ਬਿਰਧ ਆਸ਼ਰਮ ਵਿਖੇ ਮੁਫ਼ਤ ਸਿਹਤ ਤੇ ਮੈਡੀਕਲ ਸੁਵਿਧਾ, ਖਾਣਾ ਪੀਣਾ, ਸੁਰੱਖਿਆ ਤੇ ਸੰਭਾਲ ਤੋਂ ਇਲਾਵਾ ਲਾਇਬ੍ਰੇਰੀ ਦੀ ਮਿਲੇਗੀ ਸੁਵਿਧਾ
*ਲੋੜਵੰਦ ਤੇ ਬੇਆਸਰਾ ਬਜ਼ੁਰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 12 ‘ਚ ਦੇ ਸਕਦੇ ਨੇ ਅਰਜ਼ੀ*
ਮਾਨਸਾ, 30 ਜੂਨ: ਦੇਸ਼ ਕਲਿੱਕ ਬਿਓਰੋ
ਮਾਨਸਾ ਵਿਖੇ ਲੋੜਵੰਦ ਬਜ਼ੁਰਗਾਂ ਦੇ ਰਹਿਣ ਲਈ 72 ਬੈੱਡਾਂ ਵਾਲਾ ਬਿਰਧ ਆਸ਼ਰਮ (Old age home) ਬਣਾਇਆ ਜਾ ਰਿਹਾ ਹੈ ਜੋ ਜਲਦੀ ਬਣ ਕੇ ਤਿਆਰ ਹੋ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿੱਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬਣਾਏ ਜਾ ਰਹੇ ਇਸ ਬਿਰਧ ਆਸ਼ਰਮ ਨਾਲ ਲੋੜਵੰਦ ਤੇ ਬੇਸਹਾਰਾ ਬਜ਼ੁਰਗਾਂ ਨੂੰ ਨਿਵਾਸ ਮਿਲੇਗਾ। ਉਨ੍ਹਾਂ ਦੱਸਿਆ ਕਿ ਜੋ ਲੋੜਵੰਦ ਬਜ਼ੁਰਗ ਬਿਰਧ ਆਸ਼ਰਮ ਵਿਚ ਰਹਿਣਗੇ ਉਨ੍ਹਾਂ ਨੂੰ ਆਸ਼ਰਮ ਵਿਖੇ ਮੁਫ਼ਤ ਸਿਹਤ ਤੇ ਮੈਡੀਕਲ ਸੁਵਿਧਾ, ਖਾਣਾ ਪੀਣਾ, ਸੁਰੱਖਿਆ ਤੇ ਸੰਭਾਲ ਤੋਂ ਇਲਾਵਾ ਲਾਇਬ੍ਰੇਰੀ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡਾ ਸਰਮਾਇਆ ਹੁੰਦੇ ਹਨ ਅਤੇ ਉਨ੍ਹਾਂ ਬਜ਼ੁਰਗ ਅਵਸਥਾ ਵਿਚ ਬੇਆਸਰਿਆਂ ਨੂੰ ਆਸਰਾ ਦੇਣਾ ਮਨੁੱਖ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦਾ ਬੁਢਾਪਾ ਨਾ ਰੁਲੇ, ਇਸ ਦੇ ਲਈ ਬਿਰਧ ਆਸ਼ਰਮ ਉਨ੍ਹਾਂ ਲਈ ਆਸਰਾ ਬਣਦਾ ਹੈ।
ਉਨ੍ਹਾਂ ਕਿਹਾ ਕਿ ਜੋ ਵੀ ਲੋੜਵੰਦ ਤੇ ਬੇਸਹਾਰਾ ਬਜ਼ੁਰਗ ਬਿਰਧ ਆਸ਼ਰਮ (Old age home) ਵਿਚ ਰਹਿਣਾ ਚਾਹੁੰਦੇ ਹਨ ਉਹ ਆਪਣਾ ਆਧਾਰ ਕਾਰਡ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮਾਨਸਾ ਗਰਾਊਂਡ ਫਲੋਰ, ਕਮਰਾ ਨੰਬਰ 12 ਵਿਖੇ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਲਵਨੀਨ ਕੌਰ ਬੜਿੰਗ ਤੋਂ ਇਲਾਵਾ ਬੀ.ਡੀ.ਪੀ.ਓਜ਼., ਸੀ.ਡੀ.ਪੀ.ਓਜ਼. ਆਦਿ ਹਾਜ਼ਰ ਸਨ।