ਕੁੱਕੀ ਕੋਚ ਦੇ ਫਰਜ਼ੰਦ ਅਜੈਦੀਪ ਦੀ ਅੰਤਿਮ ਅਰਦਾਸ 27 ਜੂਨ ਨੂੰ ਬਾਲੀਆਂ ‘ਚ

ਪੰਜਾਬ ਪ੍ਰਵਾਸੀ ਪੰਜਾਬੀ

ਕਿੱਥੇ ਕੱਟੇਂਗਾ ਰਾਤ ਵੇ ਟੁੱਟਿਆ ਤਾਰਿਆ-
ਸੰਗਰੂਰ: 26 ਜੂਨ, 2025 – 15 ਜੂਨ ਦਾ ਦਿਨ ਮਨਜੀਤ ਸਿੰਘ ਕੁੱਕੀ ਕੋਚ ਲਈ ਕਹਿਰ ਦਾ ਦਿਨ ਹੋ ਗੁਜ਼ਰਿਆ ਜਦੋਂ ਉਨ੍ਹਾਂ ਦੇ ਪਰਿਵਾਰ ‘ਚ 25 ਸਾਲ ਤੋਂ ਚਮਕਦਾ, ਦਮਕਦਾ ਤੇ ਲੋਆਂ ਵਿਖੇਰਦਾ ਅਜੈਦੀਪ ਨਾਂ ਦਾ ਦੀਪ ਸਦਾ ਲਈ ਬੁਝ ਗਿਆ। ਕੁੱਕੀ ਕੋਚ ਭਾਵੇਂ ਸੰਗਰੂਰ ਲਾਗਲੇ ਪਿੰਡ ਬਾਲੀਆਂ ਦੇ ਵੱਡੇ ਪਰਿਵਾਰ ਤੋਂ ਹੈ ਪਰ ਪਿਛਲੇ 20-30 ਸਾਲਾਂ ਤੋਂ ਕੁੱਕੀ ਕੋਚ ਸੰਗਰੂਰ ਵਾਸੀਆਂ ਲਈ ਨਹੀਂ, ਸਗੋਂ ਪੂਰੇ ਇਲਾਕੇ ਲਈ ਜਾਣਿਆਂ ਪਛਾਣਿਆਂ ਤੇ ਆਪਣਾ ਲੱਗਣ ਵਾਲਾ ਨਾਂ ਬਣਿਆਂ ਹੋਇਆ ਹੈ। ਸ਼ਾਇਦ ਕੁਦਰਤ ਨੂੰ ਕੁੱਕੀ ਕੋਚ ਨੂੰ ਸਮਾਜ ਵੱਲੋਂ ਮਿਲਿਆ ਮਾਣ ਤੇ ਸੁੱਖ ਮਨਜ਼ੂਰ ਨਹੀਂ ਸੀ ਜਿਸ ਕਰਕੇ ਉਨ੍ਹਾਂ ਦੀ ਜ਼ਿੰਦਗੀ ਦਾ ਚਮਕਦਾ ਸਿਤਾਰਾ ਅਜੈਦੀਪ ਉਨ੍ਹਾ ਤੋਂ ਖੋਹ ਲਿਆ ਗਿਆ।
ਅਜੈਦੀਪ ਕੁੱਕੀ ਕੋਚ ਦਾ ਛੋਟਾ ਪੁੱਤਰ ਤੇ ਭੈਣ ਨੈਨਸੀ ਮਨੇਸ਼ ਦਾ ਇਕਲੌਤਾ ਭਾਈ ਸੀ। ਮਾਤਾ ਨਰਿੰਦਰਪਾਲ ਕੌਰ ਦੇ ਇਹ ਦੋਵੇਂ ਹੋਣਹਾਰ ਬੱਚੇ ਅੱਜੇ ਕੱਲ ਤੱਕ ਕੈਨੇਡਾ ਦੇ ਪੀ ਆਰ ਸਨ ਪਰ ਹੁਣ ਅਜੈਦੀਪ ਕਿਸੇ ਹੋਰ ਜਹਾਨ ਦਾ ਪੀ ਆਰ ਬਣ ਗਿਆ। ਅਜੈ ਹਾਕੀ ਤੇ ਘੋੜ ਸਵਾਰੀ ਦਾ ਵਧੀਆ ਖਿਡਾਰੀ ਸੀ ਤੇ ਆਪਣੇ ਦਾਦਾ ਕੈਪਟਨ ਜ਼ੈਲ ਸਿੰਘ ਦੇ ਸੁਪਨੇ ਪੂਰੇ ਕਰਨ ਲਈ ਚੰਡੀਗੜ੍ਹ ‘ਚ ਦਸਵੀਂ ਕਰਨ ਤੋਂ ਬਾਅਦ ਫੌਜ ‘ਚ ਕਮਿਸ਼ਨ ਲੈਣ ਲਈ ਐਨ ਡੀ ਏ ਦੀ ਤਿਆਰੀ ਕਰਨ ਲੱਗਾ। ਪਰ ਬਾਅਦ ‘ਚ +2 ਪਾਸ ਕਰਕੇ ਕੈਨੇਡਾ ਪੜ੍ਹਨ ਲਈ ਚਲਾ ਗਿਆ। ਕੈਨੇਡਾ ‘ਚ ਪੂਰੇ ਪੰਜ ਸਾਲ ਪੜ੍ਹਨ ਤੇ ਪੀ ਆਰ ਲੈਣ ਉਪਰੰਤ ਉਹ ਮੁੜ ਪੰਜਾਬ ਲਈ ਵਿਰਾਗ ਗਿਆ। ਉਹ ਪਿਛਲੇ ਕਈ ਮਹੀਨਿਆਂ ਤੋਂ ਸੰਗਰੂਰ ਹੀ ਮਾਤਾ ਪਿਤਾ ਕੋਲ ਰਹਿ ਰਿਹਾ ਸੀ ਪਰ ਪਿਛਲੀ 27 ਮਈ ਨੂੰ ਮਾਮੂਲੀ ਬੀਮਾਰੀ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਜੋ ਉਸ ਦੀ ਜ਼ਿੰਦਗੀ ਦਾ ਆਖਰੀ ਸਮਾਂ ਹੋ ਨਿੱਬੜਿਆ। ਪਿਛਲੇ 7 ਜੂਨ ਨੂ ਮੈਂ ਖੁਦ ਵੀ ਉਸ ਦਾ ਪਤਾ ਲੈਣ ਗਿਆ ਜਿੱਥੇ ਕੁੱਕੀ ਤੇ ਨਰਿੰਦਰਪਾਲ ਹੌਸਲੇ ‘ਚ ਸਨ ਕਿ ਉਹ ਕਈ ਦਿਨ ਦੀ ਬੇਹੋਸ਼ੀ ਤੋਂ ਬਾਅਦ ਅੱਜ ਹੋਸ਼ ‘ਚ ਆ ਗਿਆ ਹੈ ਤੇ ਡਾਕਟਰਾਂ ਅਨੁਸਾਰ ਹੁਣ ਕੁਝ ਦਿਨਾਂ ‘ਚ ਘਰ ਚਲਾ ਜਾਵੇਗਾ। ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਅਜੈਦੀਪ ਦਾ ਜਾਣਾ ਪਰਿਵਾਰ ਲਈ ਵੱਡਾ ਸਦਮਾ ਹੈ। ਇਹ ਅਸਹਿ ਸਦਮਾ ਉਸ ਦੇ ਆਪਣੇ ਪਰਿਵਾਰ ਲਈ ਤਾਂ ਵੱਡਾ ਹੈ ਹੀ ਪਰ ਕੁੱਕੀ ਕੋਚ ਦੇ ਰਿਸ਼ਤੇਦਾਰਾਂ ਤੇ ਮਿੱਤਰਾਂ ਦੇ ਵੱਡੇ ਪਰਿਵਾਰ ਲਈ ਵੀ ਵੱਡੀ ਸੱਟ ਹੈ। ਮਾਤਾ ਪਿਤਾ ਆਪਣੀ ਔਲਾਦ ਨੂੰ ਪਾਲਣ ਪੋਸ਼ਣ ਤੇ ਪੜ੍ਹਾਉਣ ਤੋਂ ਬਾਅਦ ਉਸਨੂੰ ਸਿਖਰਲੀ ਟਾਹਣੀ ਦਾ ਫੁੱਲ ਬਣਾਉਣਾ ਲੋਚਦੇ ਹਨ ਪਰ ਅਜੈਦੀਪ ਜਦੋਂ ਮਨੇਸ਼ ਪਰਿਵਾਰ ਬਾਲੀਆਂ ਦੇ ਵੱਡੇ ਬ੍ਰਿਛ ਦੀ ਟਾਹਣੀ ਦਾ ਫੁੱਲ ਬਨਣ ਜਾ ਰਿਹਾ ਸੀ ਤਾਂ ਕੁਦਰਤ ਦੀ ਮਨਹੂਸ਼ ਹਨੇਰੀ ਨੇ ਇਸ ਸਿਖਰਲੀ ਟਾਹਣੀ ਦੇ ਫੁੱਲ ਨੂੰ ਹੀ ਹੋੜ ਦਿੱਤਾ।
ਕੁੱਕੀ ਕੋਚ ਮੇਰਾ ਰਿਸ਼ਤੇਦਾਰ ਵੀ ਹੈ ਪਰ ਜ਼ਿਆਦਾ ਮਿੱਤਰ ਹੈ। 