ਲੁਧਿਆਣਾ, 4 ਜੁਲਾਈ, ਦੇਸ਼ ਕਲਿਕ ਬਿਊਰੋ :
ਪੰਜਾਬ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਢਾਈ ਸਾਲ ਪਹਿਲਾਂ ਵਰਕ ਵੀਜ਼ੇ ‘ਤੇ ਕੈਨੇਡਾ ਦੇ ਐਡਮਿੰਟਨ ਗਿਆ ਸੀ। ਮ੍ਰਿਤਕ ਦੀ ਪਛਾਣ ਹਰਕਮਲ (26) ਵਜੋਂ ਹੋਈ ਹੈ, ਜੋ ਲੁਧਿਆਣਾ ਜ਼ਿਲ੍ਹੇ ਪਿੰਡ ਦਾਦ ਦਾ ਰਹਿਣ ਵਾਲਾ ਸੀ। ਹਰਕਮਲ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਦਾ ਵੀ ਕਰੀਬੀ ਦੱਸਿਆ ਜਾ ਰਿਹਾ ਹੈ।
ਹਰਕਮਲ ਦੀ ਮੌਤ ਤੋਂ ਬਾਅਦ ਵਿਧਾਇਕ ਅਯਾਲੀ ਨੇ ਵੀ ਆਪਣੇ ਸੋਸ਼ਲ ਮੀਡੀਆ ‘ਤੇ ਹਰਕਮਲ ਦੀ ਫੋਟੋ ਸਾਂਝੀ ਕਰਕੇ ਦੁੱਖ ਪ੍ਰਗਟ ਕੀਤਾ ਹੈ। ਹਰਕਮਲ ਆਪਣੇ ਦੋਸਤਾਂ ਨਾਲ ਕੈਨੇਡਾ ਵਿੱਚ ਪੀਜੀ ਵਿੱਚ ਰਹਿ ਰਿਹਾ ਸੀ।
ਹਰਕਮਲ ਦੇ ਦਾਦਾ ਗੁਰਮੀਤ ਸਿੰਘ ਨੇ ਕਿਹਾ ਕਿ ਹਰਕਮਲ ਮੇਰੇ ਭਰਾ ਦਾ ਪੋਤਾ ਸੀ। ਉਨ੍ਹਾਂ ਦੱਸਿਆ ਕਿ ਸਾਨੂੰ ਕੈਨੇਡਾ ਤੋਂ ਫ਼ੋਨ ਆਇਆ। ਜਿਸ ਟਰਾਂਸਪੋਰਟ ਕੰਪਨੀ ਵਿੱਚ ਹਰਕਮਲ ਕੰਮ ਕਰਦਾ ਹੈ, ਉਹ ਨੇੜਲੇ ਪਿੰਡ ਦਾਖਾ ਦੇ ਲੋਕਾਂ ਦੀ ਹੈ। ਉਨ੍ਹਾਂ ਨੇ ਫ਼ੋਨ ਕਰਕੇ ਪਰਿਵਾਰ ਨੂੰ ਹਰਕਮਲ ਦੀ ਮੌਤ ਬਾਰੇ ਸੂਚਿਤ ਕੀਤਾ। ਉਸਦੇ ਦੋਸਤ ਉਸਨੂੰ ਹਸਪਤਾਲ ਵੀ ਲੈ ਕੇ ਗਏ, ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ।
