ਅਮਰੀਕਾ ‘ਚ ਟਰੰਪ ਦੀ ਪੁਜ਼ੀਸ਼ਨ ਪੈ ਸਕਦੀ ਹੈ ਕਮਜ਼ੋਰ
ਸੁਖਦੇਵ ਸਿੰਘ ਪਟਵਾਰੀ
ਚੰਡੀਗੜ੍ਹ: 23 ਜੂਨ,
ਅਮਰੀਕਾ ਵੱਲੋਂ ਇਰਾਨ ਦੇ ਨਿਊਕਲੀਅਰ ਸਥਾਨਾਂ ਉੱਪਰ ਵੱਡਾ ਹਮਲਾ ਕਰਕੇ ਵੱਡਾ ਜੂਆ ਖੇਡਿਆ ਗਿਆ ਹੈ, ਹਾਲਾਂਕਿ ਇਸ ਦੇ ਨਿੱਕਲਣ ਵਾਲੇ ਸਿੱਟਿਆਂ ਦਾ ਅੰਦਾਜ਼ਾ ਲਾਉਣਾ ਅਜੇ ਸਮੇਂ ਤੋਂ ਪਹਿਲਾਂ ਦੀ ਗੱਲ ਹੈ।
ਪਿਛਲੇ ਕਈ ਦਿਨਾਂ ਤੋਂ ਇਰਾਨ ਨੂੰ ਦੋ ਹਫਤੇ ਦਾ ਸਮਾਂ ਦੇਣ ਦੇ ਐਲਾਨਾਂ ਦੇ ਬਾਵਜੂਦ ਅਮਰੀਕਾ ਨੇ ਬੀ-2 ਬੰਬਰ ਜਹਾਜ਼ਾਂ ਨਾਲ ਹਮਲਾ ਕਰਕੇ ਇਰਾਨ ਦੇ ਤਿੰਨ ਨਿਊਕਲੀਅਰ ਸਥਾਨਾਂ ਨੂੰ ਤਬਾਹ ਕਰਨ ਦਾ ਐਲਾਨ ਕੀਤਾ ਹੈ ਪਰ ਇਰਾਨ ਨੇ ਅਜੇ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਅਜਿਹਾ ਕਰਕੇ ਟਰੰਪ ਨੇ ਅਮਰੀਕਾ ਨੂੰ ਮੱਧ ਪੂਰਬ ਦੀ ਜੰਗ ਦੇ ਐਨ ਵਿਚਕਾਰ ਖੜ੍ਹਾ ਕਰ ਦਿੱਤਾ ਹੈ। ਜਦੋਂ ਕਿ ਆਪਣੀ ਚੋਣ ਵੇਲੇ ਪਾਪੂਲਿਸਟ ਰਾਈਟ ਵਿੰਗ (Pਰpulist Right Wing) ਗੱਠਜੋੜ ਨੂੰ ਟਰੰਪ ਇਹ ਹੀ ਕਹਿੰਦੇ ਰਹੇ ਹਨ ਕਿ ਉਹ ਹੁਣ ਅਮਰੀਕਾ ਨੂੰ ਮੱਧ ਪੂਰਬੀ ਜੰਗ ਵਿੱਚ ਕਦੇ ਨਹੀਂ ਝੋਕੇਗਾ। ਟਰੰਪ ਵੱਲੋਂ Make America Great Again ਦੇ ਨਾਹਰੇ ਨੇ ਉਸ ਦੇ ਸਤਾਹ ਹਾਸਲ ਕਰਨ ਵਿੱਚ ਵੱਡਾ ਰੋਲ ਨਿਭਾਇਆ ਹੈ। ਪਰ ਟਰੰਪ ਵੱਲੋਂ ਚੁੱਪ ਚੁਪੀਤੇ ਇਰਾਨ ‘ਤੇ ਹਮਲਾ ਕਰਨ ਨਾਲ ਜਿੱਥੇ ਅਮਰੀਕਾ ਅੰਦਰ ਉਸ ਦੀ ਵਿਰੋਧੀ ਡੈਮੋਕਰੇਟਿਕ ਪਾਰਟੀ ਨੂੰ ਟਰੰਪ ਖਿਲਾਫ ਵੱਡਾ ਮੌਕਾ ਮਿਲਿਆ ਹੈ, ਉੱਥੇ ਇਸ ਕਦਮ ਨੇ ਪਾਪੂਲਿਸਟ ਰਾਈਟ ਵਿੰਗ ਗੱਠਜੋੜ ਵਿੱਚ ਗੰਭੀਰ ਤਰੇੜਾਂ ਪੈਦਾ ਕਰ ਦਿੱਤੀਆਂ ਹਨ।
ਭਾਵੇਂ ਅਰਬ ਦੇਸ਼ਾਂ ਵਿੱਚ ਜ਼ਿਆਦਾ ਦੇਸ਼ ਇਰਾਨ ਵਿਰੋਧੀ ਤੇ ਅਮਰੀਕਾ ਦੇ ਪਿਛਲੱਗ ਹਨ ਪਰ ਇਸ ਹਮਲੇ ਨੇ ਉਨ੍ਹਾਂ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ। ਹਮਲਾ ਕਰਨ ਵੇਲੇ ਅਮਰੀਕਾ ਨੂੰ ਲੱਗਦਾ ਸੀ ਕਿ ਉਸ ਦੇ ਹਮਲੇ ਤੋ ਬਾਅਦ ਇਰਾਨ ਇੱਕਦਮ ਆਤਮ ਸਮਰਪਣ ਕਰ ਦੇਵੇਗਾ। ਪਰ ਇਰਾਨੀ ਲੀਡਰਸ਼ਿਪ ਵੱਲੋਂ ਅਮਰੀਕਾ ਅੱਗੇ ਝੁਕਣ ਤੋਂ ਇਨਕਾਰ ਕਰਦਿਆਂ ਇਜ਼ਰਾਈਲ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ। ਅਮਰੀਕਾ ਹੁਣ ਇਸ ਸਥਿਤੀ ਵਿੱਚ ਉਲਝ ਗਿਆ ਹੈ। ਪਹਿਲਾਂ ਉਹ ਇਜ਼ਰਾਈਲ ਦੇ ਇਰਾਨ ‘ਤੇ ਹਮਲੇ ਤੋਂ ਦੂਰੀ ਬਣਾ ਕੇ ਖੜ੍ਹਾ ਸੀ ਪਰ ਹੁਣ ਖੁਦ ਜੰਗ ਦਾ ਮੁੱਖ ਐਕਟਰ ਬਣ ਗਿਆ ਹੈ ਜਦੋਂ ਕਿ ਪਹਿਲਾਂ ਵੀ ਸੰਸਾਰ ਨੂੰ ਪਤਾ ਸੀ ਕਿ ਇਜ਼ਰਾਈਲ ਇਹ ਜੰਗ ਅਮਰੀਕਾ ਦੇ ਸਿਰ ‘ਤੇ ਲੜ ਰਿਹਾ ਹੈ। ਅਮਰੀਕਾ ਦੇ ਸਾਹਮਣੇ ਪੁਰਾਣਾ ਇਤਿਹਾਸ ਖੜ੍ਹਾ ਹੈ ਕਿ ਉਸ ਨੇ ਪਹਿਲਾਂ ਇਰਾਕ, ਫਿਰ ਅਫਗਾਨਿਸਤਾਨ ਵਿੱਚ ਵੀ ਅਜਿਹੇ ਝੂਠੇ ਪ੍ਰਚਾਰ ਨਾਲ ਹਮਲੇ ਕਰਕੇ ਆਪਣੇ ਆਪ ਨੂੰ ਲੰਬੇ ਸਮੇਂ ਲਈ ਫਸਾ ਲਿਆ ਸੀ ਅਤੇ ਹੁਣ ਇਹ ਅਮਰੀਕਾ ਦੀ ਮਰਜ਼ੀ ਨਹੀਂ ਕਿ ਜੰਗ ਕਿੰਨੀ ਲੰਬੀ ਹੋਵੇਗੀ, ਸਗੋਂ ਇਰਾਨ ‘ਤੇ ਨਿਰਭਰ ਕਰਦਾ ਹੈ ਕਿ ਉਹ ਇਸ ਜੰਗ ਨੂੰ ਕਦੋਂ ਖਤਮ ਕਰੇਗਾ। ਜੇਕਰ ਇਰਾਨ ਮੱਧ ਪੂਰਬ ਵਿਚਲੇ ਅਮਰੀਕੀ ਟਿਕਾਣਿਆਂ ਅਤੇ ਤੇਲ ਜਾਣ ਦੇ ਸਮੁੰਦਰੀ ਟਿਕਾਣਿਆਂ ‘ਤੇ ਹਮਲੇ ਕਰ ਦਿੰਦਾ ਹੈ ਤਾਂ ਇਹ ਅਮਰੀਕਾ ਲਈ ਹੋਰ ਖਤਰਨਾਕ ਸਾਬਿਤ ਹੋਵੇਗਾ। ਜੇਕਰ ਇਰਾਨ ਅਮਰੀਕੀ ਟਿਕਾਣਿਆਂ ‘ਤੇ ਹਮਲੇ ਕਰਕੇ ਜਾਨੀ ਨੁਕਸਾਨ ਕਰ ਦਿੰਦਾ ਹੈ ਤਾਂ ਟਰੰਪ ਖਿਲਾਫ ਰੋਹ ਪੈਦਾ ਕਰਨ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ ਜਿਸ ਨਾਲ ਟਰੰਪ ਦੀ ਪ੍ਰਧਾਨਗੀ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ।
ਮੱਧ ਪੂਰਬੀ ਦੇਸ਼ਾਂ ਦੀਆਂ ਸਰਕਾਰਾਂ ਭਾਵੇਂ ਅੰਦਰੋਂ ਇਰਾਨ ਨਾਲ ਨਹੀਂ ਹਨ ਪਰ ਅਮਰੀਕੀ ਹਮਲੇ ਤੋਂ ਬਾਅਦ ਇਸ ਖਿੱਤੇ ‘ਚ ਤਣਾਅਪੂਰਨ ਹਾਲਤ ਬਨਣ ਕਾਰਨ ਉਨ੍ਹਾਂ ਦੀ ਅਰਥ ਵਿਵਸਥਾ ‘ਤੇ ਵੀ ਮਾੜਾ ਅਸਰ ਪੈਣ ਦਾ ਡਰ ਕਾਰਨ ਉਹ ਅਮਰੀਕਾ ਦੇ ਖਿਲਾਫ ਹੋ ਰਹੀਆਂ ਹਨ। ਇਰਾਨ ਦਾ ਪਿਛਲੇ ਕਈ ਸਾਲਾਂ ਤੋਂ ਇਸ ਖਿੱਤੇ ਵਿੱਚ ਅਸਰ ਘਟਿਆ ਹੈ ਕਿਉਂਕਿ ਲਿਬਨਾਨ ‘ਚ ਹਿਜਬੋਲਾ, ਸੀਰੀਆ ‘ਚ ਆਸਾਦ ਅਲਬਸਰ ਦੀ ਸਰਕਾਰ ਦਾ ਸਤਾਹ ਪਰਿਵਰਤਨ ਤੇ ਗਾਜਾ ‘ਚ ਹਮਾਸ ਦੇ ਪਤਨ ਨਾਲ ਇਰਾਨ ਪੱਖੀ ਤਾਕਤਾਂ ਪੂਰੀਆਂ ਕਮਜ਼ੋਰ ਹੋ ਗਈਆਂ ਹਨ ਪਰ ਫਿਰ ਵੀ ਇਹਨਾਂ ਦੇਸ਼ਾਂ ਵਿੱਚ ਇਰਾਨ ਪੱਖੀ ਲਾਬੀ ਸਮੇਤ ਇਰਾਕ ਮੁੜ ਸਰਗਰਮ ਹੋ ਰਹੀਆਂ ਹਨ।
ਹੁਣ ਵੱਡਾ ਸਵਾਲ ਇਰਾਨ ਦਾ ਪੱਖ ਪੂਰਨ ਵਾਲੇ ਦੇਸ਼ਾਂ ਰੂਸ ਤੇ ਚੀਨ ਵੱਲੋਂ ਲਏ ਜਾਣ ਵਾਲੇ ਸਟੈਂਡ ਦਾ ਹੈ, ਕੀ ਰੂਸ ਤੇ ਚੀਨ ਅਮਰੀਕੀ ਹਮਲੇ ਵਿਰੁੱਧ ਇਰਾਨ ਦੀ ਖੁੱਲੇਆਮ ਮਦਦ ਕਰਨਗੇ? ਜਾਂ ਹਥਿਆਰਾਂ ਨਾਲ ਮਦਦ ਕਰਨਗੇ? ਜਾਂ ਕੌਮਾਂਤਰੀ ਫੋਰਮਾਂ ‘ਤੇ ਸਿਆਸੀ ਡਿਪਲੋਮੈਟਿਕ ਮਦਦ ਕਰਨਗੇ। ਕੌਮਾਂਤਰੀ ਦ੍ਰਿਸ਼ ‘ਤੇ ਨਜ਼ਰ ਮਾਰਿਆਂ ਲੱਗਦਾ ਹੈ ਕਿ ਰੂਸ ਪਹਿਲਾਂ ਹੀ ਯੂਕਰੇਨ ਜੰਗ ਵਿੱਚ ਉਲਝਿਆ ਹੋਇਆ ਹੈ ਅਤੇ ਉਹ ਇਰਾਨ ਦੀ ਵੱਡੀ ਮਦਦ ਕਰਨ ਦੇ ਸਮਰੱਥ ਨਹੀਂ ਲੱਗ ਰਿਹਾ। ਯੂਰਪੀਨ ਯੂਨੀਅਨਾਂ ਸਮੇਤ ਯੂ. ਕੇ. ਪਹਿਲਾਂ ਹੀ ਇਰਾਨ ਖਿਲਾਫ ਅਮਰੀਕਾ ਦੀ ਹਾਂ ਵਿੱਚ ਹਾਂ ਮਿਲਾ ਕੇ ਚੱਲ ਰਹੇ ਹਨ। ਚੀਨ ਸ਼ਾਇਦ ਅਮਰੀਕਾ ਦੇ ਇਸ ਸਥਿਤੀ ਵਿੱਚ ਉਲਝਣ ਨੂੰ ਆਪਣੇ ਲਈ ਗਨੀਮਤ ਸਮਾਂ ਸਮਝੇਗਾ।। ਕਿਉਂਕਿ ਇਸ ਤੋਂ ਪਹਿਲਾਂ ਅਮਰੀਕਾ ਹਿੰਦ-ਪ੍ਰਸ਼ਾਂਤ ਸਾਗਰ ‘ਚ ਭਾਰਤ, ਜਾਪਾਨ ਤੇ ਆਸਟ੍ਰੇਲੀਆ (ਕੁਆਡ) ਅਧਾਰਤ ਕੁਆਡ ਦੇਸ਼ਾਂ ਨਾਲ ਚੀਨ ਨੂੰ ਘੇਰਨ ਦੀਆਂ ਸਰਗਰਮੀਆਂ ‘ਤੇ ਕੇਂਦਰਿਤ ਸੀ। ਅਮਰੀਕਾ ਹੁਣ ਤੱਕ ਹਾਂਗਕਾਂਗ ਨੂੰ ਚੀਨ ਤੋਂ ਮੁਕਤ ਕਰਾਉਣ ਲਈ ਉਸਦੀ ਮਦਦ ਕਰਦਾ ਆ ਰਿਹਾ ਸੀ ਜਿਸ ਨੂੰ ਚੀਨ ਆਪਣਾ ਹਿੱਸਾ ਸਮਝਦਾ ਹੈ। ਜਾਪਾਨ ਤੇ ਹੋਰ ਗੁਆਂਢੀ ਦੇਸ਼ਾਂ ਦੇ ਟਾਪੂਆਂ ‘ਤੇ ਚੀਨ ਦੇ ਅਸਰ ਨੂੰ ਰੋਕਣ ਲਈ ਅਮਰੀਕਾ ਉਨ੍ਹਾਂ ਦੀ ਮਦਦ ਕਰਦਾ ਸੀ ਜੋ ਹੁਣ ਇਸ ਖਿੱਤੇ ਵਿੱਚੋਂ ਆਪਣੇ ਜੰਗੀ ਬੇੜੇ ਮੱਧ ਪੂਰਬ ਵੱਲ ਤਬਦੀਲ ਕਰ ਰਿਹਾ ਹੈ। ਇਸ ਹਾਲਤ ‘ਚ ਚੀਨ ਵੀ ਮੱਧ ਪੂਰਬ ‘ਚ ਉਲਝਣ ਦੀ ਥਾ ਪ੍ਰਸ਼ਾਂਤ ਸਾਗਰ ਵਿੱਚ ਆਪਣੀ ਪੁਜ਼ੀਸ਼ਨ ਮਜ਼ਬੂਤ ਕਰਨ ਲਈ ਧਿਆਨ ਦੇਵੇਗਾ ਜਦੋਂ ਕਿ ਮੱਧ ਪੂਰਬ ਵਿੱਚ ਅਮਰੀਕਾ ਨੂੰ ਉਲਝਾਉਣ ਲਈ ਇਰਾਨ ਦੀ ਹਥਿਆਰ ਤੇ ਹੋਰ ਸਮੱਗਰੀ ਨਾਲ ਗੁਪਤ ਮਦਦ ਕਰਦਾ ਰਹੇਗਾ।

ਅਮਰੀਕੀ ਹਮਲੇ ਦਾ ਕੀ ਅਸਰ ਹੋਵੇਗਾ ਮੱਧ ਪੂਰਬ ਅਤੇ ਦੁਨੀਆਂ ‘ਤੇ
Published on: June 23, 2025 5:35 pm