ਨੌਕਰੀ ਤੋਂ ਕੱਢੇ ਜਾਣ ਵਿਰੁੱਧ ਕਰ ਰਹੇ ਨੇ ਸੰਘਰਸ਼
ਮਾਨਸਾ, 4 ਜੁਲਾਈ, ਦੇਸ਼ ਕਲਿੱਕ ਬਿਓਰੋ :
ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਅਧਿਆਪਕ (Teachers) ਅੱਜ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ਉਤੇ ਚੜ੍ਹ ਗਏ। ਪਿਛਲੇ ਕਈ ਸਾਲਾਂ ਤੋਂ ਸਕੂਲ ਵਿੱਚ ਕੰਮ ਕਰਦੇ ਐਸਐਲਏ ਅਤੇ ਅਧਿਆਪਕਾਂ ਨੂੰ ਪਿਛਲੇ ਦਿਨੀਂ ਡਿਊਟੀ ਤੋਂ ਹਟਾ ਦਿੱਤਾ ਗਿਆ ਸੀ। ਜਿਸ ਨੂੰ ਲੈ ਅਧਿਆਪਕ ਸੰਘਰਸ਼ ਕਰ ਰਹੇ ਹਨ। ਆਦਰਸ਼ ਸਕੂਲ ਭੂਪਾਲ ਦੇ ਅਧਿਆਪਕ ਪਿਛਲੇ ਕਈ ਦਿਨਾਂ ਸਕੂਲ ਦੇ ਬਾਹਰ ਪੱਕਾ ਮੋਰਚਾ ਲਗਾ ਕੇ ਸੰਘਰਸ਼ ਕਰ ਰਹੇ ਸਨ। ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ। ਅਧਿਆਪਕਾਂ ਨੇ ਕਿਹਾ ਕਿ ਇਸ ਕਾਰਨ ਅੱਜ ਮਜ਼ਬੂਰੀ ਵਿੱਚ ਪਾਣੀ ਵਾਲੀ ਟੈਂਕੀ ਉਤੇ ਚੜ੍ਹਨਾ ਪਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲ ਵਿਚੋਂ 21 ਐਸਐਲਏ, ਅਧਿਆਪਕ ਡਿਊਟੀ ਤੋਂ ਹਟਾ ਦਿੱਤੇ ਸਨ। ਅਧਿਆਪਕਾਂ ਦੇ ਸੰਘਰਸ਼ ਨੂੰ ਕਿਸਾਨ ਯੂਨੀਅਨਾਂ ਵੱਲੋਂ ਹਿਮਾਇਤ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਕੋਈ ਪ੍ਰਾਈਵੇਟ ਭਾਈਵਾਲ ਰਾਹੀਂ ਸਕੂਲ ਚਲਾਇਆ ਜਾ ਰਿਹਾ ਸੀ। ਹੁਣ ਜ਼ਿਲ੍ਹਾ ਜ਼ਿਲ੍ਹਾ ਅਫ਼ਸਰ ਵੱਲੋਂ ਪ੍ਰਬੰਧ ਚਲਾਇਆ ਜਾਇਆ ਜਾ ਰਿਹਾ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਧਿਆਪਕ ਯੋਗਤਾ ਪੂਰੀ ਨਹੀਂ ਕਰਦੇ, ਪਰ ਪਿਛਲੇ ਕਈ ਸਾਲਾਂ ਤੋਂ ਉਹ ਡਿਊਟੀ ਕਰਦੇ ਆ ਰਹੇ ਹਨ। ਉਦੋਂ ਕਿਸੇ ਨੇ ਇਹ ਨਹੀਂ ਕਿਹਾ ਕਿ ਯੋਗਤਾ ਪੂਰੀ ਨਹੀਂ ਕਰਦੇ ਤੇ ਤਨਖਾਹ ਦਿੰਦੇ ਰਹੇ ਹਨ। ਪਰ ਹੁਣ ਇਕ ਸਾਜਿਸ਼ ਦੇ ਤਹਿਤ ਉਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ।