ਵਿਸ਼ਵ ਭੋਜਨ ਸੁਰੱਖਿਆ ਦਿਵਸ ਸਮਾਗਮ ‘ਚ ਸਿਹਤ ਮੰਤਰੀ ਨੇ ਕੁਦਰਤੀ ਭੋਜਨ ਅਭਿਆਸਾਂ ਨੂੰ ਅਪਣਾਉਣ ‘ਤੇ ਦਿੱਤਾ ਜ਼ੋਰ

ਪੰਜਾਬ

ਐਫ.ਡੀ.ਏ. ਵੱਲੋਂ ਪੰਜਾਬ ਦੇ ਹਰ ਨਾਗਰਿਕ ਲਈ ਸ਼ੁੱਧ ਅਤੇ ਮਿਲਾਵਟ ਰਹਿਤ ਭੋਜਨ  ਯਕੀਨੀ ਬਣਾਇਆ ਜਾਵੇ: ਡਾ. ਬਲਬੀਰ ਸਿੰਘ

ਸਿਹਤ ਮੰਤਰੀ ਨੇ ਲੋਕਾਂ ਨੂੰ ਮੋਬਾਈਲ ਫੂਡ ਟੈਸਟਿੰਗ ਵੈਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਆ

ਚੰਡੀਗੜ੍ਹ, 18 ਜੂਨ, ਦੇਸ਼ ਕਲਿੱਕ ਬਿਓਰੋ :

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਿਹਤਮੰਦ ਸਮਾਜ ਸਿਰਜਣ ਅਤੇ ਸੂਬੇ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਉਦੇਸ਼ ਨਾਲ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਬੁੱਧਵਾਰ ਨੂੰ ਕੁਦਰਤੀ ਖੇਤੀ ਅਭਿਆਸਾਂ ਵੱਲ ਮੁੜ ਪਰਤਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲੇ ਸਮਿਆਂ ਵਿੱਚ  ਰਸਾਇਣਕ ਕੀਟਨਾਸ਼ਕਾਂ ਅਤੇ ਖਾਦਾਂ ਨੂੰ ਬਿਨਾਂ ਵਰਤਿਆਂ   ਫਸਲਾਂ ਦੇ ਵਾਧੇ ਅਤੇ ਪੌਸ਼ਟਿਕ ਭੋਜਨ ਪੈਦਾ ਕਰਨ ਲਈ ਖੇਤਾਂ ਵਿੱਚ ਗੰਡੋਏ ਅਤੇ ਡੱਡੂ ਹੀ ਕੁਦਰਤੀ ਖਾਦ  ਵਜੋਂ ਕੰਮ ਕਰਦੇ ਸਨ ।

ਸਿਹਤ ਮੰਤਰੀ, ਫੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ (ਐਫ.ਡੀ.ਏ.) ਪੰਜਾਬ ਵੱਲੋਂ ‘ਵਿਸ਼ਵ ਫੂਡ ਸੇਫਟੀ ਡੇ-2025’ ਮਨਾਉਣ ਲਈ  ਇਸ ਸਾਲ ਦੇ ਗਲੋਬਲ ਥੀਮ ‘‘ਫੂਡ ਸੇਫਟੀ: ਸਾਇੰਸ ਇਨ ਐਕਸ਼ਨ’’  ਤਹਿਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।  ਮਹਾਤਮਾ ਗਾਂਧੀ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ (ਮਗਸੀਪਾ) ਵਿਖੇ ਕਰਵਾਏ ਇਸ ਸਮਾਗਮ ਵਿੱਚ ਮਾਹਿਰਾਂ ਦੀ ਅਗਵਾਈ ਵਾਲੇ ਕਈ ਸੈਸ਼ਨ ਕਰਵਾਏ ਗਏ, ਜਿਸ ਦੌਰਾਨ ਪੰਜਾਬ ਦੇ ਸੰਦਰਭ ਵਿੱਚ ਫੂਡ ਸੇਫਟੀ ਦੇ ਵੱਖ-ਵੱਖ ਪਹਿਲੂਆਂ ’ਤੇ ਚਾਨਣਾ ਪਾਇਆ ਗਿਆ।

