ਕੌੜਿਆਂਵਾਲੀ ਦੇ ਸਰਕਾਰੀ ਸਕੂਲ ਨੇ ਰਚਿਆ ਇਤਿਹਾਸ: IIT JEE ‘ਚ ਜਸ਼ਨਦੀਪ ਦੀ ਕਾਮਯਾਬੀ ‘ਤੇ ਮੁੱਖ ਮੰਤਰੀ ਵੱਲੋਂ ਵਿਸ਼ੇਸ ਸਨਮਾਨ

Published on: June 10, 2025 3:32 pm

ਸਿੱਖਿਆ \ ਤਕਨਾਲੋਜੀ

ਫਾਜ਼ਿਲਕਾ: 10 ਜੂਨ, ਦੇਸ਼ ਕਲਿੱਕ ਬਿਓਰੋ

ਜ਼ਿਲ੍ਹੇ ਦੇ ਸਰਹੱਦੀ ਪਿੰਡ ਕੌੜਿਆਂਵਾਲੀ ‘ਚ ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ ਪੰਜਾਬ ਦੀ ਸਰਕਾਰੀ ਸਿੱਖਿਆ ਪ੍ਰਣਾਲੀ ਲਈ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਇੱਥੋਂ ਦੇ ਬਾਰਵੀਂ ਕਲਾਸ ਸਾਇੰਸ ਸਟਰੀਮ ਨਾਨ ਮੈਡੀਕਲ ਦੇ ਪਿੰਡ ਬਾਧਾ ਦੇ ਰਹਿਣ ਵਾਲੇ ਵਿਦਿਆਰਥੀ ਜਸ਼ਨਦੀਪ ਸਿੰਘ ਨੇ ਆਈਆਈਟੀ-ਜੇਈਈ ਐਡਵਾਂਸ ਵਰਗੀ ਮੁਸ਼ਕਲ ਰਾਸ਼ਟਰੀ ਪ੍ਰੀਖਿਆ ਵਿੱਚ ਕਾਮਯਾਬੀ ਹਾਸਲ ਕਰਕੇ ਆਪਣਾ ਹੀ ਨਹੀਂ, ਸਗੋਂ ਆਪਣੇ ਮਾਪਿਆਂ ਗੁਰਮੀਤ ਸਿੰਘ ਅਤੇ ਸੀਮਾ ਰਾਣੀ, ਪਿੰਡ, ਸਕੂਲ ਅਤੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ।

ਇਸ ਪ੍ਰਾਪਤੀ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਨੇ ਵਿਦਿਆਰਥੀ ਨੂੰ ਨਿੱਜੀ ਤੌਰ ‘ਤੇ ਸੀਐਮ ਹਾਊਸ, ਚੰਡੀਗੜ੍ਹ ਬੁਲਾ ਕੇ ਸਨਮਾਨਿਤ ਕੀਤਾ। ਇਹ ਸਿਰਫ਼ ਵਿਅਕਤੀਕਤ ਸਨਮਾਨ ਨਹੀਂ ਸੀ, ਸਗੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਮਰਥਾ ਅਤੇ ਉਮੀਦਾਂ ਨੂੰ ਮਜ਼ਬੂਤੀ ਦੇਣ ਵਾਲੀ ਇਤਿਹਾਸਕ ਘੜੀ ਸੀ।

ਜ਼ਿਕਰਯੋਗ ਹੈ ਕਿ ਸਾਰੇ ਪੰਜਾਬ ਤੋਂ ਇਸ ਸਾਲ ਸਰਕਾਰੀ ਸਕੂਲਾਂ ਤੋਂ 40 ਵਿਦਿਆਰਥੀਆਂ ਨੇ ਆਈਆਈਟੀ-ਜੇਈਈ ਪਾਸ ਕੀਤਾ, ਜਿਸ ਵਿੱਚ ਕੋੜਿਆਂ ਵਾਲੀ ਸਕੂਲ ਦੇ ਜਸ਼ਨਦੀਪ ਸਿੰਘ ਦੀ ਸ਼ਮੂਲੀਅਤ, ਖਾਸ ਕਰਕੇ ਸਰਹੱਦੀ ਪੇਂਡੂ ਸਕੂਲ ਤੋਂ ਹੋਣ ਕਰਕੇ, ਉਮੀਦ ਦੀ ਇੱਕ ਵੱਡੀ ਕਿਰਣ ਵਜੋਂ ਉਭਰੀ।

