ਜਲ ਸਪਲਾਈ ਤੇ ਸੀਵਰੇਜ ਬੋਰਡ ਅਤੇ MC ਦੇ ਆਊਟਸੋਰਸ ਵਰਕਰਾਂ ਵੱਲੋ ਹੱਕੀ ਮੰਗਾਂ ਲਈ ਰੋਸ ਮਾਰਚ

Published on: June 11, 2025 4:44 pm

ਟ੍ਰਾਈਸਿਟੀ

 ਮੋਰਿੰਡਾ 11 ਜੂਨ ਭਟੋਆ 

ਜਲ  ਸਪਲਾਈ ਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਰਜਿ: ਪੰਜਾਬ ਵੱਲੋਂ ਸੀਵਰਮੈਨਾਂ, ਪੰਪ ਓਪਰੇਟਰਾਂ, ਡਰਾਇਵਰਾਂ, ਫਿਟਰਾਂ, ਕੀਮੈਨ, ਮਾਲੀ, ਚੌਕੀਦਾਰਾਂ, ਬੇਲਦਾਰਾਂ ਅਤੇ ਕਲੈਰੀਕਲ ਕੇਡਰ ਦੇ ਕੱਚੇ ਕਾਮਿਆਂ ਦੇ ਹੱਕੀ ਮੰਗਾਂ ਲਈ ਸ਼ਹਿਰ ਵਿੱਚ ਰੋਸ ਮਾਰਚ ਕਰਕੇ  ਨਗਰ ਕੌਂਸਲ ਦੇ ਅਹਾਤੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਹਾਜਰ ਸਨ, ਜਿਨਾ ਵੱਲੋ ਪੰਜਾਬ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜੀ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। 

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਊਂਸੀਪਲ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਗੜਾਂਗ ਨੇ ਦੱਸਿਆ ਕਿ ਸੀਵਰੇਜ ਵਿਭਾਗ ਅਤੇ ਨਗਰ ਕੌਂਸਲ ਵਿਚ ਪਿਛਲੇ 15-20 ਸਾਲਾਂ ਤੋਂ ਆਊਟਸੋਰਸ ਵਜੋ  ਕੰਮ ਕਰਦੇ ਆ ਰਹੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਮਹਿਕਮੇ ਵਿੱਚ ਮਰਜ਼ ਕਰਕੇ ਤੁਰੰਤ ਰੈਗੂਲਰ ਕੀਤਾ ਜਾਵੇ।ਉਨਾ ਦੱਸਿਆ ਕਿ ਸੀਵਰੇਜ ਤੇ ਜਲ ਸਪਲਾਈ ਵਿਭਾਗ ਵਿਚ ਬਹੁਤ ਸਾਰੇ ਮੁਲਾਜ਼ਮ ਬਹੁਤ ਹੀ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਆ ਰਹੇ ਹਨ, ਜਿਸ ਕਾਰਨ ਉਨਾ ਦਾ ਘਰੇਲੂ ਖਰਚਾ ਵੀ ਪੂਰਾ ਨਹੀ ਹੁੰਦਾ,ਇਸ ਲਈ ਇਨਾਂ

 ਮੁਲਾਜ਼ਮਾਂ ਦੀ ਤਨਖਾਹ 1948 ਦੇ ਕਿਰਤ ਕਾਨੂੰਨਾਂ ਤਹਿਤ ਨਿਰਧਾਰਿਤ ਕੀਤੀ ਜਾਵੇ ਅਤੇ ਘੱਟੋ-ਘੱਟ 18000/- ਰੁਪਏ ਤਨਖਾਹ ਦਿੱਤੀ ਜਾਵੇ ਤਾਂ ਜੋ ਇਹ ਸਾਰੇ ਕਾਮੇ ਆਪਣੇ ਪਰਿਵਾਰ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਕਰ ਸਕਣ।  ਯੂਨੀਅਨ ਪ੍ਰਧਾਨ ਨੇ ਉਨਾ ਮੁਲਾਜ਼ਮਾਂ ਦੀ ਸੇਵਾ ਮੁਕਤੀ ਉਮਰ 65 ਸਾਲ ਕਰਨ ਦੀ ਮੰਗ ਕੀਤੀ ਹੈ, ਜਿਹੜੇ

 ਕੱਚੇ ਮੁਲਾਜ਼ਮ ਆਪਣੀ ਰਿਟਾਇਰਮੈਂਟ ਉਮਰ ਤੇ ਹਨ ।

ਇਸ ਮੌਕੇ ਤੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੀਵਰੇਜ ਬੋਰਡ ਆਊਟਸੋਰਸ ਵਰਕਰ ਯੂਨੀਅਨ ਦੇ ਆਗੂ ਨਰਿੰਦਰ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋ ਪਹਿਲਾਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਅਤੇ ਸਰਕਾਰੀ ਵਿਭਾਗਾਂ ਵਿੱਚੋ ਨਿੱਜੀ ਕੰਪਨੀਆਂ ਨੂੰ ਬਾਹਰ ਕਰਕੇ ਆਊਟਸੋਰਸ ਵਰਕਰਾਂ ਨੂੰ ਸਰਕਾਰ ਅਧੀਨ ਕਰਕੇ ਵਿਭਾਗ ਵਿਚ ਮਰਜ ਕਰਨ ਦੇ ਵਾਅਦੇ ਕੀਤੇ ਗਏ ਸਨ, ਪ੍ਰੰਤੂ ਸਰਕਾਰ ਬਣਨ ਉਪਰੰਤ ਕਿਸੇ ਵੀ ਸਰਕਾਰੀ ਨੁਮਾਇੰਦਿਆਂ ਵੱਲੋ ਉਨਾ ਦੀਆਂ ਮੰਗਾਂ ਸਬੰਧੀ ਗੱਲਬਾਤ ਕਰਨ ਤੋਂ ਵੀ ਟਾਲਮਟੋਲ ਕੀਤੀ ਜਾ ਰਹੀ ਹੈ, ਜਿਸ ਕਾਰਨ ਆਊਟਸੋਰਸ ਵਰਕਰਾਂ ਵਿੱਚ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਆਊਟਸੋਰਸ ਕਾਮਿਆਂ ਨੂੰ ਰੈਗੂਲਰ ਕਰਨ ਸਬੰਧੀ ਕੋਈ ਸਾਰਥਿਕ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਸਮੂਹ ਆਊਟਸੋਰਸ ਕਾਮਿਆਂ ਵੱਲੋ ਤਿੱਖਾ ਸੰਘਰਸ਼ ਕੀਤਾ ਜਾਵੇਗਾ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।