ਆਪਣੇ ਸੰਬੋਧਨ ਦੌਰਾਨ ਮਿੱਟੀ ਦੀ ਸਿਹਤ ਅਤੇ ਮਨੁੱਖੀ ਤੰਦਰੁਸਤੀ ਦਰਮਿਆਨ ਪਰਸਪਰ ਸਬੰਧਾਂ ’ਤੇ ਜ਼ੋਰ ਦਿੰਦੇ ਹੋਏ, ਡਾ. ਬਲਬੀਰ ਸਿੰਘ ਨੇ ਤਾਜ਼ੇ ਅਤੇ ਜੈਵਿਕ ਭੋਜਨ ਦੀ ਵਕਾਲਤ ਕੀਤੀ ਅਤੇ ਇਸਨੂੰ ਚੰਗੀ ਸਿਹਤ ਦਾ ਆਧਾਰ ਦੱਸਿਆ। ਸਾਫ਼-ਸੁਥਰੇ ਖਾਣ-ਪੀਣ ਪ੍ਰਤੀ ਆਪਣੀ ਨਿੱਜੀ ਵਚਨਬੱਧਤਾ ਸਾਂਝੀ ਕਰਦੇ ਹੋਏ, ਉਨ੍ਹਾਂ ਦੱਸਿਆ ਕਿ ਰਸਾਇਣ-ਮੁਕਤ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਲਈ ਉਹ ਖੁਦ ਆਪਣੇ ਘਰ ਵਿੱਚ ਬਾਗਬਾਨੀ  ਕਰਦੇ ਹਨ। ਉਨ੍ਹਾਂ ਨੇ ਗੰਦਗੀ ਅਤੇ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਸਾਫ਼-ਸੁਥਰਾ ਖਾਣਾ ਪਕਾਉਣ ਅਤੇ ਪੌਸ਼ਟਿਕ ਭੋਜਨ ਤਿਆਰ ਕਰਨ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।

ਫੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ (ਐਫ.ਡੀ.ਏ.) ਦੀ ਜ਼ਿੰਮੇਵਾਰੀ ਨੂੰ ਰੇਖਾਂਕਿਤ ਕਰਦੇ ਹੋਏ ਮੰਤਰੀ ਨੇ ਅਧਿਕਾਰੀਆਂ ਨੂੰ, ਲੈਬਜ਼ ਨੂੰ ਅਪਗ੍ਰੇਡ ਕਰਨ ਅਤੇ ਮਿਲਾਵਟਖੋਰੀ ਵਿਰੁੱਧ ਸਖ਼ਤ ਕਵਾਇਦਾਂ ਨੂੰ ਯਕੀਨੀ ਬਣਾ ਕੇ ਫੂਡ ਸੇਫਟੀ ਵਿਧੀਆਂ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜੋਰ ਦੇ ਕੇ ਕਿਹਾ, ‘‘ਸਿਰਫ਼ ਭੋਜਨ ਦੇ ਨਮੂਨੇ ਇਕੱਠੇ ਕਰਨਾ ਕਾਫ਼ੀ ਨਹੀਂ ਹੈ; ਐਫਡੀਏ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਨਾਗਰਿਕ ਨੂੰ ਸ਼ੁੱਧ ਅਤੇ ਮਿਲਾਵਟ ਰਹਿਤ ਭੋਜਨ ਮਿਲੇ,’’ । ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਭੋਜਨ ਵਿਕਰੇਤਾਵਾਂ ਨੂੰ ਸਫਾਈ ਦੇ ਮਿਆਰ ਬਣਾਈ ਰੱਖਣ ਲਈ  ਨਿਯਮਤ ਰੂਪ ਵਿੱਚ ਜਾਗਰੂਕਤਾ ਮੁਹਿੰਮਾਂ ਚਲਾਉਂਦੇ ਰਹਿਣ।

