ਖਡੂਰ ਸਾਹਿਬ, 20 ਜੂਨ, ਦੇਸ਼ ਕਲਿਕ ਬਿਊਰੋ :
ਖਡੂਰ ਸਾਹਿਬ ਵਿੱਚ ਪਿੰਡ ਦੇ ਸਰਪੰਚ ਨੇ ਇੱਕ ਔਰਤ ਦੀ ਕੁੱਟਮਾਰ ਕੀਤੀ ਹੈ। ਸਰਪੰਚ ਬਲਦੇਵ ਸਿੰਘ ਗੋਰਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ ਔਰਤ ਨੂੰ ਹੱਥ ਵਿੱਚ ਡੰਡਾ ਲੈ ਕੇ ਕੁੱਟ ਰਿਹਾ ਹੈ।ਇਸ ਝਗੜੇ ਦਾ ਕਾਰਨ ਉਕਤ ਸਰਪੰਚ ਵੱਲੋਂ ਪਿੰਡ ਵੇਈਪੂਈ ਦੇ ਰਹਿਣ ਵਾਲੇ ਇੱਕ ਪਰਿਵਾਰ ਦੀ ਜ਼ਮੀਨ ‘ਤੇ ਕਥਿਤ ਤੌਰ ‘ਤੇ ਜ਼ਬਰਦਸਤੀ ਕਬਜ਼ਾ ਕਰਨਾ ਹੈ।ਇਸ ‘ਤੇ ਰਾਜਨੀਤੀ ਗਰਮਾ ਗਈ ਹੈ।
ਇਸ ਸਮੇਂ ਸਰਪੰਚ ਬਲਦੇਵ ਸਿੰਘ ਗੋਰਾ ਵਿਰੁੱਧ ਗੋਇੰਦਵਾਲ ਸਾਹਿਬ ਥਾਣੇ ਵਿੱਚ ਡੀਡੀਆਰ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਖਡੂਰ ਸਾਹਿਬ ਤੋਂ ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਪਿੰਡ ਵੇਈਪੂਈ ਦੇ ਰਹਿਣ ਵਾਲੇ ਹੀਰਾ ਸਿੰਘ, ਉਨ੍ਹਾਂ ਦੇ ਪੁੱਤਰ ਗੁਰਭੇਜ ਸਿੰਘ, ਧੀ ਪਰਮਜੀਤ ਕੌਰ (ਦਿਵਿਆਂਗ) ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਅਤੇ ਦੋਸ਼ ਲਗਾਇਆ ਕਿ ਇਸ ਪਰਿਵਾਰ ਨੇ ਘਰੇਲੂ ਜ਼ਰੂਰਤਾਂ ਲਈ ਸਰਪੰਚ ਬਲਦੇਵ ਸਿੰਘ ਗੋਰਾ ਕੋਲ ਆਪਣੀ ਜ਼ਮੀਨ ਗਿਰਵੀ ਰੱਖੀ ਸੀ। ਇਸ ਤੋਂ ਬਾਅਦ ਉਕਤ ਸਰਪੰਚ ਨੇ ਕਥਿਤ ਤੌਰ ‘ਤੇ ਜ਼ਮੀਨ ‘ਤੇ ਜ਼ਬਰਦਸਤੀ ਕਬਜ਼ਾ ਕਰ ਲਿਆ। ਜਦੋਂ ਪੀੜਤ ਪਰਿਵਾਰ ਆਪਣੀ ਜ਼ਮੀਨ ‘ਤੇ ਗਿਆ ਤਾਂ ਸਰਪੰਚ ਗੋਰਾ ਨੇ ਔਰਤ ਨੂੰ ਡੰਡੇ ਨਾਲ ਕੁੱਟਿਆ। ਉਕਤ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਸਰਪੰਚ ਵਲੋਂ ਔਰਤ ਨਾਲ ਕੁੱਟਮਾਰ, ਵੀਡੀਓ ਵਾਇਰਲ, ਪਰਚਾ ਦਰਜ
Published on: June 20, 2025 7:53 am