ਟਰੰਪ ਪ੍ਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਅਕਾਊਂਟ ਸੰਬੰਧੀ ਸੁਣਾਇਆ ਨਵਾਂ ਫਰਮਾਨ

ਸਿੱਖਿਆ \ ਤਕਨਾਲੋਜੀ


ਵਾਸਿੰਗਟਨ, 19 ਜੂਨ, ਦੇਸ਼ ਕਲਿਕ ਬਿਊਰੋ :
ਅਮਰੀਕੀ ਵਿਦੇਸ਼ ਵਿਭਾਗ ਨੇ ਐਲਾਨ ਕੀਤਾ ਕਿ ਵਿਦੇਸ਼ੀ ਵਿਦਿਆਰਥੀਆਂ ਲਈ ਵਿਦਿਆਰਥੀ ਵੀਜ਼ਾ ਪ੍ਰਕਿਰਿਆ ਦੁਬਾਰਾ ਸ਼ੁਰੂ ਹੋ ਰਹੀ ਹੈ, ਪਰ ਹੁਣ ਸਾਰੇ ਬਿਨੈਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਨੂੰ ਜਨਤਕ ਕਰਨਾ ਹੋਵੇਗਾ ਅਤੇ ਸਰਕਾਰੀ ਜਾਂਚ ਲਈ ਖੋਲ੍ਹਣਾ ਹੋਵੇਗਾ।
ਵਿਭਾਗ ਨੇ ਕਿਹਾ ਕਿ ਅਧਿਕਾਰੀ ਉਨ੍ਹਾਂ ਪੋਸਟਾਂ ਅਤੇ ਸੰਦੇਸ਼ਾਂ ਦੀ ਜਾਂਚ ਕਰਨਗੇ ਜੋ ਅਮਰੀਕੀ ਸਰਕਾਰ, ਸੱਭਿਆਚਾਰ, ਸੰਸਥਾਵਾਂ ਜਾਂ ਮੁੱਖ ਸਿਧਾਂਤਾਂ ਲਈ ਅਪਮਾਨਜਨਕ ਹੋ ਸਕਦੀਆਂ ਹਨ। ਜਿਹੜੇ ਬਿਨੈਕਾਰ ਆਪਣੇ ਸੋਸ਼ਲ ਮੀਡੀਆ ਖਾਤਿਆਂ ਨੂੰ ਜਨਤਕ ਕਰਨ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਦੀ ਵੀਜ਼ਾ ਅਰਜ਼ੀ ਰੱਦ ਕੀਤੀ ਜਾ ਸਕਦੀ ਹੈ।
ਪਿਛਲੇ ਮਹੀਨੇ ਟਰੰਪ ਪ੍ਰਸ਼ਾਸਨ ਨੇ ਨਵੇਂ ਵੀਜ਼ਾ ਇੰਟਰਵਿਊ ਅਸਥਾਈ ਤੌਰ ‘ਤੇ ਰੋਕ ਦਿੱਤੇ ਸਨ ਅਤੇ ਸੋਸ਼ਲ ਮੀਡੀਆ ਜਾਂਚ ਵਧਾਉਣ ਦੀ ਤਿਆਰੀ ਕਰ ਰਿਹਾ ਸੀ। ਇਸ ਕਾਰਨ ਦੁਨੀਆ ਭਰ ਦੇ ਵਿਦਿਆਰਥੀ ਵੀਜ਼ਾ ਇੰਟਰਵਿਊ ਦੀਆਂ ਤਰੀਕਾਂ ਦੀ ਉਡੀਕ ਕਰ ਰਹੇ ਸਨ।

ਅਧਿਕਾਰੀਆਂ ਮੁਤਾਬਕ, ਵੀਜ਼ਾ ਦੀ ਪ੍ਰਕਿਰਿਆ ਵਿੱਚ ਹੁਣ ਚਾਹਵਾਨ ਵਿਦਿਆਰਥੀਆਂ ਦੇ ਵੀਜ਼ੇ ਲਈ ਸੋਸ਼ਲ ਮੀਡੀਆ ਦੀ ਜਾਂਚ ਵੀ ਇਕ ਅਹਿਮ ਭੂਮਿਕਾ ਨਿਭਾਏਗੀ। ਵਿਦੇਸ਼ ਮੰਤਰਾਲੇ ਨੇ ਸਾਫ਼ ਕੀਤਾ ਹੈ ਕਿ ਅਧਿਕਾਰੀ ਅਜਿਹੇ ਸੋਸ਼ਲ ਮੀਡੀਆ ਅਕਾਊਂਟਸ, ਪੋਸਟਾਂ ਅਤੇ ਮੈਸੇਜਾਂ ਦੀ ਜਾਂਚ ਕਰਨਗੇ ਜੋ ਅਮਰੀਕਾ ਸਰਕਾਰ, ਨਾਗਰਿਕਾਂ, ਸੱਭਿਆਚਾਰਕ ਸੰਸਥਾਵਾਂ ਜਾਂ ਦੇਸ਼ ਦੇ ਮੂਲ ਸਿਧਾਂਤਾਂ ਦੇ ਖਿਲਾਫ਼ ਹੋ ਸਕਦੇ ਹਨ। ਮੰਤਰਾਲੇ ਦੇ ਬਿਆਨ ਅਨੁਸਾਰ, “ਇਸ ਸੋਸ਼ਲ ਮੀਡੀਆ ਸਕ੍ਰੀਨਿੰਗ ਰਾਹੀਂ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਹਰ ਵਿਅਕਤੀ ਦੀ ਪੂਰੀ ਤਰ੍ਹਾਂ ਜਾਂਚ ਹੋਵੇ ਅਤੇ ਉਹ ਕਿਸੇ ਵੀ ਤਰੀਕੇ ਨਾਲ ਦੇਸ਼ ਦੀ ਸੁਰੱਖਿਆ ਜਾਂ ਮੂਲ ਨੀਤੀਆਂ ਲਈ ਖ਼ਤਰਾ ਨਾ ਬਣੇ।

ਅਮਰੀਕਾ ਦੇ ਇਸ ਫੈਸਲੇ ਨਾਲ ਅਮਰੀਕਾ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਇੱਕ ਵਾਰ ਫਿਰ ਰਾਹ ਖੁਲਦਾ ਨਜ਼ਰ ਆ ਰਿਹਾ ਹੈ, ਪਰ ਉਨ੍ਹਾਂ ਨੂੰ ਹੁਣ ਆਪਣੇ ਸੋਸ਼ਲ ਮੀਡੀਆ ਰਿਕਾਰਡ ਦੀ ਸਫਾਈ ਅਤੇ ਉਚਿਤ ਵਰਤੋਂ ਦੀ ਵੀ ਪੂਰੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਇਹ ਨਵਾਂ ਨਿਯਮ ਸੰਭਾਵਨਾ ਹੈ ਕਿ ਕਈ ਉਮੀਦਵਾਰਾਂ ਲਈ ਚੁਣੌਤੀ ਵੀ ਬਣ ਸਕਦਾ ਹੈ, ਖ਼ਾਸ ਕਰਕੇ ਜਿਨ੍ਹਾਂ ਦੇ ਅਕਾਊਂਟਸ ਉੱਤੇ ਵਿਵਾਦਤ ਜਾਂ ਸੁਰੱਖਿਆ ਸਬੰਧੀ ਸਮੱਗਰੀ ਸ਼ੇਅਰ ਕੀਤੀ ਗਈ ਹੋਵੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।