ਭਾਸ਼ਾ ਵਿਭਾਗ ਦੇ ਪ੍ਰਸ਼ਨੋਤਰੀ ਮੁਕਾਬਲੇ ‘ਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਅਪੀਲ

ਸਿੱਖਿਆ \ ਤਕਨਾਲੋਜੀ

ਸ੍ਰੀ ਮੁਕਤਸਰ ਸਾਹਿਬ, 10 ਜੂਨ, ਦੇਸ਼ ਕਲਿੱਕ ਬਿਓਰੋ

ਉਚੇਰੀ ਸਿੱਖਿਆ ਤੇ ਭਾਸ਼ਾਵਾਂ ਦੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਅਤੇ ਜਸਵੰਤ ਸਿੰਘ ਜ਼ਫਰ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਭਾਸ਼ਾ ਵਿਭਾਗ, ਪੰਜਾਬ ਵਲੋਂ ਜ਼ਿਲ੍ਹਾ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਮਹੀਨਾ ਅਗਸਤ-2025 ਦੌਰਾਨ ਕਰਵਾਏ ਜਾ ਰਹੇ ਹਨ।

ਇਸ ਮੌਕੇ ਮਨਜੀਤ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਨ੍ਹਾਂ ਮੁਕਾਬਲਿਆਂ ਦੇ ਤਿੰਨ ਵਰਗ ਹੋਣਗੇ, ਜਿਸ ‘ਚ ਪਹਿਲਾ (ੳ) ਵਰਗ ਛੇਵੀਂ ਤੋਂ ਅੱਠਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਦਾ ਹੋਵੇਗਾ, ਜਦੋਂ ਕਿ ਦੂਸਰਾ ‘ਅ’ ਵਰਗ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਦਾ ਹੋਵੇਗਾ ਅਤੇ ਤੀਜਾ ਵਰਗ ‘ੲ ਗਰੈਜੂਏਸ਼ਨ ਤੱਕ ਦੇ ਵਿਦਿਆਰਥੀਆਂ ਦਾ ਹੋਵੇਗਾ।

ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਜਮਾਤ ਤੇ ਜਨਮ ਮਿਤੀ ਸਬੰਧੀ ਸੰਸਥਾ ਮੁਖੀ ਵਲੋਂ ਲਿਖਤੀ ਰੂਪ ਵਿਚ ਤਸਦੀਕ ਕੀਤਾ ਜਾਣਾ ਲਾਜ਼ਮੀ ਹੈ। ਹਰ ਵਰਗ ‘ਚ ਇਕ ਸੰਸਥਾ ਵੱਲੋਂ ਵੱਧ ਤੋਂ ਵੱਧ ਦੋ ਵਿਦਿਆਰਥੀ ਹੀ ਭੇਜੇ ਜਾ ਸਕਦੇ ਹਨ। ਜ਼ਿਲ੍ਹਾ ਪੱਧਰ ‘ਤੇ ਹਰ ਵਰਗ ‘ਚੋਂ ਪਹਿਲੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀ ਨੂੰ 1000 ਰੁਪਏ ਦੂਸਰੇ ਸਥਾਨ ਵਾਲੇ ਵਿਦਿਆਰਥੀ ਨੂੰ 750 ਰੁਪਏ ਅਤੇ ਤੀਸਰੇ ਸਥਾਨ ਵਾਲੇ ਵਿਦਿਆਰਥੀ ਨੂੰ 500 ਰੁਪਏ ਨਕਦ, ਸਰਟੀਫਿਕੇਟ ਅਤੇ ਸਨਮਾਨ ਵਜੋਂ  ਪੁਸਤਕਾਂ ਦਿੱਤੀਆਂ ਜਾਣਗੀਆਂ।

ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਸਬੰਧੀ ਕੋਈ ਦਾਖਲਾ ਫੀਸ ਨਹੀਂ ਲਈ ਜਾਵੇਗੀ। ਉਕਤ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਤੋਂ ਪੰਜਾਬੀ ਸਾਹਿਤ, ਧਰਮ,  ਭਾਸ਼ਾ, ਸਖ਼ਸ਼ੀਅਤਾਂ, ਸਭਿਆਚਾਰ, ਇਤਿਹਾਸ ਅਤੇ ਭੂਗੋਲ ਨਾਲ ਸਬੰਧਤ ਪ੍ਰਸ਼ਨ ਪੁੱਛੇ ਜਾਣਗੇ। ਜ਼ਿਲ੍ਹਾ ਪੱਧਰ ‘ਤੇ ਭਾਸ਼ਾ ਵਿਭਾਗ ਵੱਲੋਂ ਭੇਜੀ ਪ੍ਰਸ਼ਨੋਤਰੀ ਅਨੁਸਾਰ ਲਿਖਤੀ ਮੁਕਾਬਲਾ ਕਰਵਾਇਆ ਜਾਵੇਗਾ, ਜਿਸਦੇ 100 ਪ੍ਰਸ਼ਨ ਹੋਣਗੇ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਸਕੂਲਾਂ ਅਤੇ ਕਾਲਜਾਂ ਨੂੰ ਆਪਣੇ ਭਾਗ ਲੈਣ ਵਿਦਿਆਰਥੀਆਂ ਦਾ ਇੰਦਰਾਜ ਵਿਭਾਗ ਵੱਲੋਂ ਜਾਰੀ ਪ੍ਰੋਫਾਰਮੇ ਅਨੁਸਾਰ 05 ਜੁਲਾਈ 2025 ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰਬਰ 50, ਦੂਜੀ ਮੰਜ਼ਿਲ, ਸ੍ਰੀ ਮੁਕਤਸਰ ਸਾਹਿਬ ਜਾਂ ਦਫ਼ਤਰ ਦੀ ਈਮੇਲ dlosrimuktsarsahib1@gmail.com ‘ਤੇ ਕਰਵਾਇਆ ਜਾਵੇ।

ਬਲਜਿੰਦਰ ਸਿੰਘ ਖੋਜ ਅਫ਼ਸਰ, ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਨੇ ਇਨ੍ਹਾਂ ਮੁਕਾਬਲਿਆਂ ਲਈ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਮੁਕਾਬਲਿਆਂ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਮੋਬਾ. ਨੰ. 94630-24575 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।