ਸੁਖਦੇਵ ਸਿੰਘ ਪਟਵਾਰੀ,
ਚੰਡੀਗੜ੍ਹ: 5 ਜੂਨ- ਅਪ੍ਰੇਸ਼ਨ ਨੀਲਾ ਤਾਰਾ (Operation Blue Star) ਦੀ 41ਵੀਂ ਬਰਸੀ ਮਨਾਉਣ ਦੇ ਮਾਮਲੇ ਉੱਤੇ ਪੰਥਕ ਸਫਾਂ ਵਿੱਚ ਟਕਰਾਅ ਦੀ ਸਥਿਤੀ ਬਰਕਰਾਰ ਰਹਿੰਦੀ ਹੈ ਜਾਂ ਸ਼ਾਂਤ ਹੋ ਜਾਵੇਗੀ, ਇਸ ਗੱਲ ਨੂੰ ਲੈ ਕੇ ਸਿੱਖ ਪੰਥ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਜੇਕਰ 6 ਜੂਨ ਨੂੰ (Operation Blue Star) ਦੀ ਬਰਸੀ ਮੌਕੇ ਅਕਾਲ ਤਖਤ ਦੀ ਫਸੀਲ ‘ਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਕੌਮ ਦੇ ਨਾਂ ਸੰਦੇਸ਼ ਅਤੇ ਸ਼ਹੀਦ ਪਰਿਵਾਰਾਂ ਦੇ ਸਨਮਾਨ ਨੂੰ ਲੈ ਕੇ ਟਕਰਾਅ ਹੋ ਜਾਂਦਾ ਹੈ ਤਾਂ ਸਿੱਖ ਕੌਮ ਲਾਈ ਇਸ ਦੇ ਕੀ ਨਤੀਜੇ ਨਿੱਕਲਣਗੇ?
ਭਾਵੇਂ ਇਸ ਮਸਲੇ ਨੂੰ ਲੈ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਗੰਭੀਰ ਕੋਸ਼ਿਸ਼ਾਂ ਕਰ ਰਹੇ ਹਨ ਕਿ ਟਕਰਾਅ ਦੀ ਸਥਿਤੀ ਨਾ ਬਣੇ ਪਰ ਅੱਜ ਤੱਕ ਇਸ ਮਸਲੇ ਦੇ ਹੱਲ ਲਈ ਆਸ ਦੀ ਕੋਈ ਕਿਰਨ ਦਿਖਾਈ ਨਹੀਂ ਦੇ ਰਹੀ। ਹਾਲਾਂਕਿ ਅਕਲ ਤਖਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਕੁਝ ਹੋਰ ਸਿੱਖ ਸਖਸ਼ੀਅਤਾਂ ਨੇ ਪਟਿਆਲਾ ਜੇਲ੍ਹ ਅੰਦਰ ਮੌਤ ਦੀ ਸਜ਼ਾ ਭੁਗਤ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਵੱਲੋਂ ਵੀ ਸਿੱਖ ਕੌਮ ਨੂੰ ਅਪੀਲ ਕੀਤੀ ਗਈ ਸੀ ਕਿ ਅਕਾਲ ਤਖਤ ਦਾ ਸਭ ਨੂੰ ਸਨਮਾਨ ਕਰਨਾ ਚਾਹੀਦਾ ਹੈ ਤੇ ਕਿਸੇ ਨੂੰ ਵੀ 6 ਜੂਨ ਨੂੰ Operation Blue Star ਦੀ ਬਰਸੀ ਮੌਕੇ ਅਕਾਲ ਤਖਤ ਦੇ ਜਥੇਦਾਰ ਦੇ ਰੁਤਬੇ ਤੇ ਸੰਬੋਧਨ ‘ਤੇ ਇਤਰਾਜ਼ ਨਹੀਂ ਕਰਨਾ ਚਾਹੀਦਾ। ਰਾਜੋਆਣਾ ਦੀ ਇਸ ਅਪੀਲ ਦਾ ਕਿੰਨਾ ਅਸਰ ਹੁੰਦਾ ਹੈ ਅਜੇ ਤੱਕ ਇਹ ਦੇਖਣ ਵਾਲੀ ਗੱਲ ਹੈ।
ਉੱਧਰ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੁਝ ਹੋਰ ਕਮੇਟੀ ਮੈਂਬਰਾਂ ਨਾਲ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਨਾਲ ਮੁਲਕਾਤ ਕੀਤੀ ਹੈ ਪਰ ਇਸ ਡੇਢ ਘੰਟੇ ਦੀ ਮੁਲਾਕਾਤ ਦਾ ਵੀ ਅਜੇ ਤੱਕ ਕੋਈ ਸਿੱਟਾ ਨਜ਼ਰ ਨਹੀਂ ਆਇਆ।
ਟਕਰਾਅ ਦਾ ਮੁੱਖ ਮੁੱਦਾ ਕੀ ਹੈ ?
