ਰਿਪੁਦਮਨ ਸਿੰਘ ਰੂਪ ਦੀਆਂ ਦੇਸੀ-ਵਿਦੇਸ਼ੀ ਯਾਤਰਾਵਾਂ ਦੀ ਪੁਸਤਕ ‘ਪੰਛੀ ਝਾਤ’ ਹੋਈ ਲੋਕ-ਅਰਪਣ

Published on: June 15, 2025 8:30 pm

ਸਾਹਿਤ


ਮੋਹਾਲੀ: 15 ਜੂਨ, ਦੇਸ਼ ਕਲਿੱਕ ਬਿਓਰੋ

ਪ੍ਰਗਤੀਸ਼ੀਲ ਲੇਖਕ ਸੰਘ, ਚੰਡੀਗੜ੍ਹ (ਪ. ਲ. ਸ) ਅਤੇ ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋਂ ਉੱਘੇ ਬਜ਼ੁਰਗ ਲੇਖਕ ਸ਼੍ਰੀ ਰਿਪੁਦਮਨ ਸਿੰਘ ਰੂਪ ਦਾ ਯਾਤਰਾ ਸੰਸਮਰਣ ‘ਪੰਛੀ ਝਾਤ’ ਉਹਨਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਉਹਨਾਂ ਦੇ ਗ੍ਰਹਿ ਮੋਹਾਲੀ ਵਿਖੇ ਲੋਕ-ਅਰਪਣ ਕੀਤਾ ਗਿਆ।ਇਸ ਸਮਾਗਮ ਵਿੱਚ ਹਫ਼ਤਾਵਾਰੀ ਆਨ ਲਾਈਨ ਪਰਚੇ “ਸੈਵਨਥ ਰਿਵਰ” ਦੇ ਸੰਪਾਦਕ ਕੈਲਗਰੀ ਵਾਸੀ ਹਰਕੰਵਲ ਸਾਹਿਲ ਅਤੇ ਰੰਗਮੰਚ ਤੇ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਕੁਕੂ ਦੀਵਾਨ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ।
‘ਪੰਛੀ ਝਾਤ’ ਬਾਰੇ ਗੱਲ ਕਰਦਿਆਂ ਪ. ਲ. ਸ, ਚੰਡੀਗੜ੍ਹ ਦੇ ਪ੍ਰਧਾਨ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਸ਼੍ਰੀ ਰੂਪ ਦੀਆਂ ਯਾਤਰਾਵਾਂ ਵਿੱਚ ਮਹਿਜ ਥਾਵਾਂ ਦਾ ਸਪਾਟ ਜਾਂ ਭੂਗੋਲਿਕ ਵਰਣਨ ਨਹੀਂ ਸਗੋਂ ਉਹਨਾਂ ਇਲਾਕਿਆਂ ਦੇ ਸਮਾਜਿਕ, ਰਾਜਸੀ ਅਤੇ ਆਰਥਿਕ ਸਰੋਕਾਰਾਂ ਬਾਰੇ ਵੀ ਸਪਸ਼ਟ ਨਿਸ਼ਆਨਦੇਹੀ ਹੈ।

ਸ਼ਾਇਰ ਤੇ ਵਾਰਤਕਕਾਰ ਜਗਦੀਪ ਸਿੱਧੂ ਨੇ ਕਿਹਾ ਕਿ ਲੇਖਕ ਦੇ ਪਹਿਲਾਂ ਕਹਾਣੀ ਤੇ ਕਵਿਤਾ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਉਹਨਾਂ ਦੇ ਇਸ ‘ਯਾਤਰਾ ਸੰਸਮਰਣ’ ਵਿਚ ਕਵਿਤਾ ਦਾ ਅਨੁਸਾਸ਼ਨ ਅਤੇ ਕਹਾਣੀ ਦੀ ਬਣਤਰ ਹੈ; ਇਸ ਤਰ੍ਹਾਂ ਦੀਆਂ ਲਿਖਤਾਂ ਇਤਿਹਾਸਕ ਦਸਤਾਵੇਜ਼ ਦੋ ਤੌਰ ‘ਤੇ ਕੰਮ ਆਉਂਦੀਆਂ ਨੇ। ਲੇਖਕ ਇਸ ਉਮਰ ਵਿਚ ਵੀ ਕਾਰਜ਼ਸ਼ੀਲ ਹੈ, ਇਸ ਪੁਸਤਕ ਦਾ ਸੁਆਗਤ ਕਰਨਾ ਬਣਦਾ ਹੈ।

ਸ਼੍ਰੀ ਹਰਕੰਵਲ ਸਾਹਿਲ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਹਰਿਕ ਸਾਹਿਤਕ ਰੂਪ ਦਾ ਇਕ ਵਿਲੱਖਣ ਗੁਣ ਅਤੇ ਮਹੱਤਵ ਹੁੰਦਾ ਹੈ।’ਯਾਤਰਾਵਾਂ’ ਵਿੱਚ ਤੁਸੀਂ ਸਮੇਂ ਨੂੰ ਸ਼ਬਦਾਂ ‘ਚ ਬੰਨ੍ਹ ਕੇ ਰੱਖ ਦਿੰਦੇ ਹੋ। ਉਹਨਾਂ ਅਗਾਂਹ ਕਿਹਾ ਕਿ ਕਿਤਾਬ ਦੀ ਭਾਸ਼ਾ ਸਰਲ ਅਤੇ ਪਾਠਕ ਨੂੰ ਨਾਲ ਤੋਰਨ ਵਾਲ਼ੀ ਹੈ।

ਇਸ ਉਪਰੰਤ ਉੱਘੇ ਨਾਟਕਕਾਰ ਤੇ ਸ਼੍ਰੀ ਰੂਪ ਦੇ ਵੱਡੇ ਸਪੁੱਤਰ ਸੰਜੀਵਨ ਸਿੰਘ ਹੋਰਾਂ ਨੇ ਸਾਰੇ ਆਏ ਦੋਸਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ‘ਯਾਤਰਾ ਸੰਸਮਰਣ’ ਵਿੱਚ ਉਹਨਾਂ ਦੇ ਛੋਟੇ ਭਰਾ ਰੰਜੀਵਨ ਦਾ ਮਹੱਤਵਪੂਰਨ ਯੋਗਦਾਨ ਹੈ; ਉਹ ਹੀ ਇਸ ਉਮਰ ਵਿਚ ਉਹਨਾਂ ਦੀ ਸੰਗਤ ਕਰਦੇ ਸਨ। ਉਹਨਾਂ ਅਗਾਂਹ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਬਾਕੀ ਪੁਸਤਕਾਂ ਵਾਂਗ ਹੀ ਇਸ ਕਿਤਾਬ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲੇਗਾ। ਇਸ ਸਮਾਗਮ ਦਾ ਸੰਚਾਲਨ ਉੱਘੇ ਲੇਖਕ ਤੇ ਵਕੀਲ ਰੰਜੀਵਨ ਸਿੰਘ ਵੱਲੋਂ ਬਾਖ਼ੂਬੀ ਕੀਤਾ ਗਿਆ। ਇਸ ਸਮਾਰੋਹ ਵਿਚ ਪਾਠਕਾਂ ਤੋਂ ਇਲਾਵਾ ਪਰਿਵਾਰਿਕ ਮੈਂਬਰ ਮੌਜੂਦ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।