ਲਹਿਰਾ ਮੁਹੱਬਤ: 29 ਜੂਨ, ਦੇਸ਼ ਕਲਿੱਕ ਬਿਓਰੋ
ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਚੰਦਰ ਸ਼ਰਮਾ ਅਤੇ ਬਠਿੰਡਾ ਸਰਕਲ ਸੱਕਤਰ ਸਤਵਿੰਦਰ ਸਿੰਘ, ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਆਗੂਆਂ ਜਗਰੂਪ ਸਿੰਘ, ਗੁਰਵਿੰਦਰ ਪੰਨੂੰ, ਬਲਿਹਾਰ ਸਿੰਘ, ਜਗਸੀਰ ਸਿੰਘ ਭੰਗੂ, ਖੁਸ਼ਦੀਪ ਭੁੱਲਰ, ਰਾਜੇਸ਼ ਕੁਮਾਰ ਮੌੜ ਨੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸਾਥੀ ਹਰਭਗਵਾਨ ਮੂਣਕ ‘ਤੇ ਕੁੱਝ ਗੁੰਡਿਆਂ ਵੱਲੋਂ ਕੀਤੇ ਜਾਨ ਲੇਵਾ ਹਮਲੇ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਇਰਾਦਾ ਕਤਲ ਤੇ ਐੱਸ.ਸੀ.ਐੱਸ.ਟੀ. ਐਕਟ ਤਹਿਤ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਤੁਰੰਤ ਗਿਰਫ਼ਤਾਰ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਪਿੰਡ ਗੋਬਿੰਦਪੁਰ ਪਾਪੜਾ ਜ਼ਿਲ੍ਹਾ ਸੰਗਰੂਰ ਵਿਖੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਮਾਮਲੇ ਵਿੱਚ ਮਜ਼ਦੂਰ ਆਗੂ ਹਰਭਗਵਾਨ ਮੂਣਕ ਪੇਂਡੂ ਧਨਾਂਢਾ ਦੀਆਂ ਅੱਖਾਂ ਚ ਰੜ੍ਹਕਦਾ ਸੀ ਜਿਸ ਕਰਕੇ ਪਹਿਲਾਂ ਵੀ ਕਈ ਵਾਰੀ ਮਜ਼ਦੂਰ ਆਗੂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਆਗੂਆਂ ਨੇ ਅੱਗੇ ਦੱਸਿਆ ਕਿ ਬੀਤੇ ਦਿਨੀਂ ਇਸ ਪਿੰਡ ਦੇ ਮਜ਼ਦੂਰਾਂ ਵੱਲੋਂ ਠੇਕੇ ਤੇ ਲਈ ਪੰਚਾਇਤੀ ਜ਼ਮੀਨ ਵਿੱਚ ਬੀਜੀਆਂ ਸਬਜ਼ੀਆਂ ਨੂੰ ਪਿੰਡ ਦੀ ਸਰਪੰਚ ਤੇ ਉਹਦੇ ਜ਼ਰਖਰੀਦ ਗੁੰਡਿਆਂ ਵੱਲੋਂ ਵਾਹ ਦਿੱਤਾ ਸੀ, ਪਰ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮਾਮਲੇ ਨੂੰ ਲੈਕੇ ਪਿੰਡ ਗੋਬਿੰਦਪੁਰ ਪਾਪੜਾ ਦੇ ਮਜ਼ਦੂਰ ਇਕੱਠੇ ਹੋਏ ਸਨ। ਚੌਧਰੀਆਂ ਨੇ ਪਿੰਡ ਵਿੱਚ ਹੀ ਮਜ਼ਦੂਰ ਆਗੂ ਹਰਭਗਵਾਨ ਮੂਣਕ ਨਾਲ ਹੱਥੋਪਾਈ ਕੀਤੀ ਤੇ ਪਿੰਡ ਦੇ ਮਜ਼ਦੂਰਾਂ ਨੂੰ ਜਾਤੀ ਸੂਚਕ ਗਾਲੀ ਗਲੋਚ ਕੀਤਾ। ਜਦੋਂ ਮਜ਼ਦੂਰ ਡੀ.ਐੱਸ.ਪੀ.ਦਫਤਰ ਮੂਣਕ ਵਿਖੇ ਇਸ ਘਟਨਾ ਦੀ ਸ਼ਿਕਾਇਤ ਕਰਨ ਜਾ ਰਹੇ ਸਨ ਤਾਂ ਪਿੰਡ ਪਾਪੜਾ ਦੇ ਚੌਧਰੀਆਂ ਦੇ ਗੁੰਡਿਆਂ ਨੇ ਸ਼ਰੇ ਬਜਾਰ ਮਜ਼ਦੂਰ ਆਗੂ ਹਰਭਗਵਾਨ ਮੂਣਕ ਤੇ ਜਾਨ ਲੇਵਾ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਆਗੂਆਂ ਨੇ ਇਸ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਜਲਦ ਗਿ੍ਫਤਾਰ ਨਾ ਕੀਤਾ ਤਾਂ ਬਿਜਲੀ ਮੁਲਾਜ਼ਮ ਪੀੜਤ ਮਜਦੂਰ ਆਗੂ ਨੂੰ ਇਨਸਾਫ ਦਿਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਵਿੱਚ ਸਾਮਿਲ ਹੋਣਗੇ !