ਮੋਗਾ: 11 ਜੂਨ, ਦੇਸ਼ ਕਲਿੱਕ ਬਿਓਰੋ
ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ AAP ਪਾਰਟੀ ਦੀ ਮਹਿਲਾ ਵਿੰਗ ਦੀ ਸਾਬਕਾ ਪ੍ਰਧਾਨ Preeti Malhotra ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।
ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪ੍ਰੀਤੀ ਮਲਹੋਤਰਾ ਨੂੰ ਉਨ੍ਹਾਂ ਦੇ ਆਪ ਵਿਰੁੱਧ ਦਿੱਤੇ ਬਿਆਨਾਂ ਅਤੇ ਪਾਰਟੀ ਵਿਰੁੱਧ ਆਵਾਜ਼ ਉਠਾਉਣ ਕਰਕੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਅਮਨਦੀਪ ਕੌਰ ਨੂੰ ਮਹਿਲਾ ਵਿੰਗ ਦੀ ਪ੍ਰਧਾਨ ਬਣਾ ਦਿੱਤਾ ਗਿਆ। ਇਹ ਫੈਸਲਾ ਪ੍ਰੀਤੀ ਮਲਹੋਤਰਾ ਵਲੋਂ ਪਾਰਟੀ ਅਤੇ ਸਰਕਾਰ ਦੀਆਂ ਨੀਤੀਆਂ ‘ਤੇ ਸਿੱਧੇ ਸਵਾਲ ਉਠਾਉਣ ਤੋਂ ਬਾਅਦ ਆਇਆ।
ਪਿਛਲੇ ਦਿਨੀਂ Preeti Malhotra ਨੇ ਆਪਣੀ ਨਾਰਾਜ਼ਗੀ ਸੋਸ਼ਲ ਮੀਡੀਆ ਰਾਹੀਂ ਜਾਹਿਰ ਕੀਤੀ ਅਤੇ ਇਲਜ਼ਾਮ ਲਾਇਆ ਕਿ AAP ਸਰਕਾਰ ਆਪਣੇ ਦਲ ਦੇ ਮਿਹਨਤੀ ਵਰਕਰਾਂ ਨੂੰ ਅਣਦੇਖਿਆਂ ਕਰ ਕੇ ਦੂਜੀਆਂ ਪਾਰਟੀਆਂ ਤੋਂ ਆਏ ਵਿਅਕਤੀਆਂ ਨੂੰ ਅਹੁਦੇ ਦਿੰਦੀ ਹੈ। ਉਸ ਨੇ ਇਸ ਗੱਲ ਦਾ ਵੀ ਖਦਸ਼ਾ ਜਤਾਇਆ ਸੀ ਕਿ ਉਹ ਜਾਂ ਤਾਂ ਹਟਾਈ ਜਾਵੇਗੀ ਜਾਂ ਫ਼ਰਜ਼ੀ ਕੇਸਾਂ ਵਿੱਚ ਫਸਾਈ ਜਾ ਸਕਦੀ ਹੈ।
ਇਸ ਨਾਰਾਜ਼ਗੀ ਦੇ ਤਹਿਤ, ਪ੍ਰੀਤੀ ਮਲਹੋਤਰਾ ਨੇ ਪਟਿਆਲਾ ਦੇ ਦੁੱਖ ਨਿਵਾਰਨ ਹਾਲ ਬਾਹਰ ਧਰਨਾ ਦਿੱਤਾ, ਜਿਸ ਵਿੱਚ ਕਈ ਹੋਰ AAP ਅਹੁਦੇਦਾਰ ਵੀ ਉਨ੍ਹਾਂ ਦੇ ਹੱਕ ’ਚ ਬੈਠੇ ਦੇਖੇ ਗਏ। ਇਸ ਧਰਨੇ ਦੌਰਾਨ ਉਨ੍ਹਾਂ ਨੇ ਸਿੱਧੇ ਤੌਰ ‘ਤੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਾਰਟੀ ਦੇ ਸੱਚੇ ਵਰਕਰਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ।
ਸੁਖਬੀਰ ਸਿੰਘ ਬਾਦਲ ਨੇ ਵੀ AAP ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਪੰਜਾਬ ਕਰਜ਼ੇ ਦੇ ਦਲਦਲ ‘ਚ ਫਸ ਰਿਹਾ ਹੈ, ਮੁਲਾਜ਼ਮ ਤਨਖਾਹਾਂ ਲਈ ਤਰਸ ਰਹੇ ਹਨ ਅਤੇ ਬਾਹਰਲੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।