ਸਾਬਕਾ ਮੁੱਖ ਮੰਤਰੀ ਚੰਨੀ ਦੀ ਜਾਇਦਾਦ ਦੀ ਜਾਂਚ ਦੀ ਕੀਤੀ ਮੰਗ
ਮੋਰਿੰਡਾ, 28 ਜੂਨ (ਭਟੋਆ)
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੀਤੇ ਦਿਨੀ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈਕੇ ਪੰਜਾਬ ਸਰਕਾਰ ਵੱਲੋਂ ਕੀਤੀ ਕਾਰਵਾਈ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਹੁਣ ਇਸ ਦੇ ਪ੍ਰਤੀਕ੍ਰਮ ਵਿੱਚ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਚੰਨੀ ਵੀ ਮੈਦਾਨ ਵਿੱਚ ਕੁੱਦ ਪਏ ਹਨ। ਜਿਸ ਕਾਰਨ ਦੋਨੋ ਚੰਨੀ ਆਹਮੋ ਸਾਹਮਣੇ ਆ ਗਏ ਹਨ।
ਇੱਕ ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ਡਾਕਟਰ ਚੰਨੀ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੀ ਗ੍ਰਿਫਤਾਰੀ ਤੋਂ ਵਿਰੁੱਧ ਸਾਰੀ ਵਿਰੋਧੀ ਧਿਰ ਇੱਕਜੁੱਟ ਹੋ ਗਈ ਹੈ ,ਜਦਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਬੰਦ ਕਰਨ ਨੂੰ ਗਲਤ ਦੱਸਣਾ ਉਨਾ ਦਾ ਆਪਾ ਵਿਰੋਧੀ ਸਟੈਂਡ ਹੈ । ਡਾਕਟਰ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੁੱਛਿਆ ਕਿ ਉਨਾਂ ਵੱਲੋਂ ਅਪਣੇ ਮੁੱਖ ਮੰਤਰੀ ਕਾਲ ਸਮੇਂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ, ਤਾਂ ਉਸੇ ਐਫਆਈਆਰ ਦੇ ਅਧਾਰ ਤੇ ਉਸ ਦੀ
ਗ੍ਰਿਫਤਾਰੀ ਕਿਵੇ ਗਲਤ ਹੈ ? ਉਹਨਾਂ ਕਿਹਾ ਕਿ ਜੇਕਰ ਇਸ ਕੇਸ ਦੀ ਪੁਰਾਣੀ ਪੈਰਵਾਈ ਦੀ ਗੱਲ ਕੀਤੀ ਜਾਵੇ ਤਾਂ 2012 ‘ਚ ਜਦੋਂ ਅਕਾਲੀਆਂ ਦੀ ਸਰਕਾਰ ਸੀ, ਤਾਂ ਜਗਦੀਸ਼ ਭੋਲੇ ਵੱਲੋ ਬਿਕਰਮ ਸਿੰਘ ਮਜੀਠੀਆ ਦੇ ਨਸ਼ਾ ਤਸਕਰਾਂ ਨਾਲ ਸਬੰਧਾਂ ਦਾ ਖੁਲਾਸਾ ਕਰਦਿਆਂ ਗੰਭੀਰ ਇਲਜ਼ਾਮ ਲਗਾਇਆ ਗਿਆ ਸੀ। ਉਹਨਾਂ ਕਿਹਾ ਕਿ ਭਾਂਵੇ ਹੁਣ ਵਿਜੀਲੈਂਸ ਵੱਲੋ ਇਸ ਸਮੇਂ ਮਾਮਲਾ ਵਾਧੂ ਜਾਇਦਾਦ ਦਾ ਦਰਜ ਕਰਕੇ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਪਰੰਤੂ ਇਹ ਜਾਇਦਾਦ ਵੀ ਬਿਕਰਮ ਸਿੰਘ ਮਜੀਠੀਆ ਵੱਲੋਂ ਉਸ ਸਮੇਂ ਹੀ ਬਣਾਈ ਗਈ ਸੀ ਜਦੋ ਉਹ ਅਕਾਲੀ ਭਾਜਪਾ ਸਰਕਾਰ ਵਿੱਚ ਮੰਤਰੀ ਸਨ। ਡਾਕਟਰ ਚੰਨੀ ਨੇ ਸਾਬਕਾ ਸੀਐਮ ਚੰਨੀ ਨੂੰ ਕਿਹਾ ਕਿ 2017 ‘ਚ ਤੁਸੀਂ ਅਤੇ ਤੁਹਾਡੇ ਸਾਥੀ ਇਹ ਕਹਿੰਦੇ ਰਹੇ ਕਿ ਜਦੋਂ ਸਾਡੀ ਸਰਕਾਰ ਆਈ, ਤਾਂ ਅਸੀਂ ਕਾਲਰ ਤੋਂ ਫੜਕੇ ਬਿਕਰਮ ਸਿੰਘ ਮਜੀਠੀਆ ਨੂੰ ਨਜ਼ਰਬੰਦ ਕਰਾਂਗੇ, ਪ੍ਰੰਤੂ ਕਾਂਗਰਸ ਸਰਕਾਰ ਨੇ ਮਜੀਠੀਆ ਖਿਲਾਫ ਕਾਰਵਾਈ ਕਰਨ ਵਿੱਚ 5 ਸਾਲ ਲੰਘਾ ਦਿੱਤੇ ਅਤੇ ਸਰਕਾਰ ਦੀ ਮਿਆਦ ਖਤਮ ਹੋਣ ਸਮੇ ਕਾਂਗਰਸ ਸਰਕਾਰ ਨੇ ਤੁਹਾਡੇ ਮੁੱਖ ਮੰਤਰੀ ਹੁੰਦਿਆ ਦਸੰਬਰ 2021 ਵਿੱਚ ਮਜੀਠੀਆ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ । ਵਿਧਾਇਕ ਨੇ ਕਿਹਾ ਕਿ ਫਿਰ ਅੱਜ ਤੁਸੀਂ ਇਸ ਕਾਰਵਾਈ ‘ਤੇ ਕਿਵੇਂ ਸਵਾਲ ਉਠਾ ਸਕਦੇ ਹੋ। ਡਾਕਟਰ ਚੰਨੀ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਮਾਮਲੇ ਵਿੱਚ ਦਰਸਾਈ ਗਈ ਜਾਇਦਾਦ , ਨਸ਼ੇ ਵੇਚ ਕੇ ਤੇ ਗੈਰ ਕਾਨੂੰਨੀ ਤੌਰ ‘ਕਮਾਏ ਗਏ ਪੈਸਿਆਂ ਨਾਲ ਬਣਾਈ ਗਈ ਹੈ , ਕਿਉਂਕਿ ਇਸ ਪੈਸੇ ਦੀਆਂ ਜਿਹੜੀਆਂ ਟਰਾਂਜੈਕਸ਼ਨ ਹਨ ਉਹ ਸਾਰੀਆਂ ਅਕਾਲੀ ਸਰਕਾਰ ਸਮੇਂ ਦੀਆਂ ਹਨ, ਇਸ ਲਈ ਮਜੀਠੀਆ ਖਿਲਾਫ ਦਰਜ ਇਹ ਕੇਸ ਬਿਲਕੁਲ ਸਹੀ ਹੈ।
ਇਸੇ ਦੌਰਾਨ ਵਿਧਾਇਕ ਚੰਨੀ ਨੇ ਸਾਬਕਾ ਸੀਐਮ ਚੰਨੀ ਖਿਲਾਫ ਵੀ ਵਿਜੀਲੈਂਸ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ
