ਬਰਨਾਲਾ, 8 ਜੁਲਾਈ, ਦੇਸ਼ ਕਲਿਕ ਬਿਊਰੋ :
ਬਰਨਾਲਾ ਜ਼ਿਲ੍ਹੇ ਦੇ ਪਿੰਡ ਦਰਾਕਾ ਵਿੱਚ ਛੱਪੜ ਵਿੱਚ ਡੁੱਬਣ ਨਾਲ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੀ ਪਛਾਣ 6 ਸਾਲਾ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਅਤੇ 7 ਸਾਲਾ ਨਵਜੋਤ ਸਿੰਘ ਪੁੱਤਰ ਕਾਲਾ ਸਿੰਘ ਵਜੋਂ ਹੋਈ ਹੈ।
ਸੋਮਵਾਰ ਦੇਰ ਸ਼ਾਮ ਦੋਵੇਂ ਬੱਚੇ ਛੱਪੜ ਦੇ ਕੋਲ ਖੇਡ ਰਹੇ ਸਨ ਅਤੇ ਉਨ੍ਹਾਂ ਨਾਲ ਕਈ ਹੋਰ ਬੱਚੇ ਵੀ ਸਨ। ਇਸ ਦੌਰਾਨ ਖੇਡਦੇ ਹੋਏ ਦੋਵੇਂ ਫਿਸਲ ਕੇ ਛੱਪੜ ਵਿੱਚ ਡਿੱਗ ਪਏ। ਹੋਰ ਬੱਚਿਆਂ ਨੇ ਰੌਲਾ ਪਾਇਆ, ਪਰ ਆਲੇ-ਦੁਆਲੇ ਕੋਈ ਨਹੀਂ ਸੀ। ਲਗਭਗ 15-20 ਮਿੰਟ ਬਾਅਦ ਲੋਕ ਉੱਥੇ ਇਕੱਠੇ ਹੋ ਗਏ।
ਉਨ੍ਹਾਂ ਨੇ ਕਾਫ਼ੀ ਮਿਹਨਤ ਤੋਂ ਬਾਅਦ ਬੱਚਿਆਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਬੱਚਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਅਨੁਸਾਰ, ਮਰਨ ਵਾਲੇ ਦੋਵੇਂ ਬੱਚੇ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ ਅਤੇ ਚਚੇਰੇ ਭਰਾ ਸਨ। ਕਿਹਾ ਜਾਂਦਾ ਹੈ ਕਿ ਉਹ ਰੋਜ਼ਾਨਾ ਛੱਪੜ ਦੇ ਕੋਲ ਖੇਡਣ ਜਾਂਦੇ ਸਨ।