1979 ‘ਚ ਮੈਂ ਤੇ ਉਹ ਰਣਬੀਰ ਕਾਲਜ ਸੰਗਰੂਰ ਦੇ ਵਿਦਿਆਰਥੀ ਸੀ ਜਦੋਂ ਮਿੱਠਬੋਲੜੇ ਸੁਭਾਅ ਦਾ ਕੁੱਕੀ ਹੈਂਡਬਾਲ ਦਾ ਵਧੀਆ ਖਿਡਾਰੀ ਸੀ ਤੇ ਬਾਅਦ ਵਿੱਚ ਉਹ ਇਸੇ ਖੇਡ ਦਾ ਕੋਚ ਬਣਕੇ SAI (ਨੈਸ਼ਨਲ ਸਪੋਰਟਸ ਅਥਾਰਟੀ) ਦਾ ਕੋਚ ਬਣ ਕੇ ਸੰਗਰੂਰ ਆ ਗਿਆ। ਉਦੋਂ ਤੋਂ ਉਹ ਸੰਗਰੂਰ ‘ਚ ਹਰ ਪਾਰਟੀ, ਹਰ ਪੰਚ ਸਰਪੰਚ, ਅਧਿਕਾਰੀਆਂ ਦਾ ਚਹੇਤਾ ਖਿਡਾਰੀ ਤੇ ਕੋਚ ਸੀ ਤੇ ਅੱਜ ਵੀ ਉਸ ਦੇ ਮਿੱਤਰਾਂ ਦੀ ਵੱਡੀ ਕਤਾਰ ਹੈ ਜੋ ਉਸ ਨੂੰ 24 ਘੰਟੇ ਲੋਕ ਸੇਵਾ ਵਿੱਚ ਰੁੱਝਿਆ ਰੱਖਦੀ ਹੈ। ਪੁੱਤਰ ਦੀ ਸੱਟ ਵੱਡੀ ਹੈ ਪਰ ਕੁੱਕੀ ਪਰਿਵਾਰ ਦੇ ਨਾਲ ਨਾਲ ਸਮਾਜ ਦੇ ਵੱਡੇ ਪਰਿਵਾਰ ਨਾਲ ਵੀ ਜੁੜਿਆ ਹੋਇਆ ਹੈ। ਆਸ ਹੈ ਉਹ ਪੁੱਤਰ ਦੇ ਗਮ ਨੂੰ ਸਮਾਜ ਦੇ ਪੁੱਤਰਾਂ ਦੀ ਸੇਵਾ ਨਾਲ ਘਟਾਅ ਲਵੇਗਾ। ਸਮਾਜ ਸੇਵਾ ਉਸ ਦਾ ਅਟੁੱਟ ਅੰਗ ਹੈ ਅਤੇ ਸਮਾਜ ਸੇਵਾ ਦਾ ਇਹ ਲੇਪ ਹੀ ਉਸ ਦੇ ਡੂੰਘੇ ਜ਼ਖਮਾਂ ਨੂੰ ਭਰਕੇ ਅਗਲੀ ਜ਼ਿੰਦਗੀ ਦਾ ਸਹਾਰਾ ਬਣੇਗੀ।
27 ਜੂਨ ਨੂੰ ਅਜੈਦੀਪ ਦੀ ਅੰਤਿਮ ਅਰਦਾਸ ਪਿੰਡ ਬਾਲੀਆਂ ਦੇ ਗੁਰਦਵਾਰਾ ਸਾਹਿਬ ਬਾਬਾ ਸ਼ਹੀਦ ਸਿੰਘ ਵਿੱਚ ਹੋ ਰਹੀ ਹੈ ਜਿੱਥੇ ਇਸ ਪਰਿਵਾਰ ਦੇ ਗਮ ‘ਚ ਸ਼ਰੀਕ ਹੋਣ ਲਈ ਸਮਾਜ ਦਾ ਹਰ ਵਰਗ ਪਹੁੰਚ ਰਿਹਾ ਹੈ। ਲੋਕ ਦੁਆਵਾਂ ਦਾ ਇਹ ਹੜ੍ਹ ਪਰਿਵਾਰ ਲਈ ਸਦਮਾ ਝੱਲਣ ਦਾ ਸਹਾਰਾ ਬਣੇਗਾ। ਅਦਾਰਾ ਦੇਸ਼ ਕਲਿੱਕ ਮਨੇਸ਼ ਪਰਿਵਾਰ ਦੇ ਇਸ ਅਸਹਿ ਦੁੱਖ ‘ਚ ਸ਼ਰੀਕ ਹੁੰਦਾ ਹੈ। ਅਜਾਇਬ ਸਿੰਘ ਤੂਰ, ਤੇਜਾ ਸਿੰਘ ਨਾਗਰਾ, ਸਵਰਨਜੀਤ ਸਿੰਘ, ਰਜਿੰਦਰ ਸਿੰਘ ਰਾਜਾ, ਬੀਰ ਕਲਾਂ, ਵਿਨਰਜੀਤ ਗੋਲਡੀ ਅਤੇ ਸ਼ਪਿੰਦਰ ਸਿੰਘ ਟਿਵਾਣਾ ਨੇ ਵੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਡੂੰਘੀ ਹਮਦਰਦੀ ਜਿਤਾਈ ਹੈ।
ਸੁਖਦੇਵ ਸਿੰਘ ਪਟਵਾਰੀ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।