ਕੀ ਹਾਲਾਤ ਤੀਜੀ ਸੰਸਾਰ ਜੰਗ ਵੱਲ ਵੱਧ ਰਹੇ ਹਨ?
ਸੁਖਦੇਵ ਸਿੰਘ ਪਟਵਾਰੀ
ਚੰਡੀਗੜ੍ਹ: 20 ਜੂਨ,
ਕੀ ਦੁਨੀਆਂ ਸਿਰ ਤੀਜੀ ਜੰਗ ਦਾ ਖਤਰਾ ਮੰਡਰਾਅ ਰਿਹਾ ਹੈ? ਇਹ ਸਵਾਲ ਪਿਛਲੇ ਇੱਕ ਹਫਤੇ ਤੋਂ ਚੱਲ ਰਹੀ ਤੇ ਹਰ ਰੋਜ਼ ਗੰਭੀਰ ਹੁੰਦੀ ਜਾ ਰਹੀ ਜੰਗ ਨੂੰ ਦੇਖਦਿਆਂ ਲੋਕਾਂ ਦੇ ਮਨਾਂ ‘ਚ ਘਰ ਕਰ ਗਿਆ ਹੈ।
ਇਜ਼ਰਾਈਲ ਵੱਲੋਂ ਹਫਤਾ ਪਹਿਲਾਂ ਇਰਾਨ ਦੇ ਪ੍ਰਮਾਣੂ ਸੋਧ ਕਾਰਖਾਨਿਆਂ ਤੇ ਫੌਜੀ ਟਿਕਾਣਿਆਂ ‘ਤੇ ਕੀਤੇ ਅਚਾਨਕ ਹਮਲੇ ਨੇ ਮੱਧ ਪੂਰਬ ਵਿੱਚ ਘਮਸਾਨ ਪੈਦਾ ਕਰ ਦਿੱਤਾ ਹੈ। ਇਰਾਨ ਨੇ ਵੀ ਜਵਾਬੀ ਹਮਲੇ ਕਰਕੇ ਇਜ਼ਰਾਈਲ ਨੂੰ ਦਿਖਾ ਦਿੱਤਾ ਹੈ ਕਿ ਉਹ ਇਜ਼ਰਾਈਲ ਤੋਂ ਦਬਣ ਵਾਲਾ ਨਹੀਂ। ਅੱਜ ਇਜ਼ਰਾਈਲ ਨੇ ਮੁੜ ਇਰਾਨ ਦੇ ਹੈਵੀ ਵਾਟਰ ਟਿਕਾਣਿਆਂ ‘ਤੇ ਹਮਲਾ ਕਰਕੇ ਕਿਹਾ ਹੈ ਕਿ ਉਹ ਇਰਾਨ ਨੂੰ ਪ੍ਰਮਾਣੂ ਬੰਬ ਬਣਾੳਣ ਤੋਂ ਰੋਕਣ ਲਈ ਅਜਿਹਾ ਕਰ ਰਿਹਾ ਹੈ।
ਇਜ਼ਰਾਈਲ ਇਰਾਨ ਜੰਗ ਕਿਉਂ ਸ਼ੁਰੂ ਹੋਈ ਅਤੇ ਇਸਦਾ ਕਦੋਂ ਅੰਤ ਹੋਵੇਗਾ, ਦੇ ਸਵਾਲ ਨੂੰ ਸਮਝਣ ਤੋਂ ਪਹਿਲਾਂ ਇਜ਼ਰਾਈਲ ਵੱਲੋਂ ਇਰਾਨ ‘ਤੇ ਹਮਲੇ ਦੀ ਵਜਾਹ ਦੇਖਣੀ ਪਵੇਗੀ। ਇਜ਼ਰਾਈਲ ਦਾ ਕਹਿਣਾ ਹੈ ਕਿ ਇਰਾਨ ਇਜ਼ਰਾਈਲ ਦੀ ਹੋਂਦ ਲਈ ਪੱਕਾ ਖਤਰਾ ਹੈ ਅਤੇ ਉਹ ਇਸ ਨੂੰ ਖਤਮ ਕਰਕੇ ਜਾਂ ਉੱਥੇ ਸਤਾਹ ਤਬਦੀਲੀ ਕਰਕੇ ਹੀ ਜੰਗ ਰੋਕੇਗਾ। ਦੂਜੇ ਪਾਸੇ ਇਰਾਨ ਦਾ ਤਰਕ ਹੈ ਕਿ ਇਜ਼ਰਾਈਲ ਅਰਬ ਖਿੱਤੇ ‘ਚ ਵੱਡਾ ਖਤਰਾ ਹੈ ਅਤੇ ਜੇਕਰ ਇਜ਼ਰਾਈਲ ਨੂੰ ਇਰਾਨ ਦੇ ਪ੍ਰਮਾਣੂ ਸ਼ਕਤੀ ਬਨਣ ਤੋਂ ਖਤਰਾ ਹੈ ਤਾਂ ਇਰਾਨ ਨੂੰ ਵੀ ਇਜ਼ਰਾਈਲ ਤੋਂ ਖਤਰਾ ਖੜ੍ਹਾ ਹੈ। ਜਿਸ ਕਰਕੇ ਇਰਾਨ ਇਜ਼ਰਾਈਲ ਅੱਗੇ ਗੋਡੇ ਨਹੀਂ ਟੇਕੇਗਾ, ਸਗੋਂ ਇਜ਼ਰਾਈਲ ਨੂੰ ਤਬਾਹ ਕਰੇਗਾ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਜ਼ਰਾਈਲ ਆਪਣੀ ਤਾਕਤ ਦੇ ਬਲਬੂਤੇ ਇਰਾਨ ‘ਤੇ ਹਮਲੇ ਕਰ ਰਿਹਾ ਹੈ ਜਾਂ ਅਸਲ ਵਿੱਚ ਉਹ ਅਮਰੀਕਾ ਦੇ ਇਸ਼ਾਰੇ ‘ਤੇ ਅਜਿਹਾ ਕਰ ਰਿਹਾ ਹੈ? ਅਮਰੀਕੀ ਰਾਸ਼ਟਰਪਤੀ ਫਿਲਮੀ ਡਾਇਅਲਾਗ ਬੋਲ ਕੇ ਇਰਾਨ ਨੂੰ ਧਮਕੀਆਂ ਦੇ ਰਹੇ ਹਨ ਕਿ ਜਾਂ ਤਾਂ ਇਰਾਨ ਆਤਮ ਸਮਰਪਣ ਕਰ ਦੇਵੇ ਨਹੀਂ ਤਾਂ ਉਹ ਇਰਾਨ ਨੂੰ ਤਬਾਹ ਕਰ ਦੇਵੇਗਾ। ਡੋਨਾਲਡ ਟਰੰਪ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਇਰਾਨ ਦੇ ਲੀਡਰ ਆਤੋਲਿਆ ਅਲੀ ਖਾਮੇਨੇਈ ਦੇ ਲੁੱਕਣ ਟਿਕਾਣੇ ਦਾ ਪਤਾ ਹੈ। ਉਹ ਜੇ ਚਾਹੇ,ਉਸ ਨੂੰ ਮਾਰ ਸਕਦੇ ਹਨ ਪਰ ਹਾਲੇ ਮਾਰਦੇ ਨਹੀਂ। ਅਮਰੀਕਾ ਵੱਲੋਂ ਇਰਾਨ ਉੱਤੇ ਹਮਲਾ ਕਰਨ ਨੂੰ ਲੈ ਕੇ ਸੰਸਾਰ ਪੱਧਰ ‘ਤੇ ਤੌਖਲੇ ਉਠਾਏ ਜਾ ਰਹੇ ਹਨ ਕਿ ਜੇਕਰ ਅਮਰੀਕਾ ਇਰਾਨ ‘ਤੇ ਹਮਲਾ ਕਰਦਾ ਹੈ ਤਾਂ ਇਸ ਦੇ ਕੀ ਪਰਿਣਾਮ ਹੋਣਗੇ? ਅਮਰੀਕਾ ਨੂੰ ਹੁਣ ਇਹ ਵੀ ਲੱਗ ਰਿਹਾ ਹੈ ਕਿ ਇਜ਼ਰਾਈਲ ਦੇ ਸਿਰ ‘ਤੇ ਉਹ ਇਰਾਨ ਨੂੰ ਤਬਾਹ ਨਹੀਂ ਕਰ ਸਕਦਾ। ਪਰ ਜੇ ਅਮਰੀਕਾ ਜੰਗ ‘ਚ ਸਿੱਧਾ ਸ਼ਾਮਲ ਹੁੰਦਾ ਹੈ ਤਾਂ ਰੂਸ ਤੇ ਚੀਨ ਦਾ ਕੀ ਰੁੱਖ ਹੋਵੇਗਾ? ਇਹ ਸਵਾਲ ਵੀ ਵੱਡਾ ਹੁੰਦਾ ਜਾ ਰਿਹਾ ਹੈ।ਹੁਣ ਤੱਕ ਅਮਰੀਕਾ ਦੇ ਅਸਰ ਹੇਠ ਚੱਲ ਰਹੇ ਮੱਧ ਪੂਰਬੀ ਅਰਬ ਦੇਸ਼ਾਂ ਦੇ ਲੋਕ ਤੇ ਸਰਕਾਰਾਂ ਵੀ ਇਜ਼ਰਾਈਲ ਵੱਲੋਂ ਇਰਾਨ ਉੱਪਰ ਕੀਤੇ ਜਾ ਰਹੇ ਹਮਲਿਆਂ ਨੂੰ ਲੈ ਕੇ ਰੁੱਖ ਬਦਲ ਰਹੇ ਹਨ।
