ਚੰਡੀਗੜ੍ਹ, 7 ਜੂਨ : ਦੇਸ਼ ਕਲਿੱਕ ਬਿਓਰੋ
ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਦਿਹਾੜੀਦਾਰ ਮਜ਼ਦੂਰਾਂ ਦਾ ਮਾਨਸਿਕ ਸੋਸ਼ਣ ਕਰਨ ਦੀਆਂ ਯੋਜਨਾਵਾਂ ‘ਤੇ ਕੰਮ ਕਰ ਰਹੀ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੀ ਖੰਨਾ ਨੇ ਕਿਹਾ ਕਿ ਮਜ਼ਦੂਰਾਂ ਨੂੰ 12 ਘੰਟੇ ਕੰਮ ਕਰਨ ਦੀ ਹਦਾਇਤ ਦੇਣਾ ਸਰਕਾਰ ਦਾ ਫੈਸਲਾ ਬਹੁਤ ਜ਼ਿਆਦਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਉਦਯੋਗਪਤੀ ਲੋਕਾਂ ਦੀ ਕਠਪੁਤਲੀ ਬਣੀ ਪੰਜਾਬ ਸਰਕਾਰ ਮੁਲਾਜ਼ਮਾਂ ਦਾ ਸੋਸ਼ਣ ਕਰਨ ‘ਤੇ ਉੱਤਰ ਆਈ ਹੈ।ਉਨ੍ਹਾਂ ਕਿਹਾ ਕਿ 12 ਘੰਟੇ ਡਿਊਟੀ ਕਰਨ ਉਪਰੰਤ ਵੀ ਉਸਦਾ ਰਿਕਾਰਡ ਨਾ ਰੱਖਣਾ ਗਰੀਬ ਵਰਗ ਲਈ ਸ਼ਰੇਆਮ ਧੱਕਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਮਜ਼ਦੂਰੀ ਵਿੱਚ ਵਾਧਾ ਕੀਤਾ ਜਾਵੇ ਪਰ ਇੰਨ੍ਹਾਂ ਨੇ ਉਸ ਦੀ 8 ਘੰਟੇ ਵਾਲੀ ਡਿਊਟੀ 12 ਘੰਟੇ ਦੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸੰੰਵਿਧਾਨਿਕ ਸ਼ਰਤਾਂ ਮੁਤਾਬਿਕ ਕਿਸੇ ਵੀ ਮਜ਼ਦੂਰ ਤੋਂ 8 ਘੰਟੇ ਤੋਂ ਵੱਧ ਸਮੇਂ ਲਈ ਮਜ਼ਦੂਰੀ ਨਹੀਂ ਕਰਵਾਈ ਜਾ ਸਕਦੀ ਪਰ ਇਹ ਸਰਕਾਰ, ਜੋ ਖੁਦ ਨੂੰ ਆਮ ਆਦਮੀ ਦੀ ਸਰਕਾਰ ਐਲਾਣ ਰਹੀ ਹੈ , ਆਮ ਲੋਕਾਂ ਦੇ ਹਿੱਤਾਂ ਨਾਲ ਹੀ ਖਿਲਵਾੜ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਮਜ਼ਦੂਰ ਜੱਥੇਬੰਦੀਆਂ ਨੇ ਲੰਬੇ ਸੰਘਰਸ਼ ਤੋਂ ਬਾਅਦ 8 ਘੰਟੇ ਡਿਊਟੀ ਦਾ ਹੱਕ ਹਾਸਲ ਕੀਤਾ ਸੀ ਪਰ ਪੰਜਾਬ ਸਰਕਾਰ ਇਸ ਅੰਤਰਰਾਸ਼ਟਰੀ ਫੈਸਲੇ ਤੋਂ ਟਾਲਾ ਵੱਟ ਕੇ ਇਹ ਨਾਦਰਸ਼ਾਹੀ ਫਰਮਾਣ ਜਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਫੈਸਲੇ ਇਹ ਸਪੱਸ਼ਟ ਕਰਦੇ ਹਨ ਕਿ ਇਹ ਕੋਈ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਹੈ ਬਲਕਿ ਉਦਯੋਗਪਤੀ ਅਤੇ ਧਨਾਡਾਂ ਦੇ ਹੱਥ ਵਿੱਚ ਖੇਡ ਰਹੀ ਖਾਸ ਸਰਕਾਰ ਹੈ। ਜਿਸ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਆਪਣੀਆਂ ਵਿਅੰਗਾਤਮਿਕ ਟਿੱਪਣੀਆਂ ਰਾਹੀਂ ਸਰਕਾਰਾਂ ‘ਤੇ ਟਿੱਪਣੀ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਵੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ।