ਹਰ ਸ਼ੁਕਰਵਾਰ ‘ਡੇਂਗੂ ‘ਤੇ ਵਾਰ’: ਪਲਾਂਟ ਨਰਸਰੀਆਂ, ਉਸਾਰੀ ਸਾਈਟਾਂ ਅਤੇ ਖਾਲੀ ਪਲਾਟਾਂ ‘ਚ ਜਾਗਰੂਕਤਾ ਮੁਹਿੰਮ

ਸਿਹਤ

ਸਿਵਲ ਸਰਜਨ ਡਾ ਰਣਜੀਤ ਸਿੰਘ ਰਾਏ ਵੱਲੋਂ ਜਾਗਰੂਕਤਾ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ 

  ਮਾਨਸਾ, 20 ਜੂਨ, ਦੇਸ਼ ਕਲਿੱਕ ਬਿਓਰੋ

ਜ਼ਿਲ੍ਹੇ ਵਿੱਚ ਡੇਂਗੂ ਦੇ ਵਧਦੇ ਖਤਰੇ ਨੂੰ ਠੱਲ੍ਹ ਪਾਉਣ ਲਈ, ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਤਹਿਤ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਅੱਜ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਜ਼ਿਲ੍ਹਾ ਐਪੀਡਮੋਲੋਜਿਸਟ ਸੰਤੋਸ਼ ਭਾਰਤੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਿਹਤ ਟੀਮਾਂ ਵੱਲੋਂ ਵੱਖ ਵੱਖ ਏਰੀਏ ਵਿੱਚ ਜਾ ਕੇ ਡੇਂਗੂ ਦੀ ਰੋਕਥਾਮ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। 

   ਬਲਾਕ ਖਿਆਲਾ ਕਲਾਂ ਵਿਖੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਮਨਦੀਪ ਸਿੰਘ ਦੀ ਅਗਵਾਈ ਵਿੱਚ ਟੀਮਾਂ ਨੇ ਪਲਾਂਟ ਨਰਸਰੀਆਂ, ਨਿਰਮਾਣ ਅਧੀਨ ਉਸਾਰੀ ਸਾਈਟਾਂ ਅਤੇ ਇਲਾਕੇ ਦੇ ਵੱਖ-ਵੱਖ ਖਾਲੀ ਪਲਾਟਾਂ ਦਾ ਦੌਰਾ ਕੀਤਾ। 

   ਸਿਹਤ ਸੁਪਰਵਾਈਜ਼ਰ ਜਗਦੀਸ਼ ਸਿੰਘ ਅਤੇ ਗੁਰਜੰਟ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਥਾਵਾਂ ‘ਤੇ ਪਾਣੀ ਖੜ੍ਹਾ ਰਹਿਣ ਦੇ ਕਈ ਸਰੋਤ ਹੋਣ ਕਾਰਨ ਡੇਂਗੂ ਮੱਛਰ ਦੇ ਲਾਰਵੇ ਪੈਦਾ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਟੀਮਾਂ ਨੇ ਨਰਸਰੀਆਂ ਵਿੱਚ ਗਮਲਿਆਂ ਹੇਠ ਰੱਖੀਆਂ ਟ੍ਰੇਆਂ, ਪਾਣੀ ਦੀਆਂ ਟੈਂਕੀਆਂ, ਉਸਾਰੀ ਸਾਈਟਾਂ ‘ਤੇ ਪਏ ਪਾਣੀ ਦੇ ਭਾਂਡਿਆਂ, ਟਾਇਰਾਂ ਅਤੇ ਖਾਲੀ ਪਲਾਟਾਂ ਵਿੱਚ ਇਕੱਠੇ ਹੋਏ ਪਾਣੀ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਦੌਰਾਨ, ਮੱਛਰ ਪੈਦਾ ਹੋਣ ਤੋਂ ਰੋਕਣ ਲਈ ਖੜ੍ਹੇ ਪਾਣੀ ਵਿੱਚ ਕਾਲਾ ਤੇਲ ਵੀ ਪਵਾਇਆ ਗਿਆ।

