱਠਣ ਨਾਲ ਉਹ ਸਾਰਾ ਦਿਨ ਤਰੋ-ਤਾਜ਼ਾ ਮਹਿਸੂਸ ਕਰਦੇ ਹਨ ਅਤੇ ਹੁਣ ਉਨ੍ਹਾਂ ਨੇ ਯੋਗ ਆਸਣਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾ ਲਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ.ਡੀ.ਐਮ.ਖਰੜ, ਦਿਵਿਆ ਪੀ ਨੇ ਦੱਸਿਆ ਕਿ ਸੀ.ਐਮ ਯੋਗਸ਼ਾਲਾ ਦੀਆਂ ਕਲਾਸਾਂ ਕੁਰਾਲੀ ਵਿੱਚ ਵੱਖ-ਵੱਖ ਥਾਵਾਂ ‘ਤੇ ਲਗਾਈਆਂ ਜਾ ਰਹੀਆਂ ਹਨ, ਜੋ ਲੋਕਾਂ ਦੀ ਸਿਹਤ ਲਈ ਵਰਦਾਨ ਸਾਬਤ ਹੋ ਰਹੀਆਂ ਹਨ। ਇਨ੍ਹਾਂ ਯੋਗਾ ਕਲਾਸਾਂ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਨਿਵਾਸੀ ਲਾਭ ਲੈ ਰਹੇ ਹਨ। ਮਾਹਿਰ ਯੋਗਾ ਟ੍ਰੇਨਰ ਵੱਲੋਂ ਸਵੇਰ ਤੋਂ ਸ਼ਾਮ ਤੱਕ 6 ਯੋਗਾ ਸ਼ੈਸ਼ਨ ਚਲਾਏ ਜਾ ਰਹੇ ਹਨ। ਇਨ੍ਹਾਂ ਸ਼ੈਸ਼ਨਾਂ ਦੇ ਵੱਖ-ਵੱਖ ਸਮਾਂ-ਸਲਾਟ ਹੁੰਦੇ ਹਨ।
ਯੋਗਾ ਟ੍ਰੇਨਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਵੱਲੋਂ ਕੁਰਾਲੀ ਵਿਖੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾਈਆਂ ਜਾਂਦੀਆਂ ਹਨ। ਉਹਨਾਂ ਵੱਲੋਂ ਆਪਣੀ ਪਹਿਲੀ ਕਲਾਸ ਸਵਾਮੀ ਜੀ ਪਾਰਕ ਵਾਰਡ ਨੰ. 6 ਮਾਡਲ ਟਾਊਨ, ਕੁਰਾਲੀ ਵਿਖੇ ਸਵੇਰੇ 5.00 ਵਜੇ ਤੋਂ 6.00 ਵਜੇ ਤੱਕ, ਦੂਜੀ ਕਲਾਸ ਸ਼ਿਵ ਮੰਦਰ ਦੇ ਨੇੜੇ ਰਾਜਪੂਤ ਧਰਮਸ਼ਾਲਾ ਵਾਰਡ ਨੰ. 4 ਵਿਖੇ ਸਵੇਰੇ 6.10 ਵਜੇ ਤੋਂ 7.10 ਵਜੇ ਤੱਕ, ਤੀਜੀ ਕਲਾਸ, ਗਲੀ ਨੰ. 4 ਮਾਡਲ ਟਾਊਨ ਵਾਰਡ ਨੰ. 6 ਵਿਖੇ ਸਵੇਰੇ 11.00 ਵਜੇ ਤੋਂ ਦੁਪਹਿਰ 12.00 ਵਜੇ ਤੱਕ, ਚੌਥੀ ਕਲਾਸ ਗੁੱਗਾਮਾੜੀ ਵਾਰਡ ਨੰ. 5 ਦੇ ਨੇੜੇ ਕਮੇਟੀ ਹਾਲ ਵਿਖੇ
