ਜਲੰਧਰ, 5 ਜੁਲਾਈ, ਦੇਸ਼ ਕਲਿਕ ਬਿਊਰੋ :
ਏਡੀਸੀਪੀ ਨੇ ਥਾਣਾ ਭਾਰਗਵ ਕੈਂਪ, ਜਲੰਧਰ ਦੇ ਐਸਐਚਓ ਇੰਸਪੈਕਟਰ ਹਰਦੇਵ ਸਿੰਘ ਵਿਰੁੱਧ ਕਾਰਵਾਈ ਕੀਤੀ ਹੈ। ਥਾਣਾ ਭਾਰਗਵ ਕੈਂਪ ਦੇ ਐਸਐਚਓ ਹਰਦੇਵ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਧਾਰਮਿਕ ਸਥਾਨ ਪੀਰ ਦਰਗਾਹ ਵਿਖੇ ਪ੍ਰਧਾਨਗੀ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਦੌਰਾਨ ਮਹਿਲਾ ਕੌਂਸਲਰ ਦੇ ਪਤੀ ਨੇ ਐਸਐਚਓ ‘ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਸੀ।
ਉਨ੍ਹਾਂ ਦੋਸ਼ ਲਗਾਇਆ ਕਿ ਐਸਐਚਓ ਮੌਕੇ ‘ਤੇ ਮੌਜੂਦ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ। ਇਸ ਦੇ ਨਾਲ ਹੀ ਕੌਂਸਲਰ ਅਤੇ ਇਲਾਕਾ ਨਿਵਾਸੀਆਂ ਨੇ ਇਨਸਾਫ ਨਾ ਮਿਲਣ ‘ਤੇ ਥਾਣੇ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਾਰਡ ਨੰਬਰ 41 ਦੀ ਮਹਿਲਾ ਕੌਂਸਲਰ ਸ਼ਬਨਮ ਦੇ ਪਤੀ ‘ਆਪ’ ਆਗੂ ਅਯੂਬ ਦੁੱਗਲ ਨੇ ਕਿਹਾ ਕਿ ਜੇਕਰ ਹਰਦੇਵ ਸਿੰਘ ‘ਤੇ ਹਮਲਾ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਨਹੀਂ ਕੀਤਾ ਜਾਂਦਾ ਹੈ, ਤਾਂ ਆਉਣ ਵਾਲੇ ਦਿਨਾਂ ਵਿੱਚ ਹਮਲਾ ਕਰਨ ਵਾਲੇ ਵੀ ਗੈਂਗਸਟਰ ਬਣ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਹਰਦੇਵ ਸਿੰਘ ਵਿਰੁੱਧ ਕਾਰਵਾਈ ਨਹੀਂ ਕੀਤੀ ਤਾਂ ਉਹ ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਦਰੀਆਂ ਵਿਛਾ ਕੇ ਧਰਨੇ ‘ਤੇ ਬੈਠਣ ਲਈ ਮਜਬੂਰ ਹੋਣਗੇ।
ਏਡੀਸੀਪੀ ਸਿਟੀ-2 ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੂਰੇ ਮਾਮਲੇ ਵਿੱਚ ਹਰਦੇਵ ਸਿੰਘ ਦੀ ਲਾਪਰਵਾਹੀ ਸਾਹਮਣੇ ਆਉਣ ਤੋਂ ਬਾਅਦ ਉਸਨੂੰ ਪੁਲਿਸ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਹਰਦੇਵ ਸਿੰਘ ਨੂੰ ਥਾਣੇ ਵਿੱਚ ਡੀਡੀਆਰ ਜਮ੍ਹਾ ਕਰਵਾਉਣ ਤੋਂ ਬਾਅਦ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਵੇਲੇ ਐਸਆਈ ਸੁਖਵੰਤ ਸਿੰਘ ਕਾਰਜਕਾਰੀ ਐਸਐਚਓ ਵਜੋਂ ਕੰਮ ਦੇਖਣਗੇ।