ਸਰਕਾਰ ਪੀੜਤਾਂ ਦਾ ਕਰ ਰਹੀ ਹੈ ਮੁਫ਼ਤ ਇਲਾਜ-ਡਿਪਟੀ ਕਮਿਸ਼ਨਰ
-ਨਸ਼ੇ ਵੇਚਣ ਵਾਲਿਆਂ ਤੇ ਹੋ ਰਹੀ ਹੈ ਸਖ਼ਤ ਕਾਰਵਾਈ –ਐਸਐਸਪੀ
ਜਲਾਲਾਬਾਦ, 3 ਜੁਲਾਈ, ਦੇਸ਼ ਕਲਿੱਕ ਬਿਓਰੋ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟ ਆਸ ਨੌਜਵਾਨਾਂ ਲਈ ਜੀਵਨ ਦੀ ਨਵੀਂ ਆਸ ਬਣ ਕੇ ਉਭਰਿਆ ਹੈ। ਜ਼ਿਲ੍ਹੇ ਵਿਚ ਲਗਾਏ ਜਾ ਰਹੇ ਇੰਨ੍ਹਾਂ ਕੈਂਪਾਂ ਵਿਚ ਲੋਕ ਪ੍ਰਸ਼ਾਸਨ ਦੇ ਸੱਦੇ ਤੇ ਨਸ਼ੇ ਛੱਡਣ ਦੀ ਇੱਛਾ ਨਾਲ ਆਪਣੀ ਰਜਿਸਟ੍ਰੇਸ਼ਨ ਕਰਵਾ ਰਹੇ ਹਨ।
ਇਸੇ ਲੜੀ ਤਹਿਤ ਅੱਜ ਜਲਾਲਾਬਾਦ ਵਿਖੇ ਇਕ ਆਊਟਰੀਚ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਵਿਚ ਬੋਲਦਿਆਂ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਨਸ਼ਾ ਇਕ ਬਿਮਾਰੀ ਹੈ ਜਿਸ ਦਾ ਇਲਾਜ ਸੰਭਵ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਨਸ਼ੇ ਤੋਂ ਪੀੜਤ ਇਲਾਜ ਲਈ ਅੱਗੇ ਆਉਣ। ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਲਾਜ ਕਰਵਾਉਣ ਵਾਲੇ ਦੀ ਪਹਿਚਾਣ ਗੁਪਤ ਰਹਿੰਦੀ ਹੈ ਅਤੇ ਜੋ ਬੰਦਾ ਸਮਾਜ ਦੀ ਮੁੱਖ ਧਾਰਾ ਵਿਚ ਆਊਣ ਲਈ ਆਪਣਾ ਇਲਾਜ ਸ਼ੁਰੂ ਕਰਵਾਊਂਦਾ ਹੈ ਉਸ ਤੋਂ ਕੋਈ ਬੇਲੋੜੀ ਪੁੱਛਗਿੱਛ ਵੀ ਨਹੀਂ ਕੀਤੀ ਜਾਂਦੀ ਹੈ।
ਐਸਐਸਪੀ ਗੁਰਮੀਤ ਸਿੰਘ ਨੇ ਆਖਿਆ ਕਿ ਪੁਲਿਸ ਵੱਲੋਂ ਨਸ਼ੇ ਦੇ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਕਾਰਨ ਨਸ਼ੇ ਦੀ ਸਪਲਾਈ ਘਟੀ ਹੈ ਅਤੇ ਪੁਲਿਸ ਹੁਣ ਪੀੜਤਾਂ ਨੂੰ ਇਲਾਜ ਲਈ ਪ੍ਰੇਰਿਤ ਕਰ ਰਹੀ ਹੈ ਤਾਂ ਜੋ ਸਾਡੇ ਇੰਨ੍ਹਾਂ ਨੌਜਵਾਨਾਂ ਨੂੰ ਮੁੜ ਜਿੰਦਗੀ ਨਾਲ ਜੋੜ ਕੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਖੁਸ਼ੀਆਂ ਵਾਪਿਸ ਲਿਆਂਦੀਆਂ ਜਾ ਸਕਨ।
ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਦੌਰਾਨ 28 ਲੋਕਾਂ ਨੇ ਮੌਕੇ ਤੇ ਹੀ ਨਸ਼ੇ ਛੱਡਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਇੰਨ੍ਹਾਂ ਦਾ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਇਲਾਜ ਕੀਤਾ ਜਾਵੇਗਾ।
ਐਸਡੀਐਮ ਕੰਵਰਜੀਤ ਸਿੰਘ ਮਾਨ ਨੇ ਕਿਹਾ ਕਿ ਨਸ਼ੇ ਨੂੰ ਸਾਂਝੇ ਸਮਾਜਿਕ ਯਤਨਾਂ ਨਾਲ ਅਸੀਂ ਹੋਰ ਵੀ ਛੇਤੀ ਰੋਕ ਲਵਾਂਗੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਨਸ਼ਾ ਮਿਲਦਾ ਹੈ ਤਾਂ ਉਸਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
ਇਸ ਮੌਕੇ ਡਾਕਟਰਾਂ ਦੀ ਟੀਮ ਵੀ ਮੌਕੇ ਤੇ ਹਾਜਰ ਸੀ। ਇੱਥੇ ਡਾ ਐਰਿਕ ਨੇ ਵੀ ਸੰਬੋਧਨ ਕੀਤਾ।
