ਪੁਣਛ ਵਿੱਚ ਜਖ਼ਮੀਆਂ ਦੀ ਮਦਦ ਕਰਨ ਵਾਲੇ ਜਗਤਾਰ ਸਿੰਘ ਦਾ ਸਨਮਾਨ 

ਪੰਜਾਬ

ਚਮਕੌਰ ਸਾਹਿਬ / ਮੋਰਿੰਡਾ  7 ਜੂਨ ਭਟੋਆ 

        ਅਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਪੁਣਛ ( ਜੰਮੂ-ਕਸ਼ਮੀਰ ) ਵਿੱਚ ਜਖ਼ਮੀਆਂ ਦੀ ਮੱਦਦ ਕਰਨ ਅਤੇ ਹਸਪਤਾਲ ਲਿਜਾਣ ਵਾਲੇ ਚਮਕੌਰ ਸਾਹਿਬ ਦੇ ਨੌਜਵਾਨ ਜਗਤਾਰ ਸਿੰਘ ਕਾਲਾ ਦਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਦੀ ਅਗਵਾਈ ਹੇਠ ਸਥਾਨਕ ਅਮਨ ਪਸੰਦ ਲੋਕਾਂ ਵੱਲੋਂ ਸਨਮਾਨ ਕੀਤਾ ਗਿਆ। ਸ੍ਰੀ ਮਾਂਗਟ ਨੇ ਦੱਸਿਆ ਕਿ ਉਹ ਜਗਤਾਰ ਸਿੰਘ ਕਾਲਾ ਦਾ ਸਨਮਾਨ ਕਰਕੇ ਮਾਣ ਮਹਿਸੂਸ ਕਰ ਰਹੇ ਹਨ, ਕਿਉਂਕਿ ਸ੍ਰੀ ਕਾਲਾ ਨੇ ਗੋਲੀਬਾਰੀ ਦੌਰਾਨ ਪੁਣਛ ਵਿੱਚ ਆਪਣੇ ਸਾਥੀਆਂ ਸਮੇਤ  ਜਖ਼ਮੀਆਂ ਦੀ ਜੋ ਮੱਦਦ ਕੀਤੀ ਹੈ, ਉਹ ਬਹੁਤ ਹੀ ਸ਼ਲਾਘਾਯੋਗ  ਹੈ।ਇਸ ਮੌਕੇ ਤੇ ਗੱਲ ਕਰਦਿਆ ਜਗਤਾਰ ਸਿੰਘ ਕਾਲਾ ਨੇ ਦੱਸਿਆ ਕਿ ਉਹ ਪੀਜੀਆਈ ਚੰਡੀਗੜ੍ਹ ਬਤੌਰ ਡਰਾਇਵਰ ਕੰਮ ਕਰਦਾ ਹੈ ਅਤੇ ਉਨ੍ਹਾਂ ਦੀ ਡਿਊਟੀ ਗੋਲੀਬਾਰੀ ਦੌਰਾਨ ਜੰਮੂ-ਕਸ਼ਮੀਰ ਵਿੱਚ 5 ਗੱਡੀਆਂ ਵਿੱਚ ਦਵਾਈਆਂ ਲੈ ਕੇ ਜਾਣ ਦੀ  ਲੱਗੀ ਸੀ । ਉਨ੍ਹਾਂ ਦੱਸਿਆ ਕਿ ਜਦੋਂ ਉਹ ਰਵਾਨਾ ਹੋਏ ਤਾਂ ਸਭ ਤੋਂ ਪਹਿਲਾ ਉਹ ਜੰਮੂ ਏਮਜ਼ ਹਸਪਤਾਲ ਵਿਚ ਗਏ ਅਤੇ ਉੱਥੋਂ ਦੋ ਗੱਡੀਆਂ ਰਾਜੋਰੀ ਭੇਜੀਆਂ, ਜਿਸ ਵਿੱਚ ਜਸਵੀਰ ਸਿੰਘ ਅਤੇ ਰਾਜਵੀਰ ਸਿੰਘ ਮੌਜੂਦ ਸਨ। ਇਸ ਤੋਂ ਇਲਾਵਾ 3 ਗੱਡੀਆਂ ਪੁਣਛ ਗਈਆਂ, ਇਸ ਦੌਰਾਨ ਉਨ੍ਹਾਂ ਨਾਲ ਸੰਦੀਪ ਸਿੰਘ ਅਤੇ ਜਤਿੰਦਰ ਸਿੰਘ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਜਦੋਂ ਗੋਲੀਬਾਰੀ ਹੁੰਦੀ ਸੀ ਤਾਂ ਉੱਥੋਂ ਦੇ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ, ਜਿਸ ਕਾਰਨ ਉਹ ਗੋਲੀਬਾਰੀ ਦੇ ਚੱਲਦਿਆ ਜਖ਼ਮੀ ਹੋਏ ਲੋਕਾਂ ਨੂੰ ਤੁਰੰਤ ਪੁਣਛ ਦੇ ਹਸਪਤਾਲ ਭਰਤੀ ਕਰਵਾਉਂਦੇ ਸਨ ਅਤੇ ਲੱਗਭਗ 15 ਦਿਨ ਇਸੇ ਤਰ੍ਹਾਂ ਚੱਲਦੇ ਰਹੇ ਅਤੇ ਗੋਲੀਬਾਰੀ ਬੰਦ ਹੋਣ ਉਪਰੰਤ ਉਹ ਆਪਣੀ ਟੀਮ ਸਮੇਤ ਵਾਪਸ ਪੀਜੀਆਈ ਆ ਗਏ । ਸ੍ਰੀ ਮਾਂਗਟ ਨੇ ਦੱਸਿਆ ਕਿ ਉਨ੍ਹਾਂ ਤੋਂ ਪਹਿਲਾ ਜਗਤਾਰ ਸਿੰਘ ਕਾਲਾ ਸਮੇਤ ਉਨ੍ਹਾਂ ਦੇ ਸਾਥੀਆਂ ਦਾ ਪੀਜੀਆਈ ਦੇ ਡਾਇਰੈਕਟਰ ਸਾਹਿਬਾਨ ਵੀ ਸਨਮਾਨ ਕਰ ਚੁੱਕੇ ਹਨ। ਇਸ ਮੌਕੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਅਕਾਲੀ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ,  ਪਰਮਿੰਦਰ ਸਿੰਘ ਸੇਖੋ, ਗੁਰਵਿੰਦਰ ਸਿੰਘ ਬੌਬੀ, ਬਲਜੀਤ ਸਿੰਘ ਭੰਗੂ, ਜਤਿੰਦਰਪਾਲ ਸਿੰਘ ਜਿੰਦੂ ਅਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।