ਸ਼੍ਰੀ ਮੁਕਤਸਰ ਸਾਹਿਬ ਤੋਂ ਤਿੰਨ ਕਥਿਤ ਅਪਰਾਧੀ ਗ੍ਰਿਫ਼ਤਾਰ; 174 ਗ੍ਰਾਮ ਹੈਰੋਇਨ, ਦੋ ਪਿਸਤੌਲਾਂ ਬਰਾਮਦ

ਪੰਜਾਬ

— ਆਪਣੇ ਵਿਰੋਧੀ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੇ ਸਨ ਗ੍ਰਿਫ਼ਤਾਰ ਕੀਤੇ ਤਿੰਨੇਂ ਦੋਸ਼ੀ : ਡੀਜੀਪੀ ਗੌਰਵ ਯਾਦਵ

— ਪੁਲਿਸ ਨੂੰ ਦੇਖ ਕੇ ਦੋਸ਼ੀਆਂ ਨੇ ਭੱਜਣ ਦੀ ਕੀਤੀ ਕੋਸ਼ਿਸ਼,  ਪਰ ਪੁਲਿਸ ਨੇ ਕਰ ਲਿਆ ਕਾਬੂ : ਏ.ਡੀ.ਜੀ.ਪੀ. ਪ੍ਰਮੋਦ ਬਾਨ

— ਜਾਂਚ ਮੁਤਾਬਿਕ ਅਪਰਾਧਿਕ ਪਿਛੋਕੜ ਵਾਲੇ ਹਨ ਤਿੰਨੇ ਦੋਸ਼ੀ ; ਹੋਰ ਸਬੰਧਾਂ ਦੀ ਕੀਤੀ ਜਾ ਰਹੀ ਹੈ ਜਾਂਚ : ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਅਖਿਲ ਚੌਧਰੀ

ਚੰਡੀਗੜ੍ਹ/ਸ੍ਰੀ ਮੁਕਤਸਰ ਸਾਹਿਬ, 8 ਜੂਨ: ਦੇਸ਼ ਕਲਿੱਕ ਬਿਓਰੋ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਪਰਾਧ ਮੁਕਤ ਅਤੇ ਸੁਰੱਖਿਅਤ ਪੰਜਾਬ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਦਰਜ ਕਰਦਿਆਂ ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਪੰਜਾਬ ਨੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਤਿੰਨ ਕਥਿਤ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ .32 ਬੋਰ ਪਿਸਤੌਲਾਂ ਸਮੇਤ 10 ਜ਼ਿੰਦਾ ਕਾਰਤੂਸ ਅਤੇ 174 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।  ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਐਤਵਾਰ ਨੂੰ ਇੱਥੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੌਰਵ ਕੁਮਾਰ ਉਰਫ਼ ਬਿੱਲਾ, ਵਿਕਾਸਦੀਪ ਸਿੰਘ ਅਤੇ ਲਵਪ੍ਰੀਤ ਸਿੰਘ, ਸਾਰੇ ਵਾਸੀ ਸ੍ਰੀ ਮੁਕਤਸਰ ਸਾਹਿਬ, ਵਜੋਂ ਹੋਈ ਹੈ । ਤਿੰਨੇਂ ਮੁਲਜ਼ਮ ਬੀ.ਐਨ.ਐਸ. ਅਤੇ ਅਸਲਾ ਐਕਟ ਤਹਿਤ ਗੰਭੀਰ ਅਪਰਾਧਾਂ ਸਮੇਤ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਗੌਰਵ ਉਰਫ਼ ਬਿੱਲਾ ਪੁਲਿਸ ਸਟੇਸ਼ਨ ਸਿਟੀ ਮਲੋਟ ਵਿਖੇ ਦਰਜ ਇੱਕ ਮਾਮਲੇ ਵਿੱਚ ਭਗੌੜਾ ਸੀ, ਜਦੋਂ ਕਿ ਵਿਕਾਸਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਪੁਲਿਸ ਸਟੇਸ਼ਨ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਕਈ ਮਾਮਲਿਆਂ ਵਿੱਚ ਲੋੜੀਂਦੇ ਸਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਤਿੰਨੋਂ ਅਪਰਾਧੀ ਆਪਣੇ ਕਿਸੇ ਵਿਰੋਧੀ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੇ ਸਨ।

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੇ-ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਆਪ੍ਰੇਸ਼ਨ ਸੰਬੰਧੀ ਵੇਰਵੇ ਸਾਂਝੇ ਕਰਦੇ ਹੋਏ, ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏ.ਜੀ.ਟੀ.ਐਫ. ਪ੍ਰਮੋਦ ਬਾਨ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਤਿੰਨੋਂ ਮੁਲਜ਼ਮਾਂ ਨੂੰ ਫਲਾਈਓਵਰ ਬ੍ਰਿਜ ਹੇਠਾਂ ਇੱਕ ਪੋਲੀਥੀਨ ਬੈਗ ਫ਼ਰੋਲ਼ਦਿਆਂ ਦੇਖਿਆ । ਪੁਲਿਸ ਨੂੰ ਦੇਖ ਕੇ, ਮੁਲਜ਼ਮਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਦੀ ਮੁਸਤੈਦੀ ਸਦਕਾ ਮੁਲਜ਼ਮਾਂ ਨੂੰ ਜੀਟੀ ਰੋਡ ਬਠਿੰਡਾ ਚੌਂਕ, ਮਲੋਟ ਨੇੜੇ ਕਾਬੂ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਉਕਤਾਂ ਦੀ ਤਲਾਸ਼ੀ ਲੈਣ ’ਤੇ, ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ।

ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਸ੍ਰੀ ਮੁਕਤਸਰ ਸਾਹਿਬ ਅਖਿਲ ਚੌਧਰੀ ਨੇ ਦੱਸਿਆ ਕਿ ਇਸ ਸਬੰਧੀ ਵਿੱਚ ਐਨਡੀਪੀਐਸ ਐਕਟ ਦੀ ਧਾਰਾ 21(ਬੀ) ਅਤੇ ਅਸਲਾ ਐਕਟ ਦੀ ਧਾਰਾ 25 ਅਤੇ 27 ਤਹਿਤ ਥਾਣਾ ਸਿਟੀ ਮਲੋਟ ਵਿਖੇ ਇੱਕ ਨਵਾਂ ਕੇਸ ਐਫਆਈਆਰ ਨੰਬਰ 92 ਮਿਤੀ 07.06.2025 ਨੂੰ ਦਰਜ ਕੀਤਾ ਗਿਆ ਹੈ। ਇਸ ਸਬੰਧੀ ਹੋਰ ਅਪਰਾਧਿਕ ਕੜੀਆਂ ਅਤੇ ਸਾਥੀਆਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।