ਦਮਦਮੀ ਟਕਸਾਲ, ਕੁਝ ਨਿਹੰਗ ਜਥੇਬੰਦੀਆਂ ਤੇ ਖਾੜਕੂ ਜਥੇਬੰਦੀਆਂ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਉਣ ਦੇ ਮਾਮਲੇ ‘ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵਰਤੇ ਢੰਗ ਤੇ ਪਹਿਲੇ ਜਥੇਦਾਰਾਂ ਨੂੰ ਹਟਾਉਣ ਲਈ ਵਰਤੀ ਗਈ ਵਿਧੀ ਨਾਲ ਸਹਿਮਤੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਾ ਤਾਂ ਸ੍ਰੋਮਣੀ ਕਮੇਟੀ ਨੂੰ ਪਹਿਲੇ ਜਥੇਦਾਰਾਂ ਖਿਲਾਫ ਪੜਤਾਲ ਕਰਨ ਦਾ ਹੱਕ ਸੀ ਅਤੇ ਨਾ ਹੀ ਉਨ੍ਹਾਂ ਨੂੰ ਹਟਾਉਣ ਦਾ ਢੰਗ ਠੀਕ ਸੀ। ਸਗੋਂ ਇਹ ਇੱਕ ਵਿਸ਼ੇਸ਼ ਵਿਅਕਤੀ ਦੀ ਹਦਾਇਤ ਉੱਤੇ ਕੀਤਾ ਗਿਆ ਹੈ। ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਕਾਲ ਤਖਤ ਦਾ ਜਥੇਦਾਰ ਐਲਾਨਣ ਵੇਲੇ ਵਰਤੇ ਗਏ ਢੰਗ ਤੇ ਵੀ ਉਨ੍ਹਾਂ ਦਾ ਇਤਰਾਜ਼ ਹੈ ਜੋ ਗੁਰੂ ਗ੍ਰੰਥ ਸਾਹਿਬ ਤੇ ਸੰਗਤ ਦੀ ਹਾਜ਼ਰੀ ਤੋਂ ਬਿਨਾਂ ਹੀ ਥਾਪੇ ਗਏ। ਜਦੋਂ ਸਿੱਖ ਰਵਾਇਤਾਂ ਦੀ ਉਲੰਘਣਾ ਕਰਕੇ ਜਥੇਦਾਰ ਥਾਪੇ ਗਏ ਹਨ ਤਾਂ ਉਹ ਇਸ ਢੰਗ ਨੂੰ ਮੰਨਣ ਲਈ ਪਾਬੰਦ ਨਹੀਂ। ਇਹੀ ਕਾਰਨ ਹੈ ਕਿ ਉਹ ਸਿੰਘ ਸਾਹਿਬ ਨੂੰ 6 ਜੂਨ ਨੂੰ ਕੌਮ ਨੂੰ ਸੰਬੋਧਨ ਕਰਨ ਤੇ ਸ਼ਹੀਦ ਪਰਿਵਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨ ਕਰਨ ਦੇ ਹੱਕਦਾਰ ਨਹੀਂ।
ਕੌਣ ਕੌਣ ਵਿਰੋਧ ਕਰ ਰਿਹੈ ?
