ਚੰਡੀਗੜ੍ਹ, 7 ਜੁਲਾਈ, ਦੇਸ਼ ਕਲਿਕ ਬਿਊਰੋ :
ਅੱਜ ਪੰਜਾਬ ਵਿੱਚ ਮੀਂਹ ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ।ਭਲਕੇ ਮੰਗਲਵਾਰ ਨੂੰ ਵੀ ਇਹੀ ਸਥਿਤੀ ਰਹਿਣ ਵਾਲੀ ਹੈ। ਐਤਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ, ਰਾਜ ਦਾ ਤਾਪਮਾਨ ਆਮ ਨਾਲੋਂ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਸਾਲ ਮਾਨਸੂਨ ਸੀਜ਼ਨ ਦੌਰਾਨ ਪੂਰੇ ਰਾਜ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਐਤਵਾਰ ਸਵੇਰ ਤੱਕ ਰਾਜ ਵਿੱਚ 3.5 ਮਿਲੀਮੀਟਰ ਮੀਂਹ ਪਿਆ। ਇਸ ਦੇ ਨਾਲ ਹੀ, ਐਤਵਾਰ ਦੁਪਹਿਰ ਤੱਕ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਜਿਸ ਕਾਰਨ ਰਾਜ ਦਾ ਵੱਧ ਤੋਂ ਵੱਧ ਤਾਪਮਾਨ ਘੱਟ ਗਿਆ ਹੈ। ਬਠਿੰਡਾ ਸਭ ਤੋਂ ਗਰਮ ਸ਼ਹਿਰ ਸੀ, ਜਿੱਥੇ 35 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਅੱਜ ਪੰਜਾਬ ਦੇ 10 ਜ਼ਿਲ੍ਹਿਆਂ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਵਿੱਚ ਮੀਂਹ ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਪੂਰੇ ਰਾਜ ਵਿੱਚ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਚੰਬਾ ‘ਚ ਦੋ ਥਾਈਂ ਬੱਦਲ ਫਟਿਆ, ਚਾਰ ਪਿੰਡਾਂ ਦਾ ਸੰਪਰਕ ਟੁੱਟਿਆ
ਮੰਗਲਵਾਰ ਨੂੰ ਇਹ ਅਲਰਟ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਤੱਕ ਸੀਮਿਤ ਰਹੇਗਾ। ਜਦੋਂ ਕਿ ਤਰਨਤਾਰਨ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।