ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਰੋਕੀ, ਜਗਾਉਣ ‘ਤੇ ਵੀ ਨਹੀਂ ਉੱਠਿਆ ਗੇਟਮੈਨ
ਜਲੰਧਰ, 27 ਜੂਨ, ਦੇਸ਼ ਕਲਿਕ ਬਿਊਰੋ :
ਪੰਜਾਬ ‘ਚ ਰੇਲਵੇ ਫਾਟਕ ‘ਤੇ ਇੱਕ ਗੰਭੀਰ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਫਾਟਕ ਖੁੱਲ੍ਹਾ ਹੋਣ ਦੇ ਬਾਵਜੂਦ ਅਚਾਨਕ ਇੱਕ ਰੇਲਗੱਡੀ ਆ ਗਈ। ਡਰਾਈਵਰ ਨੇ ਸਮਝਦਾਰੀ ਦਿਖਾਉਂਦੇ ਹੋਏ ਐਮਰਜੈਂਸੀ ਬ੍ਰੇਕ ਲਗਾ ਕੇ ਰੇਲਗੱਡੀ ਨੂੰ ਫਾਟਕ ਤੋਂ ਪਹਿਲਾਂ ਰੋਕ ਦਿੱਤਾ ਗਿਆ, ਜਿਸ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ।ਇਹ ਘਟਨਾ ਜਲੰਧਰ ਜ਼ਿਲ੍ਹੇ ਦੇ ਨਕੋਦਰ ਦੇ ਲੋਹੀਆਂ ਵਿਖੇ ਵਾਪਰੀ।
ਜਾਂਚ ਕਰਨ ‘ਤੇ ਪਤਾ ਲੱਗਾ ਕਿ ਗੇਟਮੈਨ ਉਸ ਸਮੇਂ ਕੈਬਿਨ ਵਿੱਚ ਡੂੰਘੀ ਨੀਂਦ ਵਿੱਚ ਸੀ। ਡਰਾਈਵਰ ਅਤੇ ਗਾਰਡ ਟ੍ਰੇਨ ਤੋਂ ਹੇਠਾਂ ਉਤਰੇ ਅਤੇ ਉਸਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਉੱਠਿਆ। ਉਨ੍ਹਾਂ ਨੂੰ ਖੁਦ ਫਾਟਕ ਬੰਦ ਕਰਨ ਲਈ ਮਜਬੂਰ ਹੋਣਾ ਪਿਆ। ਇਸ ਪ੍ਰਕਿਰਿਆ ਵਿੱਚ, ਕਈ ਦੋਪਹੀਆ ਵਾਹਨ ਫਾਟਕ ਦੇ ਅੰਦਰ ਫਸ ਗਏ। ਇਸ ਤੋਂ ਬਾਅਦ, ਡਰਾਈਵਰ ਅਤੇ ਗਾਰਡ ਰੇਲਗੱਡੀ ਨੂੰ ਲੋਹੀਆਂ ਰੇਲਵੇ ਸਟੇਸ਼ਨ ਵੱਲ ਲੈ ਗਏ।
ਇਹ ਵੀ ਪੜ੍ਹੋ:ਲਾਲਜੀਤ ਭੁੱਲਰ ਵੱਲੋਂ ਮੁਹਾਲੀ ਦੇ ਆਰ.ਟੀ.ਓ ਦਫ਼ਤਰ ਅਤੇ ਡਰਾਈਵਿੰਗ ਟੈਸਟ ਟ੍ਰੈਕ ਦੀ ਅਚਨਚੇਤ ਚੈਕਿੰਗ
ਜਿਕਰਯੋਗ ਹੈ ਕਿ ਇਸ ਗੇਟਮੈਨ ਨੂੰ ਪਹਿਲਾਂ ਵੀ ਆਪਣੀ ਡਿਊਟੀ ਵਿੱਚ ਲਾਪਰਵਾਹੀ ਦਾ ਦੋਸ਼ੀ ਪਾਇਆ ਗਿਆ ਸੀ। ਪਿਛਲੇ ਸਾਲ 26 ਮਈ ਨੂੰ ਉਸਨੇ ਸ਼ਰਾਬ ਦੇ ਨਸ਼ੇ ਵਿੱਚ ਘੰਟਿਆਂ ਤੱਕ ਫਾਟਕ ਬੰਦ ਰੱਖਿਆ, ਜਿਸ ਕਾਰਨ ਲੋਕਾਂ ਨੂੰ ਤੇਜ਼ ਧੁੱਪ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਫਿਰ ਉਸਨੂੰ ਫਿਰੋਜ਼ਪੁਰ ਤਬਦੀਲ ਕਰ ਦਿੱਤਾ ਗਿਆ। ਪਰ ਹੁਣ ਉਸਨੂੰ ਦੁਬਾਰਾ ਉਸੇ ਫਾਟਕ ‘ਤੇ ਤਾਇਨਾਤ ਕੀਤਾ ਹੋਇਆ ਹੈ।