   ਮੁਹਿੰਮ ਦੌਰਾਨ, ਲੋਕਾਂ ਨੂੰ ਡੇਂਗੂ ਦੇ ਲੱਛਣਾਂ, ਇਸ ਤੋਂ ਬਚਾਅ ਦੇ ਤਰੀਕਿਆਂ ਅਤੇ ਜ਼ਰੂਰੀ ਸਾਵਧਾਨੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸਿਹਤ ਕਰਮਚਾਰੀਆਂ ਨੇ ਘਰਾਂ ਅਤੇ ਆਲੇ-ਦੁਆਲੇ ਸਾਫ਼-ਸਫ਼ਾਈ ਰੱਖਣ, ਕਿਤੇ ਵੀ ਪਾਣੀ ਜਮ੍ਹਾਂ ਨਾ ਹੋਣ ਦੇਣ, ਕੂਲਰਾਂ ਦਾ ਪਾਣੀ ਹਫ਼ਤੇ ਵਿੱਚ ਇੱਕ ਵਾਰ ਬਦਲਣ ਅਤੇ ਉਨ੍ਹਾਂ ਨੂੰ ਸੁਕਾਉਣ, ਪੰਛੀਆਂ ਦੇ ਪੀਣ ਵਾਲੇ ਪਾਣੀ ਦੇ ਬਰਤਨ ਰੋਜ਼ਾਨਾ ਸਾਫ਼ ਕਰਨ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ।

   ਸਿਹਤ ਕਰਮਚਾਰੀਆਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਇਸ ਜਨ ਅੰਦੋਲਨ ਵਿੱਚ ਵੱਧ ਚੜ੍ਹ ਕੇ ਸਹਿਯੋਗ ਦੇਣ। ਇਸ ਮੌਕੇ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਵਿਜੈ ਕੁਮਾਰ, ਸ੍ਰੀ ਦਰਸ਼ਨ ਸਿੰਘ , ਜਸਵੀਰ ਸਿੰਘ ਸੈਕਟਰੀ ਯੂਥ ਵੈਲਫੇਅਰ ਆਈਸ਼ੋਸ਼ੇਸ਼ਨ, , ਜਸਵਿੰਦਰ ਸਿੰਘ ਸੁਪਰਵਾਈਜ਼ਰ ਮਿਉਂਸਪਲ ਕਮੇਟੀ ਮਾਨਸਾ, ਸਿਹਤ ਸੁਪਰਵਾਈਜ਼ਰ ਸੰਜੀਵ ਕੁਮਾਰ, ਸਰਬਜੀਤ ਸਿੰਘ, ਚਾਨਣ ਦੀਪ ਸਿੰਘ, ਗੁਰਦਰਸ਼ਨ ਸਿੰਘ, ਇਕਬਾਲ ਸਿੰਘ, ਤਲਵਿੰਦਰ ਸਿੰਘ, ਕੁਲਦੀਪ ਸਿੰਘ, ਜਸਕਰਨ ਸਿੰਘ, ਰੁਪਿੰਦਰ ਸਿੰਘ, ਮੱਖਣ ਸਿੰਘ, ਗੁਰਿੰਦਰਜੀਤ ਸਿੰਘ ਅਤੇ ਬਲਜੀਤ ਸਿੰਘ, ਡਾ. ਵਿਸ਼ਵਜੀਤ ਸਿੰਘ, ਹਰਪਾਲ ਕੌਰ, ਦਿਲਰਾਜ ਕੌਰ, ਸੁਖਵਿੰਦਰ ਕੌਰ, ਅਮਰਜੀਤ ਕੌਰ ਸਮੇਤ ਹੋਰ ਏ.ਐਨ.ਐਮਜ. ਆਸ਼ਾ ਵਰਕਰਾਂ , ਨਰਸਿੰਗ ਵਿਦਿਆਰਥੀ ਅਤੇ ਕੰਸਟ੍ਰਕਸ਼ਨ ਸਾਈਟਾਂ ਦੇ ਸੁਪਰਵਾਈਜ਼ਰ ਵੀ ਮੌਜੂਦ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।