9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਐਲਾਨ
ਮੋਰਿੰਡਾ 3 ਜੁਲਾਈ ਭਟੋਆ
ਪੰਜਾਬ ਸਰਕਾਰ ਅਤੇ ਪਾਵਰਕੋਮ ਮੈਨੇਜਮੈਂਟ ਵੱਲੋਂ ਜਥੇਬੰਦੀਆਂ ਨਾਲ ਹੋਏ ਸਮਝੌਤਿਆਂ ਨੂੰ ਲਾਗੂ ਨਾ ਕਰਨ ਦੇ ਵਿਰੋਧ ਵਿਚ ਜੁਆਇੰਟ ਫੋਰਮ, ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਪੰਜਾਬ ਦੇ ਸਾਂਝੇ ਫੈਸਲੇ ਦੇ ਤਹਿਤ ਸਬ ਡਿਵੀਜ਼ਨ ਦਫ਼ਤਰ ਮੋਰਿੰਡਾ ਦੇ ਗੇਟ ਉੱਤੇ ਰੋਸ ਰੈਲੀ ਕੀਤੀ ਗਈ ਅਤੇ 9 ਜੁਲਾਈ ਨੂੰ ਕੀਤੀ ਜਾਣ ਵਾਲੀ ਦੇਸ਼ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ।
ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੁਬਾਈ ਆਗੂ ਸੁੱਖਵਿੰਦਰ ਸਿੰਘ ਦੁੱਮਣਾ ਮੈਬਰ ਜੁਆਇੰਟ ਫੋਰਮ ਪੰਜਾਬ ਨੇ ਦੱਸਿਆ ਕਿ 02 ਜੂਨ ਨੂੰ ਬਿਜਲੀ ਮੰਤਰੀ ਦੀ ਮੌਜੂਦਗੀ ਵਿੱਚ ਹੋਏ ਸਮਝੌਤੇ ਦੇ ਬਾਵਜੂਦ ਪਾਵਰਕੋਮ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਆਨਾ-ਕਨੀ ਕਰ ਰਹੀ ਹੈ। ਜਿਸ ਕਾਰਨ, ਮੁਜ਼ਦੂਰ ਜਥੇਬੰਦੀਆਂ ਵੱਲੋ 25 ਜੂਨ ਤੋਂ ਵਰਕ-ਟੂ-ਰੂਲ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ, ਜਿਸ ਤਹਿਤ ਬਿਜਲੀ ਮੁਲਾਜ਼ਮ ਅਣਮਿੱਥੇ ਸਮੇਂ ਤੱਕ ਸਿਰਫ਼ 8 ਘੰਟਿਆਂ ਦੀ ਡਿਊਟੀ ਕਰ ਰਹੇ ਹਨ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪਾਵਰਕੋਮ ਮੈਨੇਜਮੈਂਟ ਵੱਲੋਂ ਮੁਲਾਜ਼ਮ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਬਰਿੰਦਰ ਸਿੰਘ (ਸੀਨੀਅਰ ਮੀਤ ਪ੍ਰਧਾਨ ਐਮਐਸਯੂ ਪੰਜਾਬ), ਸਿਮਰਪ੍ਰੀਤ ਸਿੰਘ (ਡਿਵੀਜ਼ਨ ਪ੍ਰਧਾਨ ਐਮਐਸਯੂ) ਅਤੇ ਬਲਜਿੰਦਰ ਸਿੰਘ (ਡਿਵੀਜ਼ਨ ਸਕੱਤਰ ਟੀਐਸਯੂ) ਆਦਿ ਬੁਲਾਰਿਆਂ
ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀਆਂ ਨਿਜੀਕਰਨ ਅਤੇ ਨਿਗਮੀਕਰਨ ਨੀਤੀਆਂ, ਅਤੇ 44 ਲੇਬਰ ਕਾਨੂੰਨਾਂ ਨੂੰ 4 ਲੇਬਰ ਕੋਡਾਂ ਵਿੱਚ ਤਬਦੀਲ ਕਰਨ ਦੇ ਵਿਰੋਧ ਵਿੱਚ 9 ਜੁਲਾਈ ਨੂੰ ਹੋਣ ਵਾਲੀ ਦੇਸ਼ ਵਿਆਪੀ ਹੜਤਾਲ ਵਿੱਚ ਪਾਵਰਕੋਮ ਮੁਲਾਜ਼ਮ ਵਧ-ਚੜ੍ਹ ਕੇ ਭਾਗ ਲੈਣਗੇ।
ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ ’ਚ 4 ਬੱਚਿਆਂ ਸਮੇਤ 5 ਦੀ ਮੌਤ
ਇਸ ਰੋਸ ਰੈਲੀ ਵਿੱਚ ਗੁਰਨਾਮ ਸਿੰਘ, ਜਸਬੀਰ ਸਿੰਘ, ਅਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਸਿਮਰਨਜੀਤ ਸਿੰਘ, ਗੁਲਜ਼ਾਰ ਸਿੰਘ, ਮੈਡਮ ਹਰਮਨ ਕੌਰ, ਮਨੋਜ ਕੁਮਾਰ, ਮੈਡਮ ਮਨਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜ਼ਮਾਂ ਨੇ ਭਾਗ ਲਿਆ ਅਤੇ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।