ਜ਼ਮੀਨੀ ਵਿਵਾਦ ‘ਚ ਭੂ-ਮਾਫੀਆ ਉਤੇ ਨਜਾਇਜ਼ ਕਬਜ਼ਾ ਕਰਨ ਦਾ ਦੋਸ਼

Published on: June 20, 2025 4:40 pm

ਪੰਜਾਬ

ਪੀੜ੍ਹਤਾਂ ਵੱਲੋਂ ਸਰਕਾਰ ਅੱਗੇ ਲਗਾਈ ਮੱਦਦ ਦੀ ਗੁਹਾਰ

ਮੋਹਾਲੀ, 20 ਜੂਨ, ਦੇਸ਼ ਕਲਿੱਕ ਬਿਓਰੋ :

ਸੂਬਾ ਸਰਕਾਰ ਦੀਆਂ ਭੂ-ਮਾਫੀਆ ਖਿਲਾਫ਼ ਵਿੱਢੀ ਜੰਗ ਦੀਆਂ ਕੋਸ਼ਿਸ਼ਾਂ ਨੂੰ ਨਜ਼ਰਅੰਦਾਜ਼ ਕਰਦਿਆਂ ਕੁਝ ਗੁੰਡਾ ਅਨਸਰਾਂ ਵਲੋਂ ਅੱਜ ਵੀ ਕਥਿਤ ਤੌਰ ਉਤੇ ਨਜਾਇਜ਼ ਕਬਜ਼ੇ ਕਰਨ ਦਾ ਸਿਲਸਿਲਾ ਜਾਰੀ ਹੈ। ਅਜਿਹਾ ਇਕ ਮਾਮਲਾ ਬਨੂੜ ਇਲਾਕੇ ਵਿਖੇ ਸਾਹਮਣੇ ਆਇਆ ਹੈ।

ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਪੀੜ੍ਹਤ ਕਰਨੈਲ ਸਿੰਘ ਵਾਸੀ ਬਸੀ ਸੇਖਾਂ, ਵਾਰਡ ਨੰ: 2, ਜ਼ੀਰਕਪੁਰ-ਰਾਜਪੁਰਾ ਮੇਨ ਰੋਡ, ਬਨੂੰੜ ਉਤੇ ਸਥਿਤ ਘਰ ਵਿਚ ਰਹਿੰਦੇ ਸਨ, ਜੋ ਕਿ ਲਾਲ ਲਕੀਰ ਅੰਦਰ ਪੈਂਦਾ ਹੇ। ਉਹਨਾਂ ਦੱਸਿਆ ਕਿ ਇਸ ਮਕਾਨ ਉਤੇ ਮੇਰਾ ਅਤੇ ਮੇਰੇ ਭਰਾ ਜਸਮੀਤ ਸਿੰਘ ਦਾ ਕਬਜ਼ਾ ਹੈ। ਉਹਨਾਂ ਦਾ ਪਰਿਵਾਰ ਕਰੀਬ 50 ਸਾਲਾਂ ਤੋਂ ਇਸ ਮਕਾਨ ਵਿਚ ਰਹਿ ਰਿਹਾ ਹੈ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਇਕ ਕਿਰਾਏ ਦਾ ਟੈਂਪੂ ਲੈ ਕੇ ਚਲਾ ਰਿਹਾ ਹੈ।

ਉਹਨਾਂ ਦੱਸਿਆ ਕਿ ਆਪਣੇ ਆਪ ਨੂੰ ਪ੍ਰਾਪਰਟੀ ਡੀਲਰ ਦੱਸਣ ਵਾਲੇ ਦਵਿੰਦਰ ਕੁਮਾਰ ਪੁਰੀ ਅਤੇ ਹਰਜੋਤ ਸਿੰਘ ਵੱਲੋਂ ਬਲਜਿੰਦਰ ਕੌਰ ਨਾਲ ਮਿਲ ਕੇ 2020 ਵਿਚ ਜਾਅਲੀ ਕਾਗਜ਼ ਬਣਾ ਕੇ ਕਰੋੜਾਂ ਦੀ ਜਾਇਦਾਦ ਹੜੱਪਣ ਦੀ ਕਥਿਤ ਕੋਸ਼ਿਸ਼ ਕੀਤੀ ਗਈ। ਇਸ ਤਹਿਤ ਦਵਿੰਦਰ ਕੁਮਾਰ ਪੁਰੀ ਖਿਲਾਫ਼ ਥਾਣਾ ਬਨੂੰੜ ਵਿਖੇ ਐਫ.ਆਈ.ਆਰ. ਨੰ: 4 ਮਿਤੀ 15 ਜਨਵਰੀ 2025 ਨੂੰ 420 ਦਾ ਪਰਚਾ ਵੀ ਦਰਜ ਹੈ ਅਤੇ ਇਹ ਵਿਅਕਤੀ ਜ਼ਮਾਨਤ ਉਤੇ ਬਾਹਰ ਹੈ। ਉਹਨਾਂ ਇਹ ਵੀ ਕਿਹਾ ਕਿ ਦਵਿੰਦਰ ਪੁਰੀ ਖਿ਼ਲਾਫ਼ ਪਹਿਲਾਂ ਵੀ ਜ਼ਾਅਲੀ ਐਨਓਸੀ ਦੇਣ ਦਾ ਪਰਚਾ ਦਰਜ ਹੈ। ਉਹਨਾਂ ਭਰੇ ਮਨ ਨਾਲ ਦੱਸਿਆ ਕਿ ਸਾਡੀ ਪੁਸ਼ਤੈਨੀ ਜ਼ਮੀਨ ਉਤੇ ਉਪਰੋਕਤ ਦਵਿੰਦਰ ਕੁਮਾਰ ਪੁਰੀ ਵੱਲੋਂ ਬੀਤੀ 17 ਤਰੀਕ ਨੂੰ ਹਰਜੋਤ ਸਿੰਘ (ਜਿਸ ਕੋਲ ਅਸਲਾ ਵੀ ਹੈ) ਅਤੇ ਆਪਣੇ 20-25 ਗੁੰਡਾ ਸਾਥੀਆਂ ਨਾਲ ਮਿਲ ਕੇ ਜ਼ਬਰਦਸਤੀ ਸਾਡਾ ਘਰ ਜੇਸੀਬੀ ਨਾਲ ਢਾਹ ਦਿੱਤਾ ਅਤੇ ਆਪਣਾ ਕਬਜ਼ਾ ਕਰਕੇ ਰਸਤਾ ਮੇਨ ਰੋਡ ਵੱਲ ਖੋਲ੍ਹ ਲਿਆ। ਉਹਨਾਂ ਦੱਸਿਆ ਕਿ ਉਪਰੋਕਤ ਵਿਅਕਤੀਆਂ ਵੱਲੋਂ ਕਥਿਤ ਤੌਰ ਉਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਕਾਰਨ ਉਹ ਪਰਿਵਾਰ ਸਮੇਤ ਇਧਰ-ਓਧਰ ਧੱਕੇ ਖਾਣ ਲਈ ਮਜਬੂਰ ਹਨ ਅਤੇ ਅਸਲੇ ਦੇ ਬਲ ਉਤੇ ਡਰਾਇਆ ਅਤੇ ਧਮਕਾਇਆ ਵੀ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੇਰੇ ਪਰਿਵਾਰ ਨਾਲ ਨਜਾਇਜ਼ ਧੱਕਾ ਹੋਇਆ ਹੈ ਪਰ ਸਰਕਾਰੇ-ਦਰਬਾਰੇ ਕੋਈ ਸੁਣਵਾਈ ਨਹੀਂ ਹੋ ਰਹੀ।

ਪੀੜ੍ਹਤ ਕਰਨੈਲ ਸਿੰਘ ਨੇ ਦੱਸਿਆ ਕਿ ਮੋਹਾਲੀ ਦੀ ਮਾਣਯੋਗ ਅਦਾਲਤ ਨੇ ਉਪਰੋਕਤ ਵਿਅਕਤੀਆਂ ਖਿਲਾਫ਼ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਉਤੇ ਕਬਜ਼ਾ ਕਰਨ ਖਿਲਾਫ਼ ਪਹਿਲਾਂ ਹੀ ਫੈਸਲਾ ਸਾਡੇ ਹੱਕ ਵਿਚ ਸੁਣਾ ਦਿੱਤਾ ਹੈ ਪਰ ਉਪਰੋਕਤ ਵਿਅਕਤੀ ਇਸ ਤੋਂ ਬਾਅਦ ਵੀ ਕੋਰਟ ਵਿਚ ਛੁੱਟੀਆਂ ਹੋਣ ਕਾਰਨ ਪੁਲਿਸ ਦੀ ਕਥਿਤ ਮਿਲੀਭੁਗਤ ਸਦਕਾ ਸਾਡੀ ਕਰੋੜਾਂ ਦੀ ਜ਼ਮੀਨ ਦੱਬੀ ਬੈਠੇ ਹਨ। ਉਹਨਾਂ ਦੱਸਿਆ ਕਿ ਦਵਿੰਦਰ ਕੁਮਾਰ ਪੁਰੀ ਵੱਲੋਂ ਮਕਾਨ ਉਤੇ ਕੀਤੇ ਨਜਇਜ਼ ਕਬਜ਼ੇ ਦੇ ਸਬੰਧ ਵਿਚ ਉਹਨਾਂ ਨੇ ਡੀਜੀਪੀ ਪੰਜਾਬ, ਡੀਐਸਪੀ ਪਟਿਆਲਾ ਅਤੇ 112 ਉਤੇ ਕਾਲ ਵੀ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ। ਨਾਲ ਹੀ ਉਹਨਾਂ ਦਸਿਆ ਕਿ ਬਨੂੰੜ ਥਾਣਾ ਮੁਖੀ ਵੀ ਸਾਡੇ ਉਪਰ ਉਪਰੋਕਤ ਵਿਅਕਤੀਆਂ ਨਾਲ ਸਮਝੌਤਾ ਕਰਨ ਦਾ ਦਬਾਅ ਪਾ ਰਿਹਾ ਹੈ।