ਸਵਾਲ ਵਾਰ ਵਾਰ ਉੱਠ ਰਿਹਾ ਹੈ ਕਿ ਇਜ਼ਰਾਈਲ ਕੀ ਆਪ ਹੀ ਇਰਾਨ ‘ਤੇ ਹਮਲਾ ਕਰ ਸਕਦਾ ਸੀ? ਅਸਲ ਸਵਾਲ ਇਹ ਹੈ ਕਿ ਅਮਰੀਕਾ ਹੀ ਇਜ਼ਰਾਈਲ ਤੋਂ ਅਜਿਹਾ ਕਰਵਾ ਰਿਹਾ ਹੈ ਤੇ ਉਹ ਇਰਾਨ ‘ਚ ਸਤਾਹ ਬਦਲੀ ਕਰਨੀ ਚਾਹੁੰਦਾ ਹੈ। ਜਿਵੇਂ ਅਮਰੀਕਾ ਨੇ ਇਰਾਕ ਕੋਲ “ਹਥਿਆਰਾਂ ਦੇ ਭੰਡਾਰ” ਹੋਣ ਦੇ ਝੂਠੇ ਦੋਸ਼ ਲਾ ਕੇ ਉੱਥੇ ਅੱਜ ਤੱਕ ਕਬਜ਼ਾ ਕਰ ਰੱਖਿਆ ਹੈ। ਦੂਜੇ ਪਾਸੇ ਸੀਰੀਆ ‘ਚ ਸਤਾਹ ਪਰਿਵਰਤਨ ਕਰ ਚੁੱਕਿਆ ਹੈ ਤੇ ਹੁਣ ਸਭ ਤੋਂ ਵੱਡੇ ਤੇਲ ਭੰਡਾਰਾਂ ‘ਤੇ ਕਬਜ਼ਾ ਕਰਨ ਹਿਤ ਇਰਾਨ ‘ਤੇ ਕਬਜ਼ਾ/ ਸਤਾਹ ਬਦਲੀ ਕਰਨੀ ਚਾਹੁੰਦਾ ਹੈ। ਪਰ ਜੇ ਅਮਰੀਕਾ ਸਿੱਧਾ ਇਰਾਨ ‘ਤੇ ਹਮਲੇ ਵਿੱਚ ਸ਼ਾਮਲ ਹੁੰਦਾ ਹੈ ਤਾਂ ਰੂਸ ਤੇ ਚੀਨ ਇਸ ਦੇ ਉਲਟ ਖੜ੍ਹ ਸਕਦੇ ਹਨ। ਉੱਤਰੀ ਕੋਰੀਆ ਨੇ ਤਾਂ ਐਲਾਨ ਕਰ ਦਿੱਤਾ ਹੈ ਕਿ ਜੇਕਰ ਅਮਰੀਕਾ ਇਰਾਨ ਤੇ ਹਮਲਾ ਕਰਦਾ ਹੈ ਤਾਂ ਉੱਤਰੀ ਕੋਰੀਆ ਇਰਾਨ ਦਾ ਸਾਥ ਦੇਵੇਗਾ।ਅੱਜ ਦੇਖਿਆਂ ਦੁਨੀਆਂ ਦੋ ਖੇਮਿਆਂ ਵਿੱਚ ਵੰਡੀ ਗਈ ਹੈ। ਇੱਕ ਖੇਮਾ ਅਮਰੀਕਾ ਦਾ ਤੇ ਦੂਜਾ ਇਰਾਨ ਦਾ ਸਾਥ ਦੇਣ ਵਾਲੇ ਰੂਸ ਤੇ ਚੀਨ ਦਾ। ਅੱਜ ਰੂਸ ਦੇ ਰਾਸ਼ਟਰਪਤੀ ਪੁਤਿਨ ਦੀ ਚੀਨ ਦੇ ਰਾਸ਼ਟਰਪਤੀ ਸੀ ਜਿਨਪਿੰਗ ਨਾਲ ਫੋਨ ‘ਤੇ ਹੋਈ ਗੱਲਬਾਤ ਤੋਂ ਬਾਅਦ ਰੂਸ ਵੱਲੋਂ ਅਮਰੀਕਾ ਨੂੰ ਹਮਲਾ ਕਰਨ ‘ਤੇ ਗੰਭੀਰ ਸਿੱਟਿਆਂ ਦੀ ਚੇਤਾਵਨੀ ਦਿੱਤੀ ਗਈ ਹੈ ਜੋ ਅਣਕਿਆਸੇ ਹੋਣਗੇ। ਜੇਕਰ ਵੱਡੀਆਂ ਤਾਕਤਾਂ ਇਸ ਮਸਲੇ ਦੇ ਕੀਟਨੀਤੱਕ ਹੱਲ ਲਈ ਅੱਗੇ ਨਾ ਆਈਆਂ ਤਾਂ ਹਾਲਾਤ ਤੇਜ਼ੀ ਨਾਲ ਤੀਜੀ ਸੰਸਾਰ ਜੰਗ ਵੱਲ ਵਧ ਸਕਦੇ ਹਨ ਤੇ ਦੁਨੀਆਂ ‘ਤੇ ਪ੍ਰਮਾਣੂ ਜੰਗ ਦਾ ਖਤਰਾ ਮੰਡਰਾਅ ਸਕਦਾ ਹੈ।