ਇਹ ਸਫਲਤਾ ਸਿਰਫ਼ ਵਿਦਿਆਰਥੀ ਦੀ ਮਿਹਨਤ ਦਾ ਨਤੀਜਾ ਨਹੀਂ, ਸਗੋਂ ਸਕੂਲ ਦੇ ਪ੍ਰਿੰਸੀਪਲ ਡਾ. ਰਾਜੀਵ ਮੱਕੜ ਦੀ ਦੂਰਦਰਸ਼ੀਤਾ, ਪ੍ਰੋਫੈਸ਼ਨਲ ਯੋਜਨਾਬੰਦੀ, ਅਤੇ ਟੀਮ ਵਰਕ ਦਾ ਸਿੱਧਾ ਅਤੇ ਵਧੀਆ ਨਤੀਜਾ ਹੈ। ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਿੱਚ, ਸਮਾਰਟ ਸਕੂਲ ਬਣਾਉਣ ਵਿੱਚ, ਸਰਕਾਰੀ ਗਰਾਂਟਾਂ ਦੇ ਵਧੀਆ ਇਸਤੇਮਾਲ ਕਰਨ ਕਰਕੇ ਉਹਨਾਂ ਨੂੰ ਪਹਿਲਾਂ ਹੀ ਇਹਨਾਂ ਨੂੰ ਮਾਨਯੋਗ ਸਿੱਖਿਆ ਸਕੱਤਰ ਸਕੂਲ ਪੰਜਾਬ ਸਰਕਾਰ ਵੱਲੋਂ ਸਲਾਘਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ, ਸਗੋਂ ਨਿੱਜੀ ਤੌਰ ‘ਤੇ ਲੱਖਾਂ ਰੁਪਏ ਦਾਨ ਸਵਰੂਪ ਖਰਚ ਕਰਕੇ ਸਕੂਲ ਦੀ ਇਮਾਰਤ, ਵਿਦਿਆਰਥੀਆਂ ਦੀਆਂ ਸਹੂਲਤਾਂ, ਅਤੇ ਆਧੁਨਿਕ ਟੈਕਨੋਲੋਜੀ ਵਾਲੀਆਂ ਕਲਾਸਾਂ ਦੀ ਸਥਾਪਨਾ ਕੀਤੀ। ਉਨ੍ਹਾਂ ਦੀ ਅਗਵਾਈ ਹੇਠ ਲੋਕਾਂ ਦੁਆਰਾ ਪਿਆਰ ਨਾਲ ਕਿਹਾ ਜਾਣ ਵਾਲਾ ਇਹ “ਡਰਾਇੰਗ ਰੂਮ ਵਰਗਾ ਸਕੂਲ” , ਖੂਬਸੂਰਤ ਬਿਲਡਿੰਗ ਅਤੇ ਵਿਦਿਆਰਥੀ-ਕੇਂਦਰਤ ਵਾਤਾਵਰਨ ਤਿਆਰ ਕੀਤਾ ਗਿਆ।

ਸਾਇੰਸ ਨਾਨ-ਮੈਡੀਕਲ ਵਿਭਾਗ ਦੇ ਤਜਰਬਾਕਾਰ ਅਤੇ ਮਿਹਨਤੀ ਲੈਕਚਰਾਰਾਂ—ਸ੍ਰੀ ਅਰੁਣ ਗੁਪਤਾ (ਫਿਜ਼ਿਕਸ), ਸ੍ਰੀਮਤੀ ਮੰਜੂ ਸੇਠੀ (ਗਣਿਤ), ਅਤੇ ਸ੍ਰੀਮਤੀ ਸ਼ੀਤਲ ਕਟਾਰੀਆ (ਕੈਮਿਸਟਰੀ) ਨੇ ਵਿਦਿਆਰਥੀਆਂ ਲਈ ਨਵੇਂ ਢੰਗ ਨਾਲ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ। ਪ੍ਰਿੰਸੀਪਲ ਮੱਕੜ ਦੀ ਪ੍ਰੋਫੈਸ਼ਨਲ ਵਿਉਂਤਬੰਦੀ ਨਾਲ ਸਾਇੰਸ ਲੈਕਚਰਾਰਾਂ ਦੁਆਰਾ ਡਾਊਟ ਕਲੀਅਰਿੰਗ ਸੈਸ਼ਨ, ਹਫਤਾਵਾਰੀ ਟੈਸਟ, ਵੱਧ ਤੋਂ ਵੱਧ ਪ੍ਰੈਕਟੀਕਲ ਕਰਵਾਉਣਾ, ਐਲਈਡੀ , ਪ੍ਰੋਜੈਕਟਰ ਮਾਧਿਅਮ ਰਾਹੀਂ ਪਾਠ ਪੜ੍ਹਾਈ ਅਤੇ ਨਿੱਜੀ ਰੂਪ ਵਿੱਚ ਹਰੇਕ ਵਿਦਿਆਰਥੀ ‘ਤੇ ਧਿਆਨ ਦਿੱਤਾ ਗਿਆ।