ਲੋਕਾਂ ਨੂੰ, ਭੋਜਨ ਸੁਰੱਖਿਆ  ਯਕੀਨੀ ਬਣਾਉਣ ਲਈ ਸਸ਼ਕਤ ਬਣਾਉਣ  ਦੇ ਮੱਦੇਨਜ਼ਰ ਡਾ. ਬਲਬੀਰ ਸਿੰਘ ਨੇ ਉਨ੍ਹਾਂ ਨੂੰ ਮੋਬਾਈਲ ਫੂਡ ਟੈਸਟਿੰਗ ਵੈਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਆ, ਜਿਨ੍ਹਾਂ ਵਿੱਚ ਦੁੱਧ, ਪਨੀਰ, ਮਸਾਲੇ ਅਤੇ ਹੋਰ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੇ 150 ਤੋਂ ਵੱਧ ਮਾਪਦੰਡਾਂ ਦੀ ਜਾਂਚ ਕਰਨ ਦੀ ਸਹੂਲਤ ਹੈ। ਉਨ੍ਹਾਂ ਕਿਹਾ, ‘‘ਇਹ ਵੈਨਾਂ ਭੋਜਨ ਮਿਲਾਵਟ ਵਿਰੁੱਧ ਸਾਡੀ ਲੜਾਈ ਵਿੱਚ ਇੱਕ ਮਹੱਤਵਪੂਰਨ ਸਾਧਨ ਹਨ – ਮੈਂ ਹਰੇਕ ਵਿਅਕਤੀ ਨੂੰ ਆਪਣੇ ਭੋਜਨ ਦੀ ਜਾਂਚ ਕਰਵਾਉਣ ਦੀ ਅਪੀਲ ਕਰਦਾ ਹਾਂ,’’।  

ਮੰਤਰੀ ਨੇ ਸੰਤੁਲਿਤ ਖੁਰਾਕ ਅਤੇ ਸੂਚਿਤ ਖੁਰਾਕ ਵਿਕਲਪਾਂ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ, ਐਫਡੀਏ ਨੂੰ ਪੋਸ਼ਣ ਤੇ ਅਧਾਰਤ ਜਨਤਕ ਸਿੱਖਿਆ ਮੁਹਿੰਮਾਂ ਅਤੇ ਸਰਕਾਰੀ ਸਿਹਤ ਪਹਿਲਕਦਮੀਆਂ ਵਿੱਚ  ਤੇਜ਼ੀ ਲਿਆਉਣ ਦੀ ਵੀ ਅਪੀਲ ਕੀਤੀ।

ਆਪਣੇ ਸਮਾਪਤੀ ਸੰਬੋਧਨ ਵਿੱਚ ਡਾ. ਬਲਬੀਰ ਸਿੰਘ ਨੇ ਸਾਰੇ ਪੰਜਾਬੀਆਂ ਨੂੰ ‘‘ਸਹੀ ਖਾਓ, ਸਿਹਤਮੰਦ ਰਹੋ’’ ਵਾਲੀ ਪਹੁੰਚ ਅਪਣਾਉਣ ਅਤੇ ਇੱਕ ਸਿਹਤਮੰਦ ਅਤੇ ਰਿਸ਼ਟਪੁਸ਼ਟ ਪੰਜਾਬ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਇਸ ਤੋਂ ਪਹਿਲਾਂ, ਕਮਿਸ਼ਨਰ ਐਫਡੀਏ,ਪੰਜਾਬ ਦਿਲਰਾਜ ਸਿੰਘ ਨੇ ਵਿਗਿਆਨਕ ਲਾਗੂਕਰਨ ਅਤੇ ਜਨਤਕ ਜਾਗਰੂਕਤਾ ਰਾਹੀਂ ਭੋਜਨ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਵਿਭਾਗ ਦੇ ਚੱਲ ਰਹੇ ਯਤਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਗਡਵਾਸੂ ਦੇ ਵਾਈਸ ਚਾਂਸਲਰ ਡਾ. ਜੇ.ਪੀ.ਐਸ. ਗਿੱਲ ਨੇ ਆਪਣੇ ਸੰਬੋਧਨ ਦੌਰਾਨ ਲੰਬੇ ਸਮੇਂ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਸਥਾਨਕ ਭੋਜਨ ਪ੍ਰਣਾਲੀਆਂ ਨਾਲ ਵਿਗਿਆਨਕ ਅਭਿਆਸਾਂ ਦੇ ਸੁਮੇਲ ’ਤੇ ਜ਼ੋਰ ਦਿੱਤਾ।

