ਬਠਿੰਡਾ: 15 ਜੂਨ, ਦੇਸ਼ ਕਲਿੱਕ ਬਿਓਰੋ
ਕਮਲ ਭਾਬੀ ਕਤਲ ਮਾਮਲੇ ਦਾ ਮਾਸਟਰਮਾਈਂਡ ਅੰਮ੍ਰਿਤਪਾਲ ਮਹਿਰੋਂ ਕਤਲ ਦੇ 6 ਘੰਟਿਆਂ ਬਾਅਦ ਹੀ UAE ਚਲਾ ਗਿਆ। ਇਸ ਗੱਲ ਦਾ ਵੱਡਾ ਖੁਲਾਸਾ ਬਠਿੰਡਾ ਦੇ ਐਸ ਐਸ ਪੀ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਤਲ ਮਾਮਲੇ ਦਾ ਮਾਸਟਰਮਾਈਂਡ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਵਿਦੇਸ਼ ਫਰਾਰ ਹੋ ਗਿਆ ਹੈ। ਐੱਸ.ਐੱਸ.ਪੀ ਬਠਿੰਡਾ ਅਮਨੀਤ ਕੌਂਡਲ ਨੇ ਪ੍ਰੈਸ ਕਾਨਫ਼ਰੰਸ ਕਰਕੇ ਇਸ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋ ਦੀ ਟਰੈਵਲ ਹਿਸਟਰੀ ਚੈੱਕ ਕੀਤੀ ਗਈ ਤਾਂ ਪਤਾ ਲੱਗਿਆ ਕਿ ਜਿਸ ਸਮੇਂ ਇਹਨਾਂ ਵੱਲੋਂ ਉਸ ਮਹਿਲਾ ਦਾ ਕਤਲ ਕੀਤਾ ਗਿਆ ਸੀ ਉਸ ਸਮੇਂ ਮਹਿਰੋ ਖ਼ੁਦ ਨਾਲ ਸੀ ਅਤੇ ਰਾਤ 9 ਵਜੇ ਹੀ ਉਹ ਫਲਾਈਟ ਰਾਹੀਂ ਵਿਦੇਸ਼ ਨੂੰ ਚਲਾ ਗਿਆ ਹੈ ਜਿਸਦੇ ਚਲਦੇ ਸਾਡੇ ਵੱਲੋਂ ਕੱਲ ਲੋਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਈ ਮਹਿਰੋਂ ਨੂੰ ਵਾਪਿਸ ਭਾਰਤ ਲਿਆਉਣ ਸੰਬੰਧੀ ਸੰਬੰਧਿਤ ਮੁਲਕ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਮੁਕੱਦਮੇ ਵਿਚ ਰਣਜੀਤ ਸਿੰਘ ਵਾਸੀ ਸੋਹਲ ਅਤੇ ਇਕ ਨਾਮਲੂਮ ਵਿਅਕਤੀ ਨੂੰ ਨਾਮਜਦ ਕਰਦਿਆਂ ਕੁਝ ਧਾਰਾਵਾਂ ਵਿਚ ਵੀ ਵਾਧਾ ਕੀਤਾ ਗਿਆ ਹੈ।