ਦੁਪਹਿਰ 3.45 ਵਜੇ ਤੋਂ ਸ਼ਾਮ 4.45 ਵਜੇ ਤੱਕ, ਪੰਜਵੀਂ ਅਤੇ ਛੇਵੀਂ ਕਲਾਸ ਬਾਰਾ ਮੰਦਰ ਮਾਡਲ ਟਾਊਨ ਵਾਰਡ ਨੰ. 6 ਵਿਖੇ ਸ਼ਾਮ 4.55 ਵਜੇ ਤੋਂ 5.55 ਵਜੇ ਤੱਕ ਅਤੇ ਸ਼ਾਮ 6.00 ਵਜੇ ਤੋਂ 7.00 ਵਜੇ ਤੱਕ ਲਗਾਈ ਜਾਂਦੀ ਹੈ। ਯੋਗਾ ਅਧਿਆਪਕ ਯੋਗਾ ਦੇ ਕਈ ਆਸਨ ਜਿਵੇਂ ਕਿ ਆਸਣ, ਪ੍ਰਾਣਾਯਾਮ ਅਤੇ ਧਿਆਨ ਆਦਿ ਰਾਹੀਂ ਬਿਨਾਂ ਦਵਾਈ ਦੇ ਸਰੀਰ ਨੂੰ ਚੁਸਤ ਅਤੇ ਰੋਗ ਮੁਕਤ ਰੱਖਣ ਲਈ ਵਡਮੁੱਲਾ ਯੋਗਦਾਨ ਪਾ ਰਹੇ ਹਨ। ਟ੍ਰੇਨਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਪਾਸ ਨਰਿੰਤਰ ਯੋਗਾ ਅਭਿਆਸ ਕਰਨ ਵਾਲੇ ਕਈ ਭਾਗੀਦਾਰਾਂ ਵੱਲੋਂ ਰੋਜ਼ਾਨਾ ਯੋਗਾ ਅਭਿਆਸ ਨਾਲ ਗੋਡਿਆਂ ਦੇ ਦਰਦ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਮਾਨਸਿਕ ਤਨਾਅ ਆਦਿ ਅਜਿਹੀਆਂ ਕਈਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਲਗਪਗ 132 ਦੇ ਕਰੀਬ ਭਾਗੀਦਾਰ ਰੋਜ਼ਾਨਾ ਯੋਗਾ ਕਲਾਸਾਂ ਲਗਾ ਰਹੇ ਹਨ। ਕੋਈ ਵੀ ਵਿਅਕਤੀ ਇਨ੍ਹਾਂ ਕਲਾਸਾਂ ਵਿੱਚ ਆ ਕੇ ਯੋਗਾ ਦਾ ਮੁਫਤ ਵਿੱਚ ਲਾਭ ਲੈ ਸਕਦਾ ਹੈ। ਉਨ੍ਹਾਂ ਦੱਸਿਆਂ ਕਿ ਜੇਕਰ ਕੋਈ ਵਿਅਕਤੀ ਆਪਣੀ ਕਲੋਨੀ ਜਾਂ ਪਾਰਕ ਵਿੱਚ ਕਲਾਸ ਸ਼ੁਰੂ ਕਰਵਾਉਣਾ ਚਾਹੁੰਦਾ ਹੈ ਤਾਂ ਘੱਟੋ-ਘੱਟ 25 ਮੈਂਬਰ ਹੋਣੇ ਲਾਜ਼ਮੀ ਹਨ ਅਤੇ ਆਪਣੀ ਨਵੀਂ ਕਲਾਸ/ਸੈਸ਼ਨ ਸ਼ੁਰੂ ਕਰਨ ਲਈ ਵਟਸਐਪ ਨੰਬਰ ‘ਤੇ ਕਾਲ/ਸੁਨੇਹਾ ਭੇਜ ਸਕਦਾ ਹੈ। ਲੋਕ ਇਹਨਾਂ ਸੈਸ਼ਨਾਂ ਵਿੱਚ ਸਵੈ-ਇੱਛਾ ਨਾਲ ਭਾਗ ਲੈ ਰਹੇ ਹਨ। ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ‘ਤੇ ਸੰਪਰਕ ਕਰ ਕੇ ਉਹ ਲੋਕ, ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।