ਪੀਜੀਆਈ ਚੰਡੀਗੜ੍ਹ ਤੋਂ ਡਾ. ਪੂਨਮ ਖੰਨਾ ਨੇ ਪੰਜਾਬ ਵਿੱਚ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਪੋਸ਼ਣ ਸਥਿਤੀ ਬਾਰੇ ਅੰਕੜੇ ਪੇਸ਼ ਕੀਤੇ, ਜਦੋਂ ਕਿ ਸਿਹਤ ਸੇਵਾਵਾਂ ਡਾਇਰੈਕਟੋਰੇਟ, ਪੰਜਾਬ ਤੋਂ ਡਾ. ਨਿਹਾਰਿਕਾ ਨੇ ਸੂਬੇ ਵਿੱਚ ਪੋਸ਼ਣ ਰਹਿਤ ਭੋਜਨ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਪ੍ਰਸਾਰ ਅਤੇ ਪ੍ਰਬੰਧਨ ਬਾਰੇ ਵਿਚਾਰ ਚਰਚਾ ਕੀਤੀ। ਗਡਵਾਸੂ ਦੇ ਸਹਾਇਕ ਪ੍ਰੋਫੈਸਰ ਡਾ. ਮਨਵੇਸ਼ ਨੇ ਦੁੱਧ ਅਤੇ ਦੁੱਧ ਉਤਪਾਦਾਂ ਵਿੱਚ ਮਿਲਾਵਟਖੋਰੀ  ਸਬੰਧੀ ਚਿੰਤਾਵਾਂ ਤੋਂ ਜਾਣੂ ਕਰਵਾਇਆ ਅਤੇ ਇਸਨੂੰ ਵਿੱਚ ਭੋਜਨ ਸੁਰੱਖਿਆ ਸਬੰਧੀ ਇੱਕ ਪ੍ਰਮੁੱਖ ਮੁੱਦਾ ਦੱਸਿਆ।

ਫੂਡ ਇੰਡਸਟਰੀ ਦੇ ਨੁਮਾਇੰਦਿਆਂ ਨੇ ਵੀ ਇਸ ਪ੍ਰੋਗਰਾਮ ਦੌਰਾਨ ਵਡਮੁੱਲੇ ਪੱਖ ਪੇਸ਼ ਕੀਤੇ, ਜਿਸ ਵਿੱਚ ਪੈਪਸੀਕੋ  ਡਾਇਰੈਕਟਰ (ਸਾਇੰਟੀਫਿਕ ਅਤੇ ਰੈਗੂਲੇਟਰੀ ) ਸ਼ਮਿੰਦਰ ਪਾਲ ਸਿੰਘ ਅਤੇ ਨਿਕ ਬੇਕਰਜ਼ ਦੇ ਮੈਨੇਜਿੰਗ ਡਾਇਰੈਕਟਰ ਵਿਨੋਦ ਮਿੱਤਲ ਨੇ ਭੋਜਨ ਸੁਰੱਖਿਆ ਸਬੰਧੀ ਮਿਆਰਾਂ ਨੂੰ ਕਾਇਮ ਰੱਖਣ ਵਿੱਚ ਉਦਯੋਗ ਦੀਆਂ ਭੂਮਿਕਾਵਾਂ ਅਤੇ ਪਹਿਲਕਦਮੀਆਂ ਨੂੰ ਉਜਾਗਰ ਕੀਤਾ। ਇਸ ਸਮਾਗਮ ਦੌਰਾਨ ਹੈਲਦੀ ਅਰਥ ਦੇ ਮਿਲੇਟਸ-ਅਧਾਰਤ ਭੋਜਨ ਉੱਦਮੀਆਂ ਨਾਲ ਇੱਕ ਦਿਲਚਸਪ ਸੈਸ਼ਨ ਅਤੇ ਅੰਤਰਰਾਸ਼ਟਰੀ ਪੱਧਰ ਮਸ਼ਹੂਰ ਸ਼ੈੱਫ ਵਿਕਾਸ ਖੰਨਾ ਵੱਲੋਂ ਇੱਕ ਵਿਸ਼ੇਸ਼  ਗੱਲਬਾਤ ਵੀ ਕੀਤੀ ਗਈ।

ਇਸ ਸਮਾਗਮ ਵਿੱਚ ਚੇਅਰਮੈਨ ਫੂਡ ਕਮਿਸ਼ਨ ਪੰਜਾਬ ਬਾਲ ਮੁਕੰਦ ਸ਼ਰਮਾ, ਜੁਆਇੰਟ ਕਮਿਸ਼ਨਰ ਫੂਡ ਸੇਫਟੀ ਡਾ. ਅਮਿਤ ਜੋਸ਼ੀ ਅਤੇ ਡਾਇਰੈਕਟਰ ਲੈਬਜ਼ ਫੂਡ ਸੇਫਟੀ ਪੰਜਾਬ ਰਵਨੀਤ ਕੌਰ ਸਮੇਤ ਹੋਰ ਪਤਵੰਤੇ ਸ਼ਾਮਲ ਹੋਏ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।