ਹਮੇਸ਼ਾ ਨਸ਼ਿਆਂ ਤੇ ਨਸ਼ਾ ਤਸਕਰਾਂ ਵਿਰੁੱਧ ਲੜਾਈ ਲੜਦਾ ਰਿਹਾ ਹਾਂ ਅਤੇ ਰਹਾਂਗਾ: ਸਾਂਸਦ ਚਰਨਜੀਤ ਚੰਨੀ 

ਪੰਜਾਬ

ਪ੍ਰਗਟ ਸਿੰਘ ‘ਤੇ ਵੀ ਪਰਚਾ ਦਰਜ ਕੀਤੇ ਜਾਣ ਦਾ ਖਦਸ਼ਾ ਪ੍ਰਗਟ ਕੀਤਾ

ਮੋਰਿੰਡਾ, 29 ਜੂਨ (ਭਟੋਆ) 

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਸਪਸ਼ਟ ਕੀਤਾ ਹੈ ਕਿ ਉਹ ਹਮੇਸ਼ਾ ਨਸ਼ਿਆਂ ਵਿਰੁੱਧ ਲੜਾਈ ਲੜਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਨਸ਼ਿਆਂ ਤੇ ਨਸ਼ਾ ਤਸਕਰਾਂ (drug traffickers) ਵਿਰੁੱਧ ਲੜਾਈ ਜਾਰੀ ਰੱਖਣਗੇ । ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਬਿਕਰਮ ਸਿੰਘ ਮਜੀਠੀਏ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਝੂਠਾ ਪ੍ਰਚਾਰ ਕਰਨ ਦਾ ਦੋਸ਼ ਲਗਾਉਂਦਿਆ ਕਿਹਾ ਕਿ ਸਰਕਾਰ ਵੱਲੋਂ ਮਜੀਠੀਏ ਖਿਲਾਫ ਜੋ ਪਰਚਾ ਦਰਜ ਕੀਤਾ ਗਿਆ ਹੈ।  ਉਹ ਨਸ਼ਿਆਂ ਦਾ ਨਹੀਂ ਹੈ ਸਗੋਂ ਅਮਦਨੀ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ , ਜਦਕਿ ਉਹਨਾਂ ਦੀ ਸਰਕਾਰ ਵੇਲੇ ਮਜੀਠੀਏ ਵਿਰੁਧ ਦਰਜ ਕੀਤੇ ਗਏ ਨਸ਼ਿਆਂ ਸਬੰਧੀ ਮਾਮਲੇ ਨੂੰ  ਪੰਜਾਬ ਸਰਕਾਰ ਨੇ ਅੱਗੇ ਨਹੀਂ ਵਧਾਇਆ।ਉਹਨਾਂ ਸਪਸ਼ਟ ਕੀਤਾ ਕਿ ਉਹ ਪਹਿਲਾਂ ਵੀ ਨਸ਼ਿਆਂ ਦੇ ਖਿਲਾਫ ਸਨ, ਹੁਣ ਵੀ ਹਨ ਅਤੇ ਭਵਿੱਖ ਵਿੱਚ ਵੀ ਰਹਿਣਗੇ। 

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਆਪ ਸਰਕਾਰ ਨੂੰ ਪੰਜਾਬ ਦੀ ਜਨਤਾ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹਨਾਂ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਦਸੰਬਰ 2021 ਵਿੱਚ ਮਜੀਠੀਏ ਵਿਰੁੱਧ ਨਸ਼ਿਆਂ ਸੰਬੰਧੀ ਦਰਜ ਕੀਤੇ ਮੁਕਦਮੇ ਦਾ ਸਰਕਾਰ ਵੱਲੋਂ ਚਲਾਨ ਪੇਸ਼ ਕਿਉਂ ਨਹੀਂ ਕੀਤਾ ਗਿਆ ? ਅਤੇ ਉਸ ਦਾ ਰਿਮਾਂਡ ਕਿਉਂ ਨਹੀਂ ਮੰਗਿਆ ਗਿਆ? ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਾਢੇ ਤਿੰਨ ਸਾਲ ਬਾਅਦ ਮਜੀਠੀਏ ਵਿਰੁੱਧ ਜੋ ਕਾਰਵਾਈ ਕੀਤੀ ਗਈ ਹੈ ,  ਉਹ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ  ਨਵਾਂ ਮੁਕੱਦਮਾ ਦਰਜ ਕਰਕੇ ਕੀਤੀ ਜਾ ਰਹੀ ਹੈ ਜਦਕਿ ਉਹਨਾਂ ਵੱਲੋਂ ਦਰਜ ਕੀਤੇ ਮੁਕੱਦਮੇ ਨੂੰ ਸਰਕਾਰ ਵੱਲੋਂ ਨਜ਼ਰ ਅੰਦਾਜ਼ ਕਰ ਦਿੱਤਾ ਗਿਆ।  ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਵਿਜੀਲੈਂਸ ਬਿਊਰੋ ਕੁਰਪੱਸ਼ਨ ਕੇਸਾਂ ਦੀ ਜਾਂਚ ਕਰਨ ਲਈ ਅਧਿਕਾਰਤ ਹੈ ਨਾ ਕਿ ਨਸ਼ਿਆਂ ਦੇ ਕੇਸਾਂ ਲਈ।  ਉਹਨਾਂ ਕਿਹਾ ਕਿ ਉਹ ਹਮੇਸ਼ਾ ਨਸ਼ਿਆਂ ਵਿਰੁਧ  ਤੇ ਖਾਸ ਕਰਕੇ ਬਿਕਰਮ ਸਿੰਘ ਮਜੀਠੀਆ ਦਾ ਵਿਰੋਧ ਕਰਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਇਹ ਵਿਰੋਧ ਜਾਰੀ ਰਹੇਗਾ ।  ਉਹਨਾਂ ਕਿਹਾ ਕਿ ਪੰਜਾਬ ਸਰਕਾਰ ਜਾਂ ਵਿਜੀਲੈਂਸ ਬਿਊਰੋ ਇਸ ਮਾਮਲੇ ਵਿੱਚ ਉਹਨਾਂ ਦੀ ਕੋਈ  ਗਵਾਹੀ ਦਰਜ ਕਰਨ ਦੀ ਲੋੜ ਮਹਿਸੂਸ ਕਰਦੀ ਹੈ ਤਾਂ ਉਹ ਹਰ ਸਮੇਂ ਆਪਣੀ ਗਵਾਹੀ ਦਰਜ ਕਰਵਾਉਣ ਲਈ ਤਿਆਰ ਹਨ।  ਸ੍ਰੀ ਚਮਕੌਰ ਸਾਹਿਬ ਦੇ ਮੌਜੂਦਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਉਹਨਾਂ ਉਪਰ ਨਸ਼ਿਆਂ ਤੇ ਰੇਤ ਮਾਫੀਏ ਜੀ ਸਰਪ੍ਰਸਤੀ ਕਰਨ ਅਤੇ ਉਹਨਾਂ ਦੀ ਜਾਇਦਾਦ ਦੀ ਉੱਚ ਪੱਧਰੀ ਜਾਂਚ ਦੀ ਮੰਗ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਚੰਨੀ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਉਹਨਾਂ ਦੇ ਬੈਂਕ ਖਾਤਿਆਂ ਅਤੇ ਜਾਇਦਾਦ ਸਬੰਧੀ ਪਹਿਲਾਂ ਹੀ ਜਾਂਚ ਕੀਤੀ ਜਾ ਚੁੱਕੀ ਹੈ ਪ੍ਰੰਤੂ ਫਿਰ ਵੀ ਜੇਕਰ  ਸਰਕਾਰ ਮੁੜ ਜਾਂਚ ਕਰਵਾਉਣ ਦੀ ਇੱਛਾ ਰੱਖਦੀ ਹੈ  ਤਾਂ ਉਹ ਕਿਸੇ ਵੀ ਜਾਂਚ ਲਈ ਤਿਆਰ ਹਨ।  