ਚੋਰੀ ਦੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
ਮੋਰਿੰਡਾ 10 ਜੂਨ ਭਟੋਆ
ਮੋਰਿੰਡਾ ਦੇ ਬੱਸ ਸਟੈਂਡ ਨੇੜੇ ਸਥਿਤ ਰਾਮਗੜ੍ਹੀਆ ਬਜ਼ਾਰ ਵਿਚੋ ਬੀਤੇ ਐਤਵਾਰ ਨੂੰ ਦਿਨ ਦਿਹਾੜੇ ਅਣਪਛਾਤੇ ਮਹਿਲਾ ਚੋਰ ਗਿਰੋਹ ਵੱਲੋਂ ਦੋ ਦੁਕਾਨਾਂ ਤੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਰੈਡੀਮੇਡ ਕੱਪੜੇ ਦਾ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਚੋਰੀ ਦੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਇਸ ਚੋਰੀ ਸਬੰਧੀ ਦੁਕਾਨ ਮਾਲਕ ਵੱਲੋ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਵਿਚ ਜੁਟ ਗਈ ਹੈ।
ਇਸ ਸਬੰਧੀ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਦੇ ਸਹਾਮਣੇ ਰੇਹੜੀਆਂ ਲਗਾਕੇ ਰੈਡੀਮੇਡ ਕੱਪੜੇ ਦਾ ਕਾਰੋਬਾਰ ਕਰਨ ਵਾਲੇ ਰਣਜੀਤ ਸਿੰਘ ਤੇ ਟਿਫਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਵੱਲੋ ਵਾਰਡ ਨੰਬਰ 8 ਵਿੱਚ ਸਾਬਕਾ ਕੌਂਸਲਰ, ਜਗਵਿੰਦਰ ਸਿੰਘ ਪੰਮੀ ਤੋਂ ਦੁਕਾਨਾਂ ਕਰਾਏ ਤੇ ਲੈ ਕੇ ਉਨਾ ਵਿੱਚ ਸਟੋਰ ਵਜੋ ਅਪਣਾ ਸਮਾਨ ਰੱਖਿਆ ਹੋਇਆ ਸੀ ਅਤੇ ਐਤਵਾਰ ਨੂੰ ਸਵੇਰੇ ਜਦੋਂ ਉਹ ਸਮਾਨ ਲੈਣ ਲਈ ਦੁਕਾਨਾਂ ਵੱਲ ਗਏ ਤਾਂ ਉਨਾ ਦੇਖਿਆ ਕਿ ਦੁਕਾਨਾਂ ਦੇ ਤਾਲੇ ਟੁੱਟੇ ਹੋਏ ਸੀ ਤੇ ਅੰਦਰ ਕਾਫੀ ਸਮਾਨ ਬਿਖਰਿਆ ਪਿਆ ਸੀ, ਜਦਕਿ ਰੈਡੀਮੇਡ ਕੱਪੜੇ ਦਾ ਕਾਫੀ ਸਮਾਨ ਦੁਕਾਨਾਂ ਵਿੱਚੋ ਗਾਇਬ ਸੀ । ਇਨਾ ਦੁਕਾਨਦਾਰਾਂ ਨੇ ਦੱਸਿਆ ਕਿ ਮਹਿਲਾ ਚੋਰ ਗਿਰੋਹ ਵਿੱਚ ਸ਼ਾਮਿਲ ਔਰਤਾਂ ਇੰੰਨੀਆਂ ਸ਼ਾਤਰ ਸਨ,ਕਿ ਉਹ ਚੋਰੀ ਕਰਨ ਉਪਰੰਤ
