ਗਮਾਡਾ ਦੇ ਮੁੱਖ ਪ੍ਰਸ਼ਾਸਕ ਨੇ ਗਮਾਡਾ ਦੇ ਅਧਿਕਾਰ ਖੇਤਰਾਂ ਵਿੱਚ ਆਉਂਦੇ ਸੈਕਟਰਾਂ ਵਿੱਚ ਸਾਫ਼ ਸਫ਼ਾਈ ਅਤੇ ਬੁਨਿਆਦੀ ਢਾਂਚੇ ਦਾ ਰੱਖ-ਰਖਾਅ ਬਣਾਉਣ ਦੇ ਆਦੇਸ਼

ਟ੍ਰਾਈਸਿਟੀ

ਵੱਖ-ਵੱਖ ਖੇਤਰਾਂ ਵਿੱਚ ਬੁਨਿਆਦੀ ਢਾਂਚੇ, ਜਨਤਕ ਸਫ਼ਾਈ ਅਤੇ ਸਮੁੱਚੀ ਸਫ਼ਾਈ ਦੀ ਨਿਗਰਾਨੀ ਲਈ ਸੈਕਟਰ-ਵਾਈਜ਼ ਅਧਿਕਾਰੀ ਤਾਇਨਾਤ ਕੀਤੇ ਗਏ

ਮੋਹਾਲੀ, 10 ਜੂਨ: ਦੇਸ਼ ਕਲਿੱਕ ਬਿਓਰੋ

ਗਮਾਡਾ ਵੱਲੋਂ ਵਿਕਸਤ ਵੱਖ-ਵੱਖ ਖੇਤਰਾਂ ਵਿੱਚ ਬੁਨਿਆਦੀ ਢਾਂਚੇ, ਜਨਤਕ ਸਫ਼ਾਈ ਅਤੇ ਸਮੁੱਚੀ ਸਾਫ਼ ਸਫ਼ਾਈ ਸੰਬੰਧੀ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ, ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਮੁੱਖ ਪ੍ਰਸ਼ਾਸਕ, ਸ੍ਰੀ ਵਿਸ਼ੇਸ਼ ਸਾਰੰਗਲ ਨੇ ਜੇ ਈ ਪੱਧਰ ਦੇ ਅਧਿਕਾਰੀਆਂ ਨੂੰ ਅਜਿਹੇ ਸਾਰੇ ਖੇਤਰਾਂ ਵਿੱਚ ਨਿਯਮਤ ਰੱਖ-ਰਖਾਅ ਨੂੰ ਯਕੀਨੀ ਬਣਾਉਣ ਦੇ ਆਦੇਸ਼ ਜਾਰੀ ਕੀਤੇ ਹਨ।

ਸਫਾਈ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ, ਸ੍ਰੀ ਸਾਰੰਗਲ ਨੇ ਕਿਹਾ ਕਿ ਇਹ ਗਮਾਡਾ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਦੁਆਰਾ ਵਿਕਸਤ ਕੀਤੇ ਖੇਤਰਾਂ ਵਿੱਚ ਸਫ਼ਾਈ ਬਣਾਈ ਰੱਖੇ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਆਪਣੇ ਫਰਜ਼ਾਂ ਨੂੰ ਅਣਗੌਲਿਆ ਕਰਨ ਵਾਲੇ ਅਧਿਕਾਰੀਆਂ ਜਾਂ ਕਰਮਚਾਰੀਆਂ ਪ੍ਰਤੀ ਕੋਈ ਨਰਮੀ ਨਹੀਂ ਦਿਖਾਈ ਜਾਵੇਗੀ।”

ਗਮਾਡਾ ਨੂੰ ਅਲਾਟ ਕੀਤੀਆਂ ਸ਼ਹਿਰੀ ਅਸਟੇਟਾਂ/ਸੈਕਟਰਾਂ ਵਿੱਚ ਬੁਨਿਆਦੀ ਢਾਂਚੇ, ਜਨਤਕ ਸਫ਼ਾਈ ਅਤੇ ਸਮੁੱਚੀ ਸਫ਼ਾਈ ਦੀ ਸੰਭਾਲ ਨੂੰ ਯਕੀਨੀ ਬਣਾਉਣ ਲਈ ਅਨਮੋਲ ਸਿੰਘ ਧਾਲੀਵਾਲ, ਵਧੀਕ ਮੁੱਖ ਪ੍ਰਸ਼ਾਸਕ-2, ਗਮਾਡਾ, ਐਸ ਏ ਐਸ ਨਗਰ ਨੂੰ ਨੋਡਲ ਅਫ਼ਸਰ ਨਿਯੁਕਤ ਕਰਦੇ ਹੋਏ, ਸੀ ਏ ਗਮਾਡਾ ਨੇ ਕਿਹਾ ਕਿ ਗਮਾਡਾ ਦੇ ਸੈਕਟਰਾਂ ਵਿੱਚ ਤਾਇਨਾਤ ਜੂਨੀਅਰ ਇੰਜੀਨੀਅਰ ਆਪਣੇ ਅਧਿਕਾਰ ਖੇਤਰ ਵਿੱਚ ਸੜਕਾਂ, ਹਰੀਆਂ ਪੱਟੀਆਂ ਅਤੇ ਹੋਰ ਜਨਤਕ ਢਾਂਚੇ ਦੀ ਨਿਯਮਤ ਜਾਂਚ ਅਤੇ ਨਿਗਰਾਨੀ ਨੂੰ ਯਕੀਨੀ ਬਣਾਉਣਗੇ। ਉਹ ਸੈਨੀਟੇਸ਼ਨ ਸੇਵਾ ਪ੍ਰਦਾਤਾਵਾਂ ਨਾਲ ਵੀ ਤਾਲਮੇਲ ਕਰਨਗੇ ਅਤੇ ਉਪਰੋਕਤ ਨੋਡਲ ਅਫ਼ਸਰ ਨੂੰ ਸਫਾਈ ਅਤੇ ਸਾਂਭ-ਸੰਭਾਲ ਦੀ ਸਥਿਤੀ ਬਾਰੇ ਨਿਯਮਤ ਰਿਪੋਰਟਾਂ ਦੇਣਗੇ।