ਇਸ ਸਫਲਤਾ ਵਿੱਚ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਦੂਰਦਰਸ਼ੀਤਾ ਹੇਠ ਤਿਆਰ ਕੀਤੀ ਗਈ ਸਾਥੀ ਐਪ ਦਾ ਵੀ ਵੱਡਾ ਯੋਗਦਾਨ ਹੈ। ਅਸਿਸਟੈਂਟ ਡਾਇਰੈਕਟਰ ਸ੍ਰੀਮਤੀ ਬਲਵਿੰਦਰ ਕੌਰ ਅਤੇ ਅਸਿਸਟੈਂਟ ਡਾਇਰੈਕਟਰ ਸ਼੍ਰੀਮਤੀ ਜਸਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਚੱਲ ਰਹੀ ਇਹ ਐਪ ਜਿਸ ਦੀ ਉਹਨਾਂ ਵੱਲੋਂ ਲਗਾਤਾਰ ਅਤੀ ਗੰਭੀਰ ਰੂਪ ਵਿੱਚ ਨਿਰੀਖਣ ਅਤੇ ਮੋਨੀਟਰਿੰਗ ਕੀਤੀ ਜਾਂਦੀ ਹੈ , ਮੈਡੀਕਲ ਅਤੇ ਨਾਨ-ਮੈਡੀਕਲ ਵਿਦਿਆਰਥੀਆਂ ਲਈ ਉੱਚ ਮਿਆਰੀ ਪਾਠ ਸਮਗਰੀ ਦੇ ਰਹੀ ਹੈ । ਇਹ ਸਮਗਰੀ ਹਿੰਦੁਸਤਾਨ ਦੇ ਚੋਟੀ ਦੇ ਸਾਇੰਸ ਦੇ ਪ੍ਰੋਫੈਸਰਾਂ ਅਤੇ ਵਿਸ਼ਾ ਮਾਹਰਾਂ ਦੁਆਰਾ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਮੁਹਈਆ ਕਰਵਾਈ ਜਾ ਰਹੀ ਹੈ। ਇਸ ਨਾਲ ਵਿਸ਼ੇਸ਼ ਰੂਪ ਵਿੱਚ ਇਹ ਲਾਭ ਹੋਇਆ ਹੈ ਕਿ ਜੋ ਬੱਚੇ ਹਜ਼ਾਰਾਂ ਲੱਖਾਂ ਰੁਪਏ ਆਨਲਾਈਨ ਕੋਰਸਾਂ ਅਤੇ ਆਫਲਾਈਨ ਮਾਧਿਅਮ ਰਾਹੀਂ ਨਾਮੀ ਅਕੈਡਮੀਆਂ ਵਿੱਚ ਐਡਮਿਸ਼ਨ ਨਹੀਂ ਲੈ ਸਕਦੇ ਤਾਂ ਉਹਨਾਂ ਨੂੰ ਘਰ ਬੈਠੇ ਹੀ ਸਿੱਖਿਆ ਵਿਭਾਗ ਪੰਜਾਬ ਦੁਆਰਾ ਇਹ ਮੁਫਤ ਸਮੱਗਰੀ ਦਿੱਤੀ ਜਾ ਰਹੀ ਹੈ ਜੋ ਕਿ ਵਿਭਾਗ ਦੀ ਅਗਾਂਹਵਧੂ ਸੋਚ ਦਾ ਇੱਕ ਵੱਡਾ ਪੈਮਾਨਾ ਹੈ