ਉਨਾਂ ਦੇ ਕੋਲ ਖੜੀਆਂ ਰਹੀਆਂ , ਪਰ ਉਨ੍ਹਾਂ ਨੂੰ ਉਨਾ ਉਪਰ ਨਾ ਕਿਸੇ ਕਿਸਮ ਦਾ ਸ਼ੱਕ ਹੋਇਆ ਅਤੇ ਨਾ ਹੀ ਗਿਰੋਹ ਵਿਚ ਸ਼ਾਮਿਲ ਔਰਤਾਂ ਨੇ ਉਨਾ ਨੂੰ ਕੋਈ ਭਿਣਕ ਲੱਗਣ ਦਿੱਤੀ। ਉਨਾ ਦੱਸਿਆ ਕਿ ਉਨਾਂ ਨੂੰ ਤਾਂ ਇਸ ਚੋਰ ਗਿਰੋਹ ਦੀ ਔਰਤਾਂ ਬਾਰੇ ਉਦੋਂ ਪਤਾ ਲੱਗਿਆ ਜਦੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਉਨਾ ਔਰਤਾਂ ਦੇ ਗਿਰੋਹ ਨੂੰ ਚੋਰੀ ਕਰਕੇ ਲੈ ਜਾਂਦੇ ਦੇਖਿਆ। ਇਸ ਸਬੰਧੀ ਮੋਰਿੰਡਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਇਸੇ ਦੌਰਾਨ ਦੁਕਾਨਾਂ ਦੇ ਮਾਲਕ ਜਗਵਿੰਦਰ ਸਿੰਘ ਪੰਮੀ ਨੇ ਦੱਸਿਆ ਦੋ ਹਫਤੇ ਪਹਿਲਾਂ ਵੀ ਚੋਰ ਉਨ੍ਹਾਂ ਦੇ ਇਸੇ ਪਲਾਟ ਵਿੱਚੋ ਲੋਹੇ ਦੇ ਚਾਰ ਗੇਟ ਚੋਰੀ ਕਰਕੇ ਲੈ ਗਏ , ਜਿਨਾ ਬਾਰੇ ਕੋਈ ਸੁਰਾਗ ਹੱਥ ਨਹੀ ਲੱਗਿਆ।
ਰਾਮਗੜ੍ਹੀਆ ਬਜ਼ਾਰ ਦੇ ਦੁਕਾਨਦਾਰਾਂ ਸੰਜੀਵ ਕੁਮਾਰ ਪੁਰੀ, ਬਲਵਿੰਦਰ ਸਿੰਘ ,ਚੇਤਨ ,ਰਜਨੀਸ਼ ਕੁਮਾਰ ਤੇ ਜਸ਼ਨਦੀਪ ਸਿੰਘ ਆਦਿ ਨੇ ਕਿਹਾ ਕਿ ਸ਼ਹਿਰ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹਨ , ਜਿਸ ਕਾਰਨ ਮਹਿਲਾ ਚੋਰ ਗਿਰੋਹ ਵੱਲੋਂ ਸ਼ਹਿਰ ਅੰਦਰ ਦਿਨ ਦਿਹਾੜੇ ਬਿਨਾਂ ਕਿਸੇ ਡਰ ਭੈਅ ਤੋਂ ਸ਼ਰੇਆਮ ਚੋਰੀ ਦੀਆਂ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾ ਗਿਆ ਹੈ। ਉਨਾਂ ਜ਼ਿਲਾ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਚੋਰੀ ਕਰਨ ਵਾਲੀਆ ਚੋਰ ਗਰੋਹ ਵਿੱਚ ਸ਼ਾਮਲ ਔਰਤਾਂ ਦੀ ਪਹਿਚਾਣ ਕਰਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉੱਧਰ ਜਦੋ ਇਸ ਸਬੰਧੀ ਇੰਸਪੈਕਟਰ ਹਰਜਿੰਦਰ ਸਿੰਘ ਐਸਐਚਓ ਮੋਰਿੰਡਾ ਸ਼ਹਿਰੀ ਨਾਲ ਸੰਪਰਕ ਕੀਤਾ ਤਾਂ ਉਨਾ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਗਿਰੋਹ ਨੂੰ ਕਾਬੂ ਕਰ ਲਿਆ ਜਾਵੇਗਾ।