ਅਕਾਲ ਤਖਤ ਦੇ ਥਾਪੇ ਗਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਦਮਦਮੀ ਟਕਸਾਲ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਦੇ ਮੁਖੀ ਬਾਬਾ ਬਲਬੀਰ ਸਿੰਘ, ਨਿਹੰਗ ਦਲ ਬਾਬਾ ਅਵਤਾਰ ਸਿੰਘ, ਬਾਬਾ ਬਿਧੀ ਚੰਦ ਸੁਰ ਸਿੰਘ ਵਾਲੇ ਤੇ ਹੋਰ ਖਾੜਕੂ ਜਥੇਬੰਦੀਆਂ ਦਲ ਖਾਲਸਾ ਆਦਿ ਸ਼ਾਮਲ ਹਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਪਰਿਵਾਰ ਵੀ ਇਸ ਦੇ ਉਲਟ ਹਨ।
ਦੂਜੇ ਪਾਸੇ ਇਸ ਦੇ ਹੱਕ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ , ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਆਦਿ ਹਨ।
ਉੱਧਰ ਅੱਜ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 6 ਜੂਨ ਦੇ ਮਾਮਲੇ ‘ਤੇ ਤਿੱਖਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਚੰਦਨ ਦੁਆਲੇ 50 ਸੱਪਾਂ ਦੀ ਲਪੇਟ ਨਾਲ ਚੰਦਨ ਦੀ ਖੁਸ਼ਬੋਅ ‘ਤੇ ਕੋਈ ਅਸਰ ਨਹੀਂ ਪੈਂਦਾ ਅਤੇ 6 ਜੂਨ ਨੂੰ ਸਾਰਾ ਪ੍ਰੋਗਰਾਮ ਆਮ ਵਾਂਗ ਹੋਵੇਗਾ। ਉਨ੍ਹਾਂ ਦੇ ਬਿਆਨ ਨੂੰ ਵਿਰੋਧੀ ਜਥੇਬੰਦੀਆਂ ਕਿਵੇਂ ਲੈਂਦੀਆਂ ਹਨ, ਇਹ 6 ਜੂਨ ਨੂੰ ਦੇਖਣ ਵਾਲੀ ਗੱਲ ਹੈ। ਜੇਕਰ ਇਸ ਮਾਮਲੇ ‘ਤੇ ਆਮ ਸਹਿਮਤੀ ਨਾ ਬਣੀ ਤਾਂ ਹਾਲਾਤ ਕੋਈ ਵੀ ਮੋੜ ਲੈ ਸਕਦੇ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਸਥਿਤੀ
ਦੂਜੇ ਪਾਸੇ ਇਸ ਟਕਰਾਅ ਦੀ ਹਾਲਤ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹਾਲਤ ਸਭ ਤੋਂ ਕਸੂਤੀ ਬਣ ਗਈ ਹੈ। ਪਹਿਲੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਤੋਂ ਬਾਅਦ ਧਾਮੀ ਅਸਤੀਫਾ ਦੇ ਕੇ ਆਪਣੇ ਘਰ ਬੈਠ ਗਏ ਸਨ ਪਰ ਕੁਝ ਸਮੇਂ ਬਾਅਦ ਅਕਾਲੀ ਦਲ ਦੀਆਂ ਕੋਸ਼ਿਸ਼ਾਂ ਨਾਲ ਉਨ੍ਹਾਂ ਦੁਬਾਰਾ ਪ੍ਰਧਾਨਗੀ ਸਾਂਭ ਲਈ। ਪਰ ਲਗਦਾ ਹੈ ਕਿ ਧਾਮੀ ਸਾਹਿਬ ਦੀ ਸੁਖਬੀਰ ਬਾਦਲ ਨਾਲ ਸੁਰ ਨਾ ਮਿਲਣ ਕਾਰਨ ਹੁਣ ਉਹ ਹੋਰ ਕਸੂਤੀ ਸਥਿਤੀ ‘ਚ ਫਸ ਗਏ ਹਨ।
ਕੁੱਲ ਮਿਲਾ ਕੇ ਹਾਲਾਤ ਸਾਜਗਾਰ ਨਹੀਂ ਬਣ ਰਹੇ ਜਿਸ ਕਾਰਨ 6 ਜੂਨ ਦੀ ਸਥਿਤੀ ਅਜੇ ਤੱਕ ਤਣਾਅਪੂਰਨ ਹੀ ਚੱਲ ਰਹੀ ਹੈ।

ਸਾਕਾ ਨੀਲਾ ਤਾਰਾ ਦੀ 41ਵੀਂ ਬਰਸੀ ‘ਤੇ ਅਕਾਲ ਤਖਤ ਦੇ ਜਥੇਦਾਰ ਦੇ ਸੰਬੋਧਨ ਨੂੰ ਲੈ ਕੇ ਟਕਰਾਅ ਬਰਕਰਾਰ
Published on: June 5, 2025 11:55 am