ਡਾਕਟਰ ਵਿਜੇ ਸਿੰਗਲਾ ਨੂੰ ਕਲੀਨ ਚਿੱਟ ਦੇਣ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਡਾਕਟਰ ਸਿੰਗਲਾ ਵਿਰੁੱਧ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਰਜ ਕਰਵਾਇਆ ਗਿਆ ਸੀ , ਜਿਨਾ ਕੋਲ  ਗ੍ਰਹਿ ਵਿਭਾਗ ਵੀ ਹੈ, ਅਤੇ ਉਹੀ ਇਸ ਮਾਮਲੇ ਵਿੱਚ ਮੁੱਖ ਗਵਾਹ ਸਨ । ਉਹਨਾਂ ਸਵਾਲ ਕੀਤਾ ਕਿ ਕੀ ਹੁਣ ਮੁੱਖ ਮੰਤਰੀ ਆਪਣੀ ਗਵਾਹੀ ਤੋਂ ਭੱਜ ਗਏ ਹਨ? ਜਿਸ ਕਾਰਨ ਡਾਕਟਰ ਸਿੰਗਲਾ  ਨੂੰ ਕਲੀਨ ਚਿੱਟ ਮਿਲੀ ਹੈ।  ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਹ ਨੀਤੀ ਹੈ ਕਿ ਪਹਿਲਾਂ ਆਪਣੇ ਕਿਸੇ ਵਿਧਾਇਕ ਜਾਂ ਮੰਤਰੀ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾਵੇ ਅਤੇ ਉਸ ਉਪਰੰਤ ਵਿਰੋਧੀ ਧਿਰ ਦੇ ਆਗੂਆਂ,  ਖਾਸ ਕਰਕੇ ਕਾਂਗਰਸੀ ਆਗੂਆਂ ਵਿਰੁੱਧ ਮੁਕੱਦਮੇ ਦਰਜ ਕੀਤੇ ਜਾਣ,  ਅਤੇ ਉਨਾ ਨੂੰ ਬਦਨਾਮ ਤੇ ਖੱਜਲ ਖੁਆਰ ਕੀਤਾ ਜਾਵੇ। ਉਹਨਾਂ ਕਿਹਾ ਕਿ ਆਪ  ਸਰਕਾਰ ਵੱਲੋਂ ਕਾਂਗਰਸੀ ਆਗੂਆਂ ਖਿਲਾਫ ਦਰਜ ਕੀਤੇ ਮਾਮਲੇ ਹਾਈਕੋਰਟ ਵੱਲੋਂ ਰੱਦ ਕਰ ਦੇਣ ਨਾਲ ਸਰਕਾਰ ਦੀ ਅਸਲੀਅਤ ਲੋਕਾਂ ਸਾਹਮਣੇ ਆ ਗਈ ਹੈ। ਇਸ ਮੌਕੇ ਤੇ ਚੰਨੀ ਨੇ ਪ੍ਰਗਟ ਸਿੰਘ ‘ਤੇ ਵੀ ਪਰਚਾ ਦਰਜ ਕੀਤੇ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਅਤੇ ਕਿਹਾ ਕਿ ਜਿਸ ਆਗੂ ਨੇ ਲਗਾਤਾਰ 10 ਸਾਲ ਹਾਕੀ ਦੀ ਕਪਤਾਨੀ ਕਰਕੇ ਦੇਸ਼ ਦੀ ਪ੍ਰਤੀਨਿਧਤਾ ਕੀਤੀ ਹੋਵੇ ,ਉਸ ਨੂੰ ਅਜਿਹੇ ਝੂਠੇ ਤੇ ਬੇਬੁਨਿਆਦ ਮਾਮਲਿਆਂ ਵਿੱਚ ਫਸਾਉਣ ਲਈ ਕਾਰਵਾਈ ਕਰਨਾ ਅਫਸੋਸਨਾਕ ਹੈ।

 ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ। ਇਸ ਮੌਕੇ ਤੇ ਉਹਨਾਂ ਦੇ ਨਾਲ ਬਲਾਕ ਕਾਂਗਰਸ ਦੇ  ਪ੍ਰਧਾਨ ਦਰਸ਼ਨ ਸਿੰਘ ਸੰਧੂ, ਰਣਜੋਧ ਸਿੰਘ ਜੋਤੀ, ਕੌਂਸਲਰ ਪਿੰਕੀ ਕੌਰ, ਗੁਰਮੀਤ ਸਿੰਘ ਬੜਾ,   ਠੇਕੇਦਾਰ ਬਲਵਿੰਦਰ ਸਿੰਘ  ਲਾਲਾ ਅਤੇ ਹੋਰ ਅਨੇਕਾਂ ਕਾਂਗਰਸੀ ਆਗੂ ਸ਼ਾਮਿਲ ਸਨ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।