ਵਿਜੀਲੈਂਸ ਬਿਊਰੋ ਨੂੰ ਸਾਬਕਾ ਮੁੱਖ ਮੰਤਰੀ ਚੰਨੀ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਨਾਂ ਨੇ ਕਿਵੇਂ ਅਤੇ ਕਿੱਥੋਂ ਇੰਨੀਆਂ ਵੱਡੀਆਂ ਕਰੋੜਾਂ, ਅਰਬਾਂ ਰੁਪਏ ਦੀਆਂ ਜਾਇਦਾਦਾਂ ਬਣਾਈਆਂ ਹਨ , ਜਦਕਿ 1997 ਵਿਚ ਉਹ ਆਪ ਕਹਿੰਦੇ ਰਹੇ ਹਨ ਕਿ ਉਹ ਟੈਂਟ ਲਗਾਉਂਦੇ ਰਹੇ ਹਨ।
ਡਾਕਟਰ ਚਰਨਜੀਤ ਸਿੰਘ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਸਿੱਧੇ ਹੁੰਦਿਆਂ ਕਿਹਾ ਕਿ ਉਸ ਤੋਂ ਬਾਅਦ ਤੁਸੀਂ ਨਗਰ ਕੌਂਸਲ ਖਰੜ ਦੇ ਪ੍ਰਧਾਨ ਬਣੇ, ਐਮਐਲਏ, ਮੰਤਰੀ ਤੇ ਮੁੱਖ ਮੰਤਰੀ ਬਣੇ, ਜਿਸ ਤੋਂ ਬਾਅਦ ਤੁਹਾਡੀਆਂ ਅਰਬਾਂ ਰੁਪਏ ਦੀਆਂ ਜਾਇਦਾਦਾਂ ,ਜਿਨਾ ਵਿੱਚ ਮੋਰਿੰਡਾ, ਚਮਕੌਰ ਸਾਹਿਬ ਤੇ ਖਰੜ ਵਿੱਚ ਬਣਾਏ ਗਏ ਕਰੋੜਾਂ ਰੁਪਏ ਦੇ ਤਿੰਨ ਮਹਿਲ, ਸ਼ੈਲਰ ਤੇ ਭੱਠੇ ਆਦਿ ਲਈ ਪੈਸੇ ਕਿਥੋਂ ਆਏ । ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਕਿ ਤੁਹਾਡੀ ਐਡੀ ਵੱਡੀ ਜਾਇਦਾਦ ਕਿਹੜੇ ਸਾਧਨਾਂ ਰਾਹੀ ਕਿਵੇਂ ਬਣੀ ਹੈ। ਡਾਕਟਰ ਚੰਨੀ ਨੇ ਸਾਬਕਾ ਮੁੱਖ ਮੰਤਰੀ ਚੰਨੀ ਤੇ 1997- 2022 ਤੱਕ 15 ਸਾਲਾਂ ਦੇ ਕਾਰਜਕਾਲ ਦੌਰਾਨ ਇਸ ਪਵਿੱਤਰ ਹਲਕੇ ਵਿੱਚ ਨਸ਼ਾ ਅਤੇ ਰੇਤਾ ਮਾਫੀਆ ਚਲਾਉਣ ਦਾ ਵੀ ਸੰਗੀਨ ਦੋਸ਼ ਲਗਾਉਦਿਆਂ ਮੰਗ ਕੀਤੀ ਕਿ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਹੁਣ ਦੂਜੀਆਂ ਪਾਰਟੀਆਂ ਦੇ ਹੋਰ ਲੀਡਰ ਵੀ ਘਬਰਾਹਟ ਵਿੱਚ ਹਨ, ਕਿਉਂਕਿ ਸ. ਭਗਵੰਨ ਸਿੰਘ ਮਾਨ ਨੇ ਸਾਫ ਕਿਹਾ ਕਿ ਇਹ ਤਾਂ ਇੱਕ ਮਗਰਮੱਛ ਫੜਿਆ ਹੈ। ਹਾਲੇ ਤਾਂ ਹੋਰ ਬਾਕੀਆਂ ਦੀ ਵਾਰੀ ਵੀ ਆਉਣ ਵਾਲੀ ਹੈ। ਇਸ ਮੌਕੇ ਉਹਨਾਂ ਦੇ ਨਾਲ ਉਹ ਐਸਡੀ ਜਗਤਾਰ ਸਿੰਘ ਘੜੂੰਆਂ, ਬੀਰ ਦਵਿੰਦਰ ਸਿੰਘ ਬੱਲਾਂ, ਤੇਜਿੰਦਰ ਸਿੰਘ ਬਿੱਲੂ ਕਲਾਰਾਂ, ਅੰਮ੍ਰਿਤਪਾਲ ਕੌਰ ਨਾਗਰਾ ਮਨਜੀਤ ਕੌਰ ਨਿਰਮਲ ਪ੍ਰੀਤ ਸਿੰਘ ਮਿਹਰਬਾਨ ਅਤੇ ਨਵਦੀਪ ਸਿੰਘ ਟੋਨੀ ਆਦਿ ਵੀ ਸ਼ਾਮਿਲ ਸਨ।