ਚਮਕੌਰ ਸਾਹਿਬ / ਮੋਰਿੰਡਾ: 24 ਜੂਨ, ਭਟੋਆ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਹੋਈ ਹਾਰ ਤੇ ਪਾਰਟੀ ਦੇ ਉਮੀਦਵਾਰ ਦੀ ਜਮਾਨਤ ਜਬਤ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਰਨਲ ਸਕੱਤਰ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰਮੁਹੰਮਦ ਨੇ ਬੇਹੱਦ ਅਫਸੋਸ ਪ੍ਰਗਟਾਇਆ ਹੈ । ਸ੍ਰੀ ਪੀਰਮੁਹੰਮਦ ਨੇ ਕਿਹਾ ਕਿ ਹਲਕੇ ਵਿੱਚ ਸਿੱਖ ਵੋਟਰਾ ਦੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਪੰਥ ਦੀ ਨੁਮਾਇੰਦਾ ਜਮਾਤ, ਜੋ ਹੁਣ ਪੰਥ ਦੇ ਭਗੌੜੇ ਧੜੇ ਦੇ ਰੂਪ ਵਿੱਚ ਹੈ ,ਦੇ ਉਮਦੀਵਾਰ ਦੀ ਹਾਰ ਅਤੇ ਜਮਾਨਤ ਤੱਕ ਜ਼ਬਤ ਹੋਣਾ ਸਪੱਸ਼ਟ ਕਰਦਾ ਹੈ ਕਿ ਸਿੱਖ ਵੋਟਰ ਅਤੇ ਆਮ ਲੋਕ ਬਹੁਤ ਜ਼ਿਆਦਾ ਨਰਾਜ਼ ਹਨ ਅਤ ਜੋ ਵੋਟ ਪਈ ਉਸ ਵੋਟ ਵਿੱਚ ਵੀ ਉਮੀਦਵਾਰ ਦੇ ਕਿਰਦਾਰ ਤੇ ਕੰਮਾਂ ਦੀ ਵੀ ਵੱਡੇ ਹਿੱਸੇ ਦੀ ਵੋਟ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲ਼ੀ ਦਲ ਦਾ ਕੋਈ ਵੀ ਨੁਮਾਇੰਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਭਗੌੜਾ ਹੋਵੇ, ਇਹ ਸਿੱਖ ਸੰਗਤ ਤੇ ਪੰਜਾਬੀਆਂ ਨੂੰ ਕਦੇ ਵੀ ਬਰਦਾਸ਼ਤ ਨਹੀ ਹੈ । ਇਸ ਲਈ ਬਿਨਾ ਦੇਰ ਕੀਤੇ 2 ਦਸਬੰਰ ਦੇ ਹੁਕਮਨਾਮੇ ਅਨੁਸਾਰ ਤੁਰੰਤ ਪੰਥ ਦੀ ਨੁਮਾਇੰਦਾ ਜਮਾਤ (ਸ਼੍ਰੋਮਣੀ ਅਕਾਲੀ ਦਲ) ਪੰਥ ਦੇ ਹਵਾਲੇ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਕਬਾਲ ਸਿੰਘ
ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਵਾਲੀ ਰਿਪੋਰਟ ਤੋਂ ਬਾਅਦ ਹੀ ਸੁਖਬੀਰ ਸਿੰਘ ਬਾਦਲ ਨੂੰ ਸਰਗਰਮ ਸਿਆਸਤ ਤੋਂ ਪਾਸੇ ਹਟ ਜਾਣਾ ਚਾਹੀਦਾ ਸੀ। ਹੁਣ ਵੀ ਜਨਤਾ ਦੇ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਾਰ ਦਰ ਹਾਰ ਅਤੇ ਉਹ ਵੀ ਜਮਾਨਤ ਜ਼ਬਤ ਰੂਪ ਵਿੱਚ ਹਾਰ ਦਾ ਲਗਾਤਾਰ ਸਿਲਸਿਲਾ ਜਾਰੀ ਰਹਿਣਾ ਸਾਫ ਕਰਦਾ ਹੈ ਕਿ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਸਾਥੀ ਸਲਾਹਕਾਰ ਆਪਣੀ ਬਤੌਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਪਹਿਲਾਂ ਹੀ ਅਗਵਾਈ ਗੁਆ ਚੁੱਕੇ ਸਨ। ਸ੍ਰੀ ਪੀਰਮੁਹੰਮਦ ਨੇ ਸੁਖਬੀਰ ਧੜੇ ਵਿੱਚ ਬੈਠੇ ਅਕਾਲੀ ਸੋਚ ਦੇ ਹਿਤੈਸ਼ੀ ਆਗੂਆਂ ਅਤੇ ਵਰਕਰਾਂ ਨੂੰ ਜੋਰਦਾਰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੂਰਨ ਰੂਪ ਵਿੱਚ ਸਮਰਪਿਤ ਹੁੰਦੇ ਹੋਏ ਸੱਚ ਦਾ ਸਾਥ ਦੇਣ ਤੇ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਵਿੱਚ ਭਰਤੀ ਮੁਹਿੰਮ ਦਾ ਹਿੱਸਾ ਬਣਨ ਅਤੇ ਨਵੀਂ ਲੀਡਰਸ਼ਿਪ ਦੀ ਅਗਵਾਈ ਹੇਠ ਪੰਥਕ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ।