ਚੰਡੀਗੜ੍ਹ, 5 ਜੁਲਾਈ, ਦੇਸ਼ ਕਲਿੱਕ ਬਿਓਰੋ :
ਚੰਡੀਗੜ੍ਹ ਕਬੱਡੀ ਐਸੋਸੀਏਸ਼ਨ ਦੀ ਅਗਵਾਈ ਵਿਚ ਅੰਡਰ-18 ਕਬੱਡੀ ਟੀਮ ਵੱਲੋਂ ਕੌਮੀ ਪੱਧਰ ਉਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ।
ਇਥੇ ਦੱਸਣਯੋਗ ਹੈ ਕਿ ਉਤਰਾਖੰਡ ਸੂਬੇ ਦੇ ਸ਼ਹਿਰ ਪ੍ਰੇਮ ਨਗਰ (ਹਰਿਦੁਆਰ) ਵਿੱਚ 28 ਜੂਨ 2025 ਤੋਂ 1 ਜੁਲਾਈ 2025 ਤੱਕ ਕਰਵਾਈ ਗਈ ਪਹਿਲੀ ਯੂਥ ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਵਿਚ ਦੇਸ਼ ਭਰ ਦੀਆਂ ਅਨੇਕਾਂ ਟੀਮਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਚੰਡੀਗੜ੍ਹ ਦੇ ਕਬੱਡੀ ਖਿਡਾਰੀਆਂ ਨੇ ਹਰਿਆਣਾ ਦੀ ਨਾਮਵਰ ਟੀਮ ਨੂੰ ਵੱਡੇ ਅੰਤਰ ਨਾਲ ਹਰਾ ਕੇ ਗੋਲਡ ਕੱਪ ਉਤੇ ਆਪਣਾ ਕਬਜ਼ਾ ਕੀਤਾ।
ਇਸ ਦੌਰਾਨ ਕੋਚ ਰਮੇਸ਼ ਕੁਮਾਰ ਅਤੇ ਰਾਮ ਕੁਮਾਰ ਦੀ ਅਗਵਾਈ ਵਿਚ ਜਿੱਤ ਕੇ ਚੰਡੀਗੜ੍ਹ ਪੁੱਜੇ ਖਿਡਾਰੀਆਂ ਨੂੰ ਅੱਜ ਮਲੋਆ ਕਬੱਡੀ ਕੋਚਿੰਗ ਸੈਂਟਰ ਵਿਖੇ ਸਨਮਾਨਤ ਕੀਤਾ ਗਿਆ। ਚੰਡੀਗੜ੍ਹ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਬਰਾਂਟਾ ਨੇ ਕਿਹਾ ਕਿ ਨੌਜਵਾਨ ਖਿਡਾਰੀਆਂ ਦੀ ਇਹ ਉਪਲੱਬਧੀ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ। ਉਹਨਾਂ ਖਿਡਾਰੀਆਂ ਨੂੰ ਹੋਰ ਮਿਹਨਤ ਕਰਕੇ ਅੰਤਰਰਾਸ਼ਟਰੀ ਪੱਧਰ ‘ਤੇ ਖੇਡਣ ਲਈ ਆਪਣੇ-ਆਪ ਨੂੰ ਕਾਬਲ ਬਣਾਉਣ ਦੀ ਸਲਾਹ ਦਿੱਤੀ।
ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਦਲਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਅੰਡਰ-18 ਕਬੱਡੀ ਖਿਡਾਰੀਆਂ ਨੇ ਕੌਮੀ ਪੱਧਰ ‘ਤੇ ਨਾਮਣਾ ਖੱਟ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਦਿੱਤੀ ਜਾਵੇ ਤਾਂ ਉਹ ਹਰ ਟੀਚਾ ਸਰ ਕਰ ਸਕਦੀ ਹੈ। ਉਹਨਾਂ ਅੱਗੇ ਕਿਹਾ ਕਿ ਖੇਡਾਂ ਵੱਲ ਪ੍ਰੇਰਿਤ ਕਰਕੇ ਹੀ ਅਸੀਂ ਆਪਣੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੇ ਹਾਂ।
ਇਸ ਮੌਕੇ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਬਰਾਂਟਾ, ਚੇਅਰਮੈਨ ਪ੍ਰੋ: ਹਰਜਿੰਦਰ ਸਿੰਘ, ਸੈਕਟਰੀ ਅਸ਼ਵਨੀ ਬੁਰਾਟਾ, ਸੀਨੀਅਰ ਮੀਤ ਪ੍ਰਧਾਨ ਦਲਵਿੰਦਰ ਸਿੰਘ ਸੈਣੀ, ਮੀਤ ਪ੍ਰਧਾਨ ਕਰਮ ਸਿੰਘ ਆਦਿ ਹਾਜ਼ਰ ਸਨ।