ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਪੰਜਾਬ

ਵਿਛੜੇ ਆਗੂ ਦੇ ਨਮਿੱਤ ਭੋਗ ਤੇ ਅੰਤਿਮ ਅਰਦਾਸ ਵਿੱਚ ਕੀਤੀ ਸ਼ਿਰਕਤ

ਡਾ. ਸੋਹਲ ਸਿਰਫ ਸਿਆਸਤਦਾਨ ਨਹੀਂ ਸਨ ਸਗੋਂ ਹਰ ਵੇਲੇ ਲੋਕ ਭਲਾਈ ਪ੍ਰਤੀ ਸਮਰਪਿਤ ਰਹਿਣ ਵਾਲੇ ਸਮਾਜ ਸੇਵੀ ਸਨ-ਅਰਵਿੰਦ ਕੇਜਰੀਵਾਲ

ਮੁੱਖ ਮੰਤਰੀ ਨੇ ਡਾ. ਸੋਹਲ ਦੇ ਅਕਾਲ ਚਲਾਣੇ ਨੂੰ ਨਿੱਜੀ ਤੌਰ ‘ਤੇ ਵੱਡਾ ਘਾਟਾ ਦੱਸਿਆ

ਤਰਨ ਤਾਰਨ, 6 ਜੁਲਾਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਤਰਨ ਤਾਰਨ ਤੋਂ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਦੁਖਦਾਈ ਅਤੇ ਬੇਵਕਤੀ ਮੌਤ ‘ਤੇ ਅਫ਼ਸੋਸ ਪ੍ਰਗਟ ਕਰਦਿਆਂ ਪਾਰਟੀ ਅਤੇ ਸੂਬੇ ਲਈ ਵੱਡਾ ਘਾਟਾ ਦੱਸਿਆ।

ਮਰਹੂਮ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਨਮਿੱਤ ਭੋਗ ਤੇ ਅੰਤਿਮ ਅਰਦਾਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਪ ਦੇ ਕੌਮੀ ਕਨਵੀਨਰ ਨੇ ਉਨ੍ਹਾਂ ਨੂੰ ਉੱਘੇ ਸਮਾਜ ਸੇਵਕ ਦੱਸਿਆ ਜੋ ਹਮੇਸ਼ਾ ਆਮ ਲੋਕਾਂ ਦੀ ਸੇਵਾ ਲਈ ਤਤਪਰ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਭਾਵੇਂ ਮਰਹੂਮ ਵਿਧਾਇਕ ਡਾ. ਸੋਹਲ ਇੱਕ ਘਾਤਕ ਬਿਮਾਰੀ ਤੋਂ ਪੀੜਤ ਸਨ, ਪਰ ਉਨ੍ਹਾਂ ਨੇ ਲਗਾਤਾਰ ਮਿਸ਼ਨਰੀ ਭਾਵਨਾ ਨਾਲ ਲੋਕਾਂ ਦੀ ਸੇਵਾ ਕੀਤੀ ਜਿਸ ਕਾਰਨ ਉਹ ਬਹੁਤ ਮਕਬੂਲ ਸਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਪਾਰਟੀ ਦੇ ਇੱਕ ਵਫ਼ਾਦਾਰ ਸਿਪਾਹੀ ਸਨ, ਜੋ ਜਨਤਾ ਦੀ ਸੇਵਾ ਕਰਨ ਦੀ ਆਪਣੀ ਵਿਚਾਰਧਾਰਾ ਪ੍ਰਤੀ ਦ੍ਰਿੜ੍ਹ ਵਚਨਬੱਧ ਸਨ। ਉਨ੍ਹਾਂ ਕਿਹਾ ਕਿ ਪਾਰਟੀ ਇਸ ਸੰਕਟ ਦੀ ਘੜੀ ਵਿੱਚ ਸਵਰਗੀ ਨੇਤਾ ਦੇ ਪਰਿਵਾਰ ਦੇ ਨਾਲ ਖੜ੍ਹੀ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਡਾ. ਸੋਹਲ ਦੀ ਮੌਤ ਨਾਲ ਪਾਰਟੀ ਨੇ ਚੰਗਾ ਮਨੁੱਖ ਅਤੇ ਤਜਰਬੇਕਾਰ ਸਿਆਸਤਦਾਨ ਗੁਆ ਲਿਆ, ਜੋ ਸਾਫ਼-ਸੁਥਰੀ ਅਤੇ ਕਦਰਾਂ-ਕੀਮਤਾਂ ‘ਤੇ ਅਧਾਰਤ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਨੇ ਡਾ. ਸੋਹਲ ਨੂੰ ਇਮਾਨਦਾਰ ਸਿਆਸਤਦਾਨ, ਸਮਰਪਿਤ ਸਮਾਜ ਸੇਵਕ ਹੋਣ ਦੇ ਨਾਲ-ਨਾਲ ਪਾਰਟੀ ਦਾ ਅਨੁਸ਼ਾਸਿਤ ਸਿਪਾਹੀ ਦੱਸਿਆ ਜਿਨ੍ਹਾਂ ਨੇ ਹਮੇਸ਼ਾ ਸੂਬੇ ਦੇ ਸਮੁੱਚੇ ਵਿਕਾਸ ਖਾਸ ਕਰਕੇ ਸਰਹੱਦੀ ਖੇਤਰ ਅਤੇ ਇਸਦੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਡਾ. ਸੋਹਲ ਵੱਲੋਂ ਇੱਕ ਡਾਕਟਰ ਅਤੇ ਵਿਧਾਇਕ ਵਜੋਂ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਅੰਤਿਮ ਅਰਦਾਸ ਮੌਕੇ ਮੁੱਖ ਮੰਤਰੀ ਮਾਨ ਨਾਲ ਆਪ ਆਗੂ ਮਨੀਸ਼ ਸਿਸੋਦੀਆ ਵੀ ਹਾਜ਼ਰ ਸਨ।

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਵਰਗੀ ਵਿਧਾਇਕ ਇਕ ਵਿਅਕਤੀ ਨਹੀਂ ਸਗੋਂ ਇਕ ਸੰਸਥਾ ਸਨ ਅਤੇ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਮਾਜ ਦੇ ਕਮਜ਼ੋਰ ਵਰਗਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਡਾ. ਸੋਹਲ ਦਾ ਵਿਛੋੜਾ ਉਨ੍ਹਾਂ ਦੇ ਜੀਵਨ ਦੀਆਂ ਸਭ ਤੋਂ ਦੁਖਦਾਈ ਘਟਨਾਵਾਂ ਵਿੱਚੋਂ ਇਕ ਹੈ ਕਿਉਂਕਿ ਵਿਧਾਇਕ ਉਨ੍ਹਾਂ ਦੇ ਬਹੁਤ ਨਜ਼ਦੀਕੀ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਧਾਇਕ ਦੀ ਬੇਵਕਤੀ ਮੌਤ ਪਾਰਟੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ਜਿਸ ਨੇ ਆਪਣੇ ਅਜਿਹੇ ਊਰਜਾਵਾਨ ਨੇਤਾ ਨੂੰ ਗੁਆ ਲਿਆ ਜੋ ਆਮ ਲੋਕਾਂ ਵਿੱਚ ਬਹੁਤ ਮਕਬੂਲ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਡਾ. ਸੋਹਲ ਦੀ ਪ੍ਰਸਿੱਧੀ ਦਾ ਅੰਦਾਜ਼ਾ ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸਮਾਜ ਦੇ ਹਰ ਵਰਗ ਦੀ ਮੌਜੂਦਗੀ ਤੋਂ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਵਰਗੀ ਡਾ. ਸੋਹਲ ਸਮੁੱਚੇ ਖੇਤਰ ਦੇ ਵਿਕਾਸ ਲਈ ਵਚਨਬੱਧ ਸਨ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਨਿੱਜੀ ਤੌਰ ‘ਤੇ ਫਰਜ਼ ਬਣਦਾ ਹੈ ਕਿ ਉਹ ਸਵਰਗੀ ਨੇਤਾ ਦੇ ਸਾਰੇ ਸੁਪਨਿਆਂ ਨੂੰ ਸਾਕਾਰ ਕਰਨ। ਤਰਨ ਤਾਰਨ ਵਿਧਾਨ ਸਭਾ ਹਲਕੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਡਾ. ਸੋਹਲ ਦੁਆਰਾ ਸ਼ੁਰੂ ਕੀਤੇ ਗਏ ਕੰਮਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਅਸੀਂ ਇਸ ਦੁਖਾਂਤ ਨੂੰ ਅਕਾਲ ਪੁਰਖ ਦੀ ਰਜ਼ਾ ਸਮਝ ਕੇ ਭਾਣਾ ਮੰਨਦੇ ਹਾਂ ਪਰ ਅਸਲੀਅਤ ਵਿੱਚ ਇਸ ਦਰਦ ਅਤੇ ਦੁੱਖ ਨੂੰ ਸਹਿਣਾ ਬਹੁਤ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਮਰਹੂਮ ਡਾ. ਸੋਹਲ ਦੀ ਮੌਤ ਨਾਲ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਭਰਨਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਮਰਹੂਮ ਵਿਧਾਇਕ ਹਰਮਨ ਪਿਆਰੇ ਆਗੂ ਸਨ, ਜੋ ਸਾਫ਼-ਸੁਥਰੀ ਅਤੇ ਕਦਰਾਂ-ਕੀਮਤਾਂ ‘ਤੇ ਅਧਾਰਤ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਸਨ। ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦੇ ਹੋਏ ਭਗਵੰਤ ਸਿੰਘ ਮਾਨ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਸੰਕਟ ਦੀ ਘੜੀ ਵਿੱਚ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ‘ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਹਰਭਜਨ ਸਿੰਘ ਈਟੀਓ ਅਤੇ ਮਹਿੰਦਰ ਭਗਤ, ਸੀਨੀਅਰ ਆਪ ਆਗੂ ਮਨੀਸ਼ ਸਿਸੋਦੀਆ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਹੋਰ ਸ਼ਖ਼ਸੀਅਤਾਂ ਸ਼ਾਮਲ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।