ਸਿਰਫ਼ ਜਸ਼ਨਦੀਪ ਹੀ ਨਹੀਂ, ਉਸ ਦੀ ਭੈਣ ਅਤੇ ਇਸ ਸਕੂਲ ਦੀ ਹੋਣਹਾਰ ਵਿਦਿਆਰਥਨ ਜਸਮੀਨ ਕੌਰ ਨੇ ਵੀ JEE ਕਲੀਅਰ ਕਰ ਲਿਆ ਹੈ, ਜੋ ਕਿ ਸਾਬਕਾ ਐਸ.ਐਮ.ਸੀ. ਚੇਅਰਮੈਨ ਸ. ਸੁਰਜੀਤ ਸਿੰਘ ਦੀ ਧੀ ਹੈ। ਇਹ ਦੱਸਣਯੋਗ ਹੈ ਕਿ ਇਸ ਸਕੂਲ ਨੇ ਪਿਛਲੇ ਸਾਲਾਂ ਵਿੱਚ ਵੀ JEE, NEET ਅਤੇ MBBS ਵਿੱਚ ਕਈ ਕਾਮਯਾਬ ਵਿਦਿਆਰਥੀ ਦਿੱਤੇ ਹਨ।

ਇਸ ਪੇਂਡੂ ਇਲਾਕੇ ਵਿੱਚ ਸਥਿਤ ਹੋਣ ਦੇ ਬਾਵਜੂਦ, ਕੌੜਿਆਂਵਾਲੀ ਸਕੂਲ ਅੱਜ ਫਾਜ਼ਿਲਕਾ ਸ਼ਹਿਰ ਤੋਂ ਵੀ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ। ਰਾਸ਼ਟਰੀ ਪੱਧਰ ਦੇ ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਵੱਲੋਂ ਕੋੜਿਆਂ ਵਾਲੀ ਸਕੂਲ ਨੂੰ “ਟਰੈਂਡ ਸੈਟਰ ਸਕੂਲ” ਦਾ ਤਖ਼ਲੁਸ ਦਿੱਤਾ ਗਿਆ ਹੈ। ਗ਼ੌਰਤਲਬ ਹੈ ਕਿ ਕੋੜਿਆਂਵਾਲੀ ਸਕੂਲ ਵਿਖੇ ਇਲਾਕੇ ਦੇ ਤਕਰੀਬਨ ਤਕਰੀਬਨ 15 ਪਿੰਡਾਂ ਤੋਂ ਵਿਦਿਆਰਥੀ ਸਿੱਖਿਆ ਲੈ ਰਹੇ ਹਨ ਅਤੇ ਮਜ਼ੇਦਾਰ ਗੱਲ ਇਹ ਹੈ ਕਿ ਫਾਜ਼ਿਲਕਾ ਸ਼ਹਿਰ ਤੋਂ 50% ਤੋਂ ਵੱਧ ਵਿਦਿਆਰਥੀ ਇਸ ਪੇਂਡੂ ਸਕੂਲ ਵਿੱਚ ਵਿਸ਼ੇਸ਼ ਰੂਪ ਵਿੱਚ ਸਿੱਖਿਆ ਲੈਣ ਲਈ ਆਉਂਦੇ ਹਨ ਜੋ ਕੁੱਲ ਮਿਲਾ ਕੇ ਇੱਕ ਬੜੀ ਨਿਵੇਕਲੀ ਗੱਲ ਹੈ। ਮਿਆਰੀ ਸਿੱਖਿਆ ਦੇ ਚਲਦੇ ਹੀ ਪ੍ਰਿੰਸੀਪਲ ਸਾਹਿਬ ਦਾ ਬੇਟਾ ਵੀ ਇਸ ਸਕੂਲ ਵਿੱਚ ਪਿਛਲੇ ਪੰਜ ਸਾਲ ਤੋਂ ਵਿੱਚ ਪੜ੍ਹਦਾ ਹੈ ਜੋ ਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਦੁਆਰਾ ਪੇਸ਼ ਕੀਤੀ ਜਾਣ ਵਾਲੀ ਮਿਸਾਲ ਹੈ।