   ਸੈਨੀਟੇਸ਼ਨ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਕਾਰਜਾਂ ਲਈ ਜ਼ਿੰਮੇਵਾਰ ਗਮਾਡਾ ਸਟਾਫ ਨੂੰ ਵਿਸਤ੍ਰਿਤ ਅੰਦਰੂਨੀ ਆਦੇਸ਼ ਜਾਰੀ ਕਰਦੇ ਹੋਏ, ਮੁੱਖ ਪ੍ਰਸ਼ਾਸਕ ਨੇ ਚਿਤਾਵਨੀ ਦਿੱਤੀ ਕਿ ਭਵਿੱਖ ਵਿੱਚ ਮਾੜੀ ਸਾਂਭ-ਸੰਭਾਲ ਬਾਰੇ ਕਿਸੇ ਵੀ ਸ਼ਿਕਾਇਤ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਅਤੇ ਲਾਪਰਵਾਹੀ ਕਰਨ ਵਾਲਿਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਮੋਹਾਲੀ ਦੇ ਕਈ ਖੇਤਰ ਨਗਰ ਨਿਗਮ ਦੇ ਅਧਿਕਾਰ ਖੇਤਰ ਤੋਂ ਬਾਹਰ ਹਨ ਅਤੇ ਗਮਾਡਾ ਦੇ ਦਾਇਰੇ ਵਿੱਚ ਆਉਂਦੇ ਹਨ। ਇਸ ਲਈ, ਇਨ੍ਹਾਂ ਸੈਕਟਰਾਂ ਵਿੱਚ ਸਫ਼ਾਈ ਅਤੇ ਹੋਰ ਜ਼ਰੂਰੀ ਸੇਵਾਵਾਂ ਦਾ ਪ੍ਰਬੰਧਨ ਕਰਨਾ ਅਥਾਰਟੀ ਦਾ ਫਰਜ਼ ਹੈ।

ਸੈਕਟਰ 81, 84, 85, ਅਤੇ 86, ਐਰੋਸਿਟੀ, ਸੈਕਟਰ 90, 91, 92, 92 ਅਲਫ਼ਾ ਅਤੇ 93, ਆਈ ਟੀ ਸਿਟੀ, ਸੈਕਟਰ 87, 88, 89, 94, 95, ਅਤੇ 96, ਸੈਕਟਰ 97, 98, 99 ਅਤੇ 100, ਸੈਕਟਰ 101, 102, 103 ਅਤੇ 104, ਸੈਕਟਰ 104, 105, 106 ਅਤੇ 107, ਸੈਕਟਰ 108, 109, 110, 110 ਅਤੇ 112, ਸੈਕਟਰ 113, 114, 115 ਅਤੇ 116, ਸੈਕਟਰ 74 ਅਲਫ਼ਾ, 117, 118, 119 ਅਤੇ 120, ਸੈਕਟਰ 121, 122, 123, 124, 125 ਅਤੇ 126, ਨਿਊ ਚੰਡੀਗੜ੍ਹ, ਸੈਕਟਰ 1, 2, 3, 4,5, 6, 11, 12, 13, 14, 15, 16, 17, 18,19,20,21,22 ਅਤੇ 24 ਗਮਾਡਾ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ।

ਮੁੱਖ ਪ੍ਰਸ਼ਾਸਕ, ਗਮਾਡਾ ਨੇ ਸਪੱਸ਼ਟ ਕੀਤਾ ਕਿ ਗਮਾਡਾ ਦੀ ਭੂਮਿਕਾ ਸਿਰਫ਼ ਸ਼ਹਿਰੀ ਇਲਾਕੇ ਨੂੰ ਵਿਕਸਤ ਕਰਨ ਅਤੇ ਵੇਚਣ ਤੱਕ ਸੀਮਿਤ ਨਾ ਹੋ ਕੇ, ਸਫਾਈ ਅਤੇ ਬੁਨਿਆਦੀ ਢਾਂਚਿਆਂ ਦੀ ਸਾਂਭ ਸੰਭਾਲ ਵਰਗੇ ਮੁੱਦਿਆਂ ਨੂੰ ਹੱਲ ਕਰਨ ਲਈ ਵੀ ਹੈ, ਜੋ ਸਿੱਧੇ ਤੌਰ ‘ਤੇ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਤ ਕਰਦੇ ਹਨ।

ਜਨਤਕ ਭਲਾਈ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਉਨ੍ਹਾਂ ਕਿਹਾ, “ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ, ਗਮਾਡਾ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਮੁੱਦਿਆਂ ਨੂੰ ਤਰਜੀਹ ਦੇਵੇਗਾ ਅਤੇ ਜਿੱਥੇ ਵੀ ਲੋੜ ਹੋਵੇ, ਸਥਿਤੀ ਨੂੰ ਸੁਧਾਰਨ ਲਈ ਤੁਰੰਤ ਕਾਰਵਾਈ ਕਰੇਗਾ।”

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।