ਪੈ ਰਹੀ ਮੀਂਹ ਨੇ ਜਿੱਥੇ ਗਰਮੀ ਤੋਂ ਰਾਹਤ ਦਿਵਾਈ ਹੈ, ਉਥੇ ਕਈ ਥਾਵਾਂ ਉਤੇ ਮੀਂਹ ਦੁੱਖਾਂ ਦਾ ਪਹਾੜ ਬਣ ਗਿਆ ਹੈ। ਕਈਆਂ ਥਾਵਾਂ ਉਤੇ ਮੀਂਹ ਨਾਲ ਘਰ ਦੀਆਂ ਛੱਤਾਂ ਡਿੱਗੀਆਂ ਹਨ। ਇਕ ਹੋਰ ਦੁੱਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਮੀਂਹ ਦੇ ਪਾਣੀ ਵਿੱਚ ਡੁੱਬਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ।
ਪ੍ਰਯਾਗਰਾਜ, 9 ਜੁਲਾਈ, ਦੇਸ਼ ਕਲਿਕ ਬਿਊਰੋ :
ਅੱਜ ਬੁੱਧਵਾਰ ਨੂੰ ਯੂਪੀ ਵਿੱਚ ਭਾਰੀ ਮੀਂਹ ਜਾਰੀ ਹੈ। ਪ੍ਰਯਾਗਰਾਜ ਵਿੱਚ ਮੀਂਹ ਦੇ ਪਾਣੀ ਵਿੱਚ ਡੁੱਬਣ ਕਾਰਨ 4 ਬੱਚਿਆਂ ਦੀ ਮੌਤ ਹੋ ਗਈ। ਅਯੁੱਧਿਆ ਵਿੱਚ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਵਾਰਾਣਸੀ ਵਿੱਚ ਦਸ਼ਾਸ਼ਵਮੇਧ ਘਾਟ ਅਤੇ ਅੱਸੀ ਘਾਟ ਤੱਕ ਪਾਣੀ ਪਹੁੰਚ ਗਿਆ ਹੈ। ਇਸ ਕਾਰਨ ਗੰਗਾ ਆਰਤੀ ਵਾਲੀ ਥਾਂ ਬਦਲ ਦਿੱਤੀ ਗਈ ਹੈ।
ਇਸੇ ਦੌਰਾਨ ਉੱਤਰਾਖੰਡ ਵਿੱਚ ਮਾਨਸੂਨ ਕਾਰਨ ਭਾਰੀ ਮੀਂਹ ਪੈ ਰਿਹਾ ਹੈ। ਮੰਗਲਵਾਰ ਨੂੰ ਚਮੋਲੀ ਜ਼ਿਲ੍ਹੇ ਦੇ ਨੰਦਪ੍ਰਯਾਗ ਘਾਟ ਨੇੜੇ ਮੁਖ ਪਿੰਡ ਵਿੱਚ ਬੱਦਲ ਫਟਣ ਨਾਲ ਤਬਾਹੀ ਮਚ ਗਈ। ਐਸਡੀਆਰਐਫ ਨੇ ਕਿਹਾ ਕਿ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਖੋਜ ਜਾਰੀ ਹੈ। ਅਗਲੇ ਚਾਰ ਦਿਨਾਂ ਵਿੱਚ ਰਾਜ ਦੇ ਪੰਜ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।