ਚੰਡੀਗੜ੍ਹ, 20 ਜੂਨ, ਦੇਸ਼ ਕਲਿਕ ਬਿਊਰੋ :
ਪੰਜਾਬ ਵਿੱਚ ਅੱਜ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 0.6 ਡਿਗਰੀ ਸੈਲਸੀਅਸ ਵਧਿਆ ਹੈ, ਹਾਲਾਂਕਿ ਤਾਪਮਾਨ ਅਜੇ ਵੀ ਆਮ ਦੇ ਆਸ-ਪਾਸ ਹੈ।
ਅਗਲੇ 3 ਦਿਨਾਂ ਤੱਕ ਪੰਜਾਬ ਵਿੱਚ ਮਾਨਸੂਨ ਦਸਤਕ ਦੇ ਸਕਦਾ ਹੈ। ਮੌਸਮ ਵਿਭਾਗ ਅਨੁਸਾਰ, ਮੌਨਸੂਨ ਮੱਧ ਰਾਜਸਥਾਨ ਤੱਕ ਪਹੁੰਚ ਗਿਆ ਹੈ ਅਤੇ ਹਿਮਾਚਲ ਪ੍ਰਦੇਸ਼ ਵੱਲ ਵੀ ਤੇਜ਼ੀ ਨਾਲ ਵਧ ਰਿਹਾ ਹੈ।
ਰਾਜ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ, ਅੰਮ੍ਰਿਤਸਰ, ਲੁਧਿਆਣਾ, ਫਰੀਦਕੋਟ ਅਤੇ ਜਲੰਧਰ ਵਿੱਚ ਵੀ ਤਾਪਮਾਨ 36 ਡਿਗਰੀ ਸੈਲਸੀਅਸ ਤੋਂ ਉੱਪਰ ਰਿਹਾ ਹੈ। ਅੱਜ ਵੀ ਤਾਪਮਾਨ ਵਿੱਚ ਥੋੜ੍ਹਾ ਵਾਧਾ ਦੇਖਿਆ ਜਾ ਸਕਦਾ ਹੈ। ਪਰ ਅਗਲੇ 24 ਘੰਟਿਆਂ ਤੋਂ ਬਾਅਦ, ਤਾਪਮਾਨ ਵਿੱਚ ਫਿਰ 2 ਤੋਂ 3 ਡਿਗਰੀ ਦੀ ਗਿਰਾਵਟ ਆ ਸਕਦੀ ਹੈ।
ਭਾਰਤੀ ਮੌਸਮ ਵਿਭਾਗ ਨੇ 23 ਜੂਨ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਲਈ ਮੌਸਮ ਚੇਤਾਵਨੀ ਜਾਰੀ ਕੀਤੀ ਹੈ :-
20 ਜੂਨ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਹਨੇਰੀ-ਮੀਂਹ ਤੇ ਬਿਜਲੀ ਡਿੱਗਣ ਲਈ ਪੀਲਾ ਅਲਰਟ ਜਾਰੀ ਕੀਤਾ ਹੈ।
21 ਤੋਂ 22 ਜੂਨ ਨੂੰ ਲੁਧਿਆਣਾ, ਪਟਿਆਲਾ, ਜਲੰਧਰ, ਨਵਾਂਸ਼ਹਿਰ, ਅੰਮ੍ਰਿਤਸਰ, ਸੰਗਰੂਰ, ਰੂਪਨਗਰ, ਮਾਨਸਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ, ਬਿਜਲੀ ਡਿੱਗਣ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
23 ਜੂਨ ਨੂੰ ਮੌਨਸੂਨ ਦੇ ਸਰਗਰਮ ਰਹਿਣ ਦੀ ਸੰਭਾਵਨਾ ਕਾਰਨ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ।

ਪੰਜਾਬ ‘ਚ ਕਈ ਦਿਨ ਤੇਜ਼ ਹਵਾਵਾਂ, ਬਿਜਲੀ ਡਿੱਗਣ ਤੇ ਭਾਰੀ ਬਾਰਿਸ਼ ਦੀ ਪੇਸ਼ੀਨਗੋਈ
Published on: June 20, 2025 7:47 am