ਨਵੀਂ ਦਿੱਲੀ, 5 ਜੁਲਾਈ, ਦੇਸ਼ ਕਲਿਕ ਬਿਊਰੋ :
Vishal Mega Mart ਵਿੱਚ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਲਿਫਟ ਵਿੱਚ ਫਸਣ ਕਾਰਨ ਮੌਤ ਹੋ ਗਈ। ਦਿੱਲੀ ਦੇ ਕਰੋਲ ਬਾਗ ਇਲਾਕੇ ਵਿੱਚ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ।
ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਸ਼ਾਮ ਨੂੰ ਕਰੋਲ ਬਾਗ ਦੇ ਪਦਮ ਰੋਡ ‘ਤੇ ਸਥਿਤ ਵਿਸ਼ਾਲ ਮੈਗਾ ਮਾਰਟ (Vishal Mega Mart) ਦੀ ਦੂਜੀ ਮੰਜ਼ਿਲ ‘ਤੇ ਅਚਾਨਕ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦੇ ਹੀ, ਸਥਾਨਕ ਪੁਲਿਸ ਦੇ ਨਾਲ 15 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਹਾਲਾਂਕਿ, ਉੱਥੇ ਮੌਜੂਦ ਸਾਰੇ ਲੋਕ ਸੁਰੱਖਿਅਤ ਬਾਹਰ ਆ ਗਏ। ਪਰ ਇੱਕ ਵਿਅਕਤੀ ਇਮਾਰਤ ਦੀ ਲਿਫਟ ਵਿੱਚ ਫਸ ਗਿਆ।
ਦਿੱਲੀ ਪੁਲਿਸ ਦੇ ਅਨੁਸਾਰ, ਕੁਮਾਰ ਧੀਰੇਂਦਰ ਪ੍ਰਤਾਪ ਸਿੰਘ (25) ਲਿਫਟ ਵਿੱਚ ਫਸਿਆ ਹੋਇਆ ਪਾਇਆ ਗਿਆ। ਹਸਪਤਾਲ ਪਹੁੰਚਣ ‘ਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕਰੋਲ ਬਾਗ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਫਾਇਰ ਵਿਭਾਗ ਦੇ ਡਾਇਰੈਕਟਰ ਅਤੁਲ ਗਰਗ ਨੇ ਕਿਹਾ, ਫਾਇਰ ਵਿਭਾਗ ਨੂੰ ਸ਼ੁੱਕਰਵਾਰ ਸ਼ਾਮ ਲਗਭਗ 6.44 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਫਾਇਰ ਅਫਸਰ ਐਮਕੇ ਚਟੋਪਾਧਿਆਏ ਨੇ ਕਿਹਾ ਕਿ ਅੱਗ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਸ਼ੁਰੂ ਹੋਈ। ਕੱਪੜੇ ਅਤੇ ਪਲਾਸਟਿਕ ਦੀਆਂ ਚੀਜ਼ਾਂ ਹੋਣ ਕਾਰਨ ਅੱਗ ਪੂਰੀ ਇਮਾਰਤ ਵਿੱਚ ਤੇਜ਼ੀ ਨਾਲ ਫੈਲ ਗਈ ਸੀ। ਫਾਇਰਫਾਈਟਰਜ਼ ਨੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਫਾਇਰ ਅਫਸਰ ਨੇ ਕਿਹਾ ਕਿ ਇਮਾਰਤ ਦਾ ਬੇਸਮੈਂਟ ਵੱਡੀ ਮਾਤਰਾ ਵਿੱਚ ਕੱਪੜੇ ਅਤੇ ਹੋਰ ਚੀਜ਼ਾਂ ਨਾਲ ਭਰਿਆ ਹੋਇਆ ਸੀ, ਜਿਸ ਕਾਰਨ ਅੱਗ ‘ਤੇ ਕਾਬੂ ਪਾਉਣ ਵਿੱਚ ਮੁਸ਼ਕਲ ਆਈ।
