ਚੰਡੀਗੜ੍ਹ, 5 ਜੁਲਾਈ, ਦੇਸ਼ ਕਲਿਕ ਬਿਊਰੋ :
ਪੰਜਾਬ ਵਿੱਚ ਅੱਜ ਇੱਕ ਵਾਰ ਫਿਰ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।ਬੀਤੇ ਦਿਨ ਪਠਾਨਕੋਟ ਅਤੇ ਬਠਿੰਡਾ ਵਿੱਚ ਹਲਕੀ ਬਾਰਿਸ਼ ਹੋਈ, ਜਦੋਂ ਕਿ ਬਾਕੀ ਰਾਜ ਖੁਸ਼ਕ ਰਿਹਾ। ਜਿਸ ਕਾਰਨ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਆਇਆ। ਵੱਧ ਤੋਂ ਵੱਧ ਤਾਪਮਾਨ ਸਿਰਫ਼ 0.1 ਡਿਗਰੀ ਵਧਿਆ, ਜੋ ਕਿ ਆਮ ਦੇ ਨੇੜੇ ਹੈ। ਇਸ ਦੇ ਨਾਲ ਹੀ ਬਠਿੰਡਾ ਵਿੱਚ ਤਾਪਮਾਨ 37.9 ਡਿਗਰੀ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਬਾਕੀ ਰਾਜ ਵਿੱਚ ਮੌਸਮ ਆਮ ਰਹੇਗਾ। ਪਰ ਭਲਕੇ ਤੋਂ ਤਾਪਮਾਨ ਵਿੱਚ ਫਿਰ ਤਬਦੀਲੀ ਦੇਖੀ ਜਾ ਰਹੀ ਹੈ। ਅਗਲੇ 48 ਘੰਟਿਆਂ ਵਿੱਚ ਸੂਬੇ ਵਿੱਚ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਸੂਬੇ ਦੇ ਅੱਧੇ ਤੋਂ ਵੱਧ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਵਾਰ ਪੰਜਾਬ ਵਿੱਚ ਮਾਨਸੂਨ ਆਮ ਤੋਂ ਵੱਧ ਸਰਗਰਮ ਰਿਹਾ ਹੈ। ਜੂਨ ਦੇ ਮਹੀਨੇ ਵਿੱਚ ਮਾਨਸੂਨ ਚੰਗਾ ਰਿਹਾ, ਜਦੋਂ ਕਿ ਹੁਣ ਜੁਲਾਈ ਵਿੱਚ ਵੀ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ, 1 ਜੂਨ ਤੋਂ ਰਾਜ ਵਿੱਚ ਮਾਨਸੂਨ ਅਤੇ ਪ੍ਰੀ-ਮੌਨਸੂਨ ਗਤੀਵਿਧੀਆਂ ਵੇਖੀਆਂ ਗਈਆਂ। 1 ਜੂਨ ਤੋਂ 4 ਜੁਲਾਈ ਤੱਕ, ਰਾਜ ਵਿੱਚ 84.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਕਿ ਆਮ 70.2 ਮਿਲੀਮੀਟਰ ਨਾਲੋਂ 20 ਪ੍ਰਤੀਸ਼ਤ ਵੱਧ ਹੈ।
