ਸੰਗਰੂਰ, 30 ਜੂਨ, ਦੇਸ਼ ਕਲਿਕ ਬਿਊਰੋ :
Sangrur: Gas Cylinder Explosion: ਸੰਗਰੂਰ ਦੇ ਨਜ਼ਦੀਕੀ ਪਿੰਡ ਉੱਪਲੀ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ।ਰਸੋਈ ‘ਚ ਚਾਹ ਬਣਾਉਣ ਦੌਰਾਨ ਗੈਸ ਸਿਲੰਡਰ ਵਿੱਚ ਧਮਾਕਾ ਹੋ ਗਿਆ।ਇਸ ਧਮਾਕੇ ਕਾਰਨ ਪਤੀ ਦੀ ਮੌਤ ਹੋ ਗਈ ਤੇ ਪਤਨੀ ਗੰਭੀਰ ਜ਼ਖ਼ਮੀ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ (55), ਜੋ ਕਿ ਸਕੂਲ ਵੈਨ ਵਿੱਚ ਕੰਡਕਟਰੀ ਕਰਦਾ ਸੀ, ਘਰ ਦੇ ਵਿਹੜੇ ਵਿਚ ਸੁੱਤਾ ਹੋਇਆ ਸੀ। ਇਸ ਦੌਰਾਨ ਉਸਦੀ ਪਤਨੀ ਹਰਦੀਪ ਕੌਰ (50) ਰਸੋਈ ਵਿੱਚ ਚਾਹ ਬਣਾਉਣ ਦੀ ਤਿਆਰੀ ਕਰ ਰਹੀ ਸੀ। ਗੈਸ ਚਲਾਉਂਦੇ ਹੀ ਅਚਾਨਕ ਸਿਲੰਡਰ ਫਟ ਗਿਆ ਅਤੇ ਧਮਾਕਾ ਇਨਾ ਭਿਆਨਕ ਸੀ ਕਿ ਰਸੋਈ ਦੀ ਛੱਤ ਤੇ ਕੰਧਾਂ ਢਹਿ ਗਈਆਂ।
ਕੰਧਾ ਢਹਿਣ ਕਾਰਨ ਕਰਮਜੀਤ ਸਿੰਘ ਮਲਬੇ ਹੇਠ ਦੱਬ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਪਤਨੀ ਹਰਦੀਪ ਕੌਰ ਅਤੇ ਪੁੱਤਰ ਵੀ ਹਾਦਸੇ ਦੌਰਾਨ ਜ਼ਖ਼ਮੀ ਹੋ ਗਏ। ਪੁੱਤਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਤੁਰੰਤ ਸਿਵਲ ਹਸਪਤਾਲ ਸੰਗਰੂਰ ਭਰਤੀ ਕਰਵਾਇਆ ਗਿਆ।
ਪਿੰਡ ਦੇ ਸਰਪੰਚ ਜੰਗੀਰ ਸਿੰਘ ਅਤੇ ਪੰਚ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਮਾਕੇ ਦੀ ਆਵਾਜ਼ ਸੁਣਕੇ ਪਿੰਡ ਵਾਸੀਆਂ ਨੇ ਮਦਦ ਕੀਤੀ ਤੇ ਮਲਬਾ ਹਟਾ ਕੇ ਕਰਮਜੀਤ ਨੂੰ ਕੱਢਿਆ ਪਰ ਉਸ ਦੀ ਜ਼ਿੰਦਗੀ ਬਚਾਈ ਨਾ ਜਾ ਸਕੀ।
