ਫਿਰੋਜ਼ਪੁਰ, 10 ਜੁਲਾਈ, ਦੇਸ਼ ਕਲਿਕ ਬਿਊਰੋ :
ਫਿਰੋਜ਼ਪੁਰ ਵਿੱਚ ਇੱਕ ਔਰਤ ਨੂੰ ਉਸਦੇ ਘਰ ਦੇ ਅੰਦਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਮਾਰ ਦਿੱਤਾ ਗਿਆ। ਹਮਲੇ ਵਿੱਚ ਦੋ ਔਰਤਾਂ ਜ਼ਖਮੀ ਹੋ ਗਈਆਂ। ਇਹ ਘਟਨਾ ਪਿੰਡ ਫੱਤੂ ਵਾਲਾ ਵਿੱਚ ਵਾਪਰੀ। ਇੱਥੇ ਦੋ ਧਿਰਾਂ ਵਿਚਕਾਰ ਜ਼ਮੀਨੀ ਵਿਵਾਦ ਚੱਲ ਰਿਹਾ ਹੈ, ਜ਼ਮੀਨੀ ਵਿਵਾਦ ਕਾਰਨ ਇੱਕ ਧੜੇ ਦੇ ਲੋਕਾਂ ਨੇ ਘਰ ਵਿੱਚ ਦਾਖਲ ਹੋ ਕੇ ਔਰਤਾਂ ‘ਤੇ ਹਮਲਾ ਕਰ ਦਿੱਤਾ।
ਮ੍ਰਿਤਕਾ ਦੀ ਪਛਾਣ ਕਸ਼ਮੀਰੋ ਬਾਈ (47) ਵਜੋਂ ਹੋਈ ਹੈ। ਜ਼ਖਮੀ ਔਰਤਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਣ ‘ਤੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ। ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਐਸਐਸਪੀ ਭੁਪਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਵਿਚਕਾਰ ਸਾਢੇ ਚਾਰ ਏਕੜ ਜ਼ਮੀਨ ਨੂੰ ਲੈ ਕੇ ਝਗੜਾ ਹੈ।ਅੱਜ ਵੀਰਵਾਰ ਸਵੇਰੇ 9:30 ਵਜੇ ਮੁਲਜ਼ਮ ਘਰ ਵਿੱਚ ਦਾਖਲ ਹੋਏ ਅਤੇ ਹਮਲਾ ਕਰ ਦਿੱਤਾ।
ਘਰ ਵਿੱਚ ਸਿਰਫ਼ ਔਰਤਾਂ ਹੀ ਮੌਜੂਦ ਸਨ, ਜਦੋਂ ਕਿ ਆਦਮੀ ਕੰਮ ਲਈ ਘਰੋਂ ਬਾਹਰ ਗਏ ਹੋਏ ਸਨ। ਮੁਲਜ਼ਮਾਂ ਨੇ ਕਸ਼ਮੀਰੋ ਬਾਈ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ। ਜਦੋਂ ਕਿ ਨਿਕੋ ਅਤੇ ਸਤਵਿੰਦਰ ਗੰਭੀਰ ਜ਼ਖਮੀ ਹੋ ਗਏ।