ਇਹ ਪ੍ਰਾਪਤੀ ਸਿਰਫ਼ ਇੱਕ ਵਿਅਕਤੀਕਤ ਜਿੱਤ ਨਹੀਂ, ਸਗੋਂ ਪੰਜਾਬ ਦੀ ਸਰਕਾਰੀ ਸਿੱਖਿਆ ਪ੍ਰਣਾਲੀ ਦੀ ਯੋਗਤਾ, ਨੇਤ੍ਰਤਵ ਅਤੇ ਨਵਚੇਤਨਾ ਦਾ ਪਰਮਾਣ ਹੈ। ਜਦੋਂ ਦ੍ਰਿੜ਼ ਨਿਸ਼ਠਾ, ਸੰਕਲਪ, ਟੀਮ ਵਰਕ ਅਤੇ ਵਿਜ਼ਨਰੀ ਨੇਤ੍ਰਤਵ ਮਿਲ ਜਾਣ, ਤਾਂ ਸਰਕਾਰੀ ਸਕੂਲ ਵੀ ਪ੍ਰਾਈਵੇਟ ਸੰਸਥਾਵਾਂ ਨੂੰ ਪਿੱਛੇ ਛੱਡ ਸਕਦੇ ਹਨ। ਕੁੱਲ ਮਿਲਾ ਕੇ ਸਰਹੱਦੀ ਖੇਤਰ ਵਿੱਚ ਹੋ ਰਹੀਆਂ ਇਹ ਪ੍ਰਾਪਤੀਆਂ ਪੰਜਾਬ ਸਰਕਾਰ ਦੇ ਸਿੱਖਿਆ ਮਾਡਲ ਅਤੇ ਸਿੱਖਿਆ ਕ੍ਰਾਂਤੀ ਦੀ ਸਫਲਤਾ ਤੇ ਮੋਹਰ ਲਗਾਉਂਦੀਆਂ ਹਨ।

ਇਸ ਮੌਕੇ ਤੇ ਪ੍ਰਿੰਸੀਪਲ ਮੱਕੜ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਕੋੜਿਆਂਵਾਲੀ ਦੇ ਸਮੂਹ ਸਟਾਫ ਵੱਲੋਂ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ, ਸ੍ਰੀ ਅਜੈ ਕੁਮਾਰ ਸ਼ਰਮਾ ਜੀ ਨੂੰ ਇਸ ਨਿਵੇਕਲੀ ਪ੍ਰਾਪਤੀ ਲਈ ਵਿਸ਼ੇਸ਼ ਰੂਪ ਤੇ ਵਧਾਈ ਦਿੱਤੀ ਗਈ। ਐਸਐਮਸੀ ਦੇ ਚੇਅਰਮੈਨ ਸ੍ਰੀ ਸੁਖਪਾਲ ਸਿਲੀਵਾਲ ਅਤੇ ਸਮੂਹ ਮੈਂਬਰਾਨ ਵੱਲੋਂ ਪ੍ਰਿੰਸੀਪਲ ਸਾਹਿਬ ਅਤੇ ਸਮੂਹ ਲੈਕਚਰਾਰ ਸਾਹਿਬਾਨ ਅਤੇ ਸਟਾਫ ਮੈਂਬਰਾਂ ਦਾ ਪੂਰੀ ਤਨਦੇਹੀ ਨਾਲ ਪੜਾਉਣ ਲਈ ਧੰਨਵਾਦ ਕੀਤਾ ਗਿਆ। ਪਿੰਡ ਦੇ ਸਰਪੰਚ ਸ਼੍ਰੀਮਤੀ ਸੁਨੀਤਾ ਰਾਣੀ ਅਤੇ ਪਿੰਡ ਦੇ ਪਤਵੰਤੇ ਸੱਜਣਾ ਰਜਿੰਦਰ ਭੋਬਰੀਆ , ਸ੍ਰੀ ਜੈਮਲ ਰਾਮ , ਸ਼੍ਰੀ ਰਮੇਸ਼ ਕੁਮਾਰ, ਸ੍ਰੀ ਇੰਦਰਪਾਲ , ਸ਼੍ਰੀ ਮਹੇਂਦਰ ਸਿਲਿਵਾਲ ਆਦਿ ਵੱਲੋਂ ਖਾਸ ਤੌਰ ਤੇ ਗ੍ਰਾਮ ਪੰਚਾਇਤ ਕੋੜਿਆਂਵਾਲੀ ਵੱਲੋਂ ਵਿਸ਼ੇਸ਼ ਰੂਪ ਵਿੱਚ ਪ੍ਰਿੰਸੀਪਲ ਸ੍ਰੀ ਮੱਕੜ ਦਾ ਧੰਨਵਾਦ ਕੀਤਾ ਗਿਆ ਕਿ ਉਹ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੁਆਰਾ ਉਲੀਕੀ ਗਈ ਸਿੱਖਿਆ ਕ੍ਰਾਂਤੀ ਵਿੱਚ ਸਕੂਲ ਦੀਆਂ ਵੱਖ ਵੱਖ ਪ੍ਰਾਪਤੀਆਂ ਦੇ ਰੂਪ ਦੇ ਵਿੱਚ ਸਕੂਲ ਨੂੰ ਬਹੁਤ ਵਧੀਆ ਪ੍ਰਾਪਤੀਆਂ ਕਰਵਾ ਰਹੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।