-ਪਰਿਵਾਰ ਵਾਲਿਆਂ ਵੱਲੋਂ ਲੁਧਿਆਣਾ ਚੰਡੀਗੜ੍ਹ ਮੁੱਖ ਮਾਰਗ ‘ਤੇ ਦੋ ਘੰਟੇ ਲਗਾਇਆ ਜਾਮ
ਮੋਰਿੰਡਾ, 6 ਜੁਲਾਈ (ਭਟੋਆ)
ਮੋਰਿੰਡਾ ਦੇ ਨਜ਼ਦੀਕੀ ਪਿੰਡ ਭੱਟੀਆਂ ਦੇ ਇੱਕ ਨੌਜਵਾਨ ਹਰਸ਼ਦੀਪ ਸਿੰਘ 23 ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਢਿੱਲੀ ਹੋਣ ਦਾ ਇਲਜ਼ਾਮ ਲਗਾਉਂਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਦੀ ਮਦਦ ਨਾਲ ਲੁਧਿਆਣਾ ਚੰਡੀਗੜ੍ਹ ਮੁੱਖ ਮਾਰਗ ‘ਤੇ ਸਥਿਤ ਪਿੰਡ ਖੰਟ ਵਿਖੇ ਸੜ੍ਹਕ ਤੇ ਜਾਮ ਲਗਾ ਦਿੱਤਾ ਗਿਆ ਜੋ ਲਗਭਗ ਦੋ ਘੰਟੇ ਤੱਕ ਜਾਰੀ ਰਿਹਾ। ਇਸ ਦੌਰਾਨ ਲੁਧਿਆਣਾ ਅਤੇ ਚੰਡੀਗੜ੍ਹ ਜਾਣ ਵਾਲੀ ਸਾਰੀ ਟਰੈਫਿਕ ਰੁਕੀ ਰਹੀ ਅਤੇ ਕੁਝ ਲੋਕ ਦੂਸਰੇ ਰਸਤਿਆਂ ਰਾਹੀਂ ਵੀ ਅੱਗੇ ਨਿਕਲੇ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ ਦੇਣ ਤੋਂ ਬਾਅਦ ਲੋਕਾਂ ਵੱਲੋਂ ਸੜ੍ਹਕ ਜਾਮ ਹਟਾਇਆ ਗਿਆ। ਇਸ ਸਬੰਧੀ ਮੋਰਿੰਡਾ ਦੇ ਬੱਸ ਸਟੈਂਡ ਵਿਖੇ ਆਟੋ ਚਲਾਉਂਦੇ ਅਤੇ ਆਟੋ ਯੂਨੀਅਨ ਦੇ ਪ੍ਰਧਾਨ ਬਲਜਿੰਦਰ ਸਿੰਘ ਬੌਬੀ ਨੇ ਦੱਸਿਆ ਕਿ ਉਸ ਦਾ 23 ਸਾਲਾ ਪੁੱਤਰ ਹਰਸ਼ਦੀਪ ਸਿੰਘ ਦੀ ਲਾਸ਼ ਸੂਏ ਵਿੱਚੋਂ ਮਿਲੀ ਹੈ। ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਬੋਬੀ ਅਤੇ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ 3 ਜੁਲਾਈ ਸ਼ਾਮ ਨੂੰ ਪਿੰਡ ਖੰਟ ਦੇ ਇੱਕ ਮੁੰਡੇ ਦਾ ਫੋਨ ਆਇਆ ਸੀ। ਜਿਸਤੇ ਹਰਸ਼ਦੀਪ ਘਰ ਇਹ ਕਹਿ ਕੇ ਚਲਾ ਗਿਆ ਕਿ ਉਹ ਕੁਝ ਦੇਰ ਬਾਅਦ ਹੀ ਵਾਪਸ ਆ ਜਾਵੇਗਾ। ਪਰੰਤੂ ਉਹ ਸਾਰੀ ਰਾਤ ਉਡੀਕਦੇ ਰਹੇ ਲੇਕਿਨ ਹਰਸ਼ਦੀਪ ਘਰ ਨਹੀਂ ਪਰਤਿਆ ਤਾਂ ਉਹਨਾਂ ਨੇ ਖਮਾਣੋ ਪੁਲਿਸ ਵਿਖੇ ਇਤਲਾਹ ਦਿੱਤੀ। ਉਹਨਾਂ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਤਿੰਨ ਦਿਨ ਬੀਤ ਜਾਣ ‘ਤੇ ਵੀ ਖਮਾਣੋਂ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਉਹਨਾਂ ਨੂੰ ਸੜ੍ਹਕ ਜਾਮ ਲਗਾਉਣਾ ਪਿਆ। ਉਧਰ ਮੌਕੇ ‘ਤੇ ਪਹੁੰਚੇ ਐਸਐਚਓ ਖਮਾਣੋਂ ਐਸ ਆਈ ਸਪਿੰਦਰ ਸਿੰਘ ਵੱਲੋਂ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਲ੍ਹ ਸੋਮਵਾਰ 9 ਵਜੇ ਤੱਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਿਸ’ਤੇ ਧਰਨਾਕਾਰੀਆਂ ਵੱਲੋਂ ਧਰਨਾ ਅਤੇ ਸੜ੍ਹਕ ਜਾਮ ਹਟਾਇਆ ਗਿਆ। ਇਸ ਮੌਕੇ ‘ਤੇ ਧਰਨਾਕਾਰੀਆਂ ਨੇ ਇਹ ਵੀ ਕਿਹਾ ਕਿ ਜੇ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਮ੍ਰਿਤਕ ਹਰਸ਼ਦੀਪ ਸਿੰਘ ਦੀ ਲਾਸ਼ ਸੜਕ ਉੱਤੇ ਰੱਖ ਕੇ ਸੜਕ ਜਾਮ ਲਗਾ ਦਿੱਤਾ ਜਾਵੇਗਾ।