ਅਖ਼ੀਰ ਵਿਚ ਪੀੜ੍ਹਤ ਕਰਨੈਲ ਸਿੰਘ ਅਤੇ ਜਸਮੀਤ ਸਿੰਘ ਨੇ ਮੁੱਖ ਮੰਤਰੀ ਪੰਜਾਬ, ਡੀਜੀਪੀ ਪੰਜਾਬ ਅਤੇ ਐਸਐਸਪੀ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਘਰ ਦਾ ਕਬਜ਼ਾ ਦਿਵਾਇਆ ਜਾਵੇ ਅਤੇ ਨਜਾਇਜ਼ ਕਬਜ਼ਾ ਕਰਨ ਵਾਲੇ ਦਵਿੰਦਰ ਕੁਮਾਰ ਪੁਰੀ ਅਤੇ ਹਰਜੋਤ ਸਿੰਘ ਆਦਿ ਖਿ਼ਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।

(ਡੱਬੀ)

ਜਦੋਂ ਦਵਿੰਦਰ ਕੁਮਾਰ ਪੁਰੀ ਤੇ ਹਰਜੋਤ ਸਿੰਘ ਨੂੰ ਉਹਨਾਂ ਉਤੇ ਲੱਗੇ ਦੋਸ਼ਾਂ ਸਬੰਧੀ ਫੋਨ ਉਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਪਰੋਕਤ ਦੋਸ਼ ਨਿਰੇ ਝੂਠੇ ਅਤੇ ਬੇਬੁਨਿਆਦ ਹਨ। ਦਵਿੰਦਰ ਪੁਰੀ ਨੇ ਕਿਹਾ ਕਿ ਉਹਨਾਂ ਨੂੰ ਇਹ ਜ਼ਮੀਨ ਕਰਨੈਨ ਸਿੰਘ ਦੀ ਭੈਣ ਵੱਲੋਂ ਕੁਝ ਸਾਲ ਪਹਿਲਾਂ ਗਲਤ ਢੰਗ ਨਾਲ ਵੇਚੀ ਗਈ ਸੀ। ਜਿਸ ਤੋਂ ਬਾਅਦ ਕਰਨੈਲ ਸਿੰਘ ਨੇ 420 ਦਾ ਪਰਚਾ ਆਪਣੀ ਭੈਣ ਅਤੇ ਉਸ ਉਤੇ ਕਰਵਾ ਦਿੱਤਾ ਅਤੇ ਹੁਣ ਉਹ ਜ਼ਮਾਨਤ ਉਤੇ ਬਾਹਰ ਹੈ। ਬਾਕੀ ਜਿਹੜੀ ਇਹਨਾਂ ਵੱਲੋਂ ਘਰ ਢਾਹੁਣ ਦੀ ਗੱਲ ਕੀਤੀ ਗਈ ਹੈ, ਇਸ ਨਾਲ ਮੇਰਾ ਕੋਈ ਸਬੰਧ ਨਹੀਂ ਹੈ। ਇਹ ਘਰ ਕਰਨੈਲ ਸਿੰਘ ਦੇ ਭਰਾ ਜਰਨੈਲ ਸਿੰਘ, ਜਿਸਦੀ ਮੌਤ ਹੋ ਚੁੱਕੀ ਹੈ, ਉਸ ਦੇ ਦੋ ਪੁੱਤਰਾਂ ਗੁਰਪ੍ਰੀਤ ਅਤੇ ਜਸਪ੍ਰੀਤ ਵੱਲੋਂ ਆਪਣੇ ਹਿੱਸੇ ਆਉਂਦੀ ਜ਼ਮੀਨ ਦੀ ਦੀਵਾਰ ਹੀ ਤੋੜੀ ਗਈ ਹੈ। ਇਹਨਾਂ ਵੱਲੋਂ ਆਪਣੇ ਨਾਮ ਕੀਤੀ ਗਈ ਜ਼ਮੀਨ ਦੀ ਵਸੀਅਤ ਵੀ ਦਿਖਾਈ। ਉਹਨਾਂ ਕਿਹਾ ਕਿ ਸਾਡਾ ਦਵਿੰਦਰ ਪੁਰੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਦੋਵੇਂ ਮਾਮਲੇ ਵੱਖ ਵੱਖ ਹਨ, ਜਿਸ ਨੂੰ ਕਰਨੈਲ ਸਿੰਘ ਵੱਲੋਂ ਪ੍ਰੈਸ ਵਿਚ ਇਕ ਕਹਾਣੀ ਬਣਾ ਕੇ ਪੇਸ਼ ਕੀਤਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।