ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਨੇ ਐਡਵਾਈਜ਼ਰੀ ਕੀਤੀ ਜਾਰੀ

ਸਿਹਤ

ਮਾਨਸਾ, 10 ਜੁਲਾਈ : ਦੇਸ਼ ਕਲਿੱਕ ਬਿਓਰੋ

            ਆਮ ਲੋਕਾਂ ਨੂੰ ਬਰਸਾਤੀ ਮੌਸਮ ਸਬੰਧੀ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਪ੍ਰਤੀ ਜਾਣੂ ਕਰਵਾਉਣ ਲਈ ਸਿਹਤ ਵਿਭਾਗ ਵੱਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਵਿੱਚ ਮੱਖੀਆਂ, ਮੱਛਰ ਅਤੇ ਪਾਣੀ ਨਾਲ ਹੋਣ ਵਾਲੀ ਬਿਮਾਰੀਆਂ ਦਾ ਖਦਸਾ ਬਣਿਆ ਰਹਿੰਦਾ ਹੈ, ਜਿਸ ਦਾ ਮੁੱਖ ਕਾਰਨ ਬਰਸਾਤਾਂ ਦੇ ਮੌਸਮ ‘ਚ ਦੂਸ਼ਿਤ ਪਾਣੀ ਹੈ।

            ਸਿਵਲ ਸਰਜਨ ਨੇ ਕਿਹਾ ਕਿ ਗਰਮੀਆਂ ਵਿਚ ਖ਼ਾਸ ਕਰ ਬਰਸਾਤੀ ਮੌਸਮ ਵਿਚ ਦਸਤ, ਉਲਟੀਆਂ, ਪੇਚਸ ਅਤੇ ਪੀਲੀਆ, ਟਾਈਫਾਈਡ, ਦੂਸ਼ਿਤ ਪਾਣੀ ਅਤੇ ਗਲਤ ਖਾਣ-ਪੀਣ ਦੀਆਂ ਚੀਜ਼ਾਂ ਦਾ ਸੇਵਨ ਕਰਨਾ, ਆਲੇ-ਦੁਆਲੇ ਗੰਦਗੀ ਦੇ ਢੇਰ ਲੱਗੇ ਹੋਣੇ ਅਤੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਨਾ ਹੋਣਾ ਆਦਿ ਹੈ। ਜਿਸ ਕਾਰਨ ਮੱਖੀਆਂ ਦਾ ਵਾਧਾ ਹੁੰਦਾ ਹੈ ਜੋ ਕਿ ਇਸ ਮੌਸਮ ਵਿੱਚ ਬਿਮਾਰੀਆਂ ਦਾ ਮੁੱਖ ਕਾਰਨ ਬਣਦਾ ਹੈ। ਇਨ੍ਹਾਂ ਬਿਮਾਰੀਆਂ ਤੋਂ ਬਚਾਓ ਲਈ ਪੀਣ ਦਾ ਪਾਣੀ ਹਮੇਸ਼ਾ ਸਾਫ਼ ਸੋਮਿਆਂ ਤੋਂ ਲਿਆ ਜਾਵੇ ਅਤੇ ਪਾਣੀ ਪੁਣ ਕੇ, ਉਬਾਲ ਕੇ ਠੰਢਾ ਕਰਕੇ ਪੀਣਾ ਯਕੀਨੀ ਬਣਾਇਆ ਜਾਵੇ।

            ਇਸੇ ਤਰ੍ਹਾਂ ਗਰਮੀ ਦੇ ਮੌਸਮ ਵਿੱਚ ਫਾਸਟ ਫੂਡ, ਜਿਆਦਾ ਤਲੀਆਂ ਚੀਜ਼ਾਂ, ਬਾਜ਼ਾਰ ਦਾ ਖਾਣਾ, ਗਲੇ ਸੜੇ ਫਲ ਨਹੀਂ ਖਾਣੇ ਚਾਹੀਦੇ । ਉਨ੍ਹਾਂ ਕਿਹਾ ਕਿ ਸਾਨੂੰ ਘਰ ਦਾ ਬਣਿਆ ਤਾਜ਼ਾ ਭੋਜਨ ਹਰੀਆਂ ਸਬਜੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਵਾ ਮੱਖੀਆਂ, ਮੱਛਰਾਂ ਤੋਂ ਬਚਣ ਲਈ ਸਾਨੂੰ ਘਰਾਂ ਵਿਚ ਜਾਲੀ ਵਾਲੇ ਦਰਵਾਜ਼ਿਆਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਆਪਣੇ ਆਲੇ-ਦੁਆਲੇ ਗੰਦਾ ਪਾਣੀ ਜਾਂ ਗੰਦਗੀ ਦੇ ਢੇਰ ਨਹੀਂ ਲੱਗਣ ਦੇਣੇ ਚਾਹੀਦੇ, ਜੇਕਰ ਕਿਤੇ ਪਾਣੀ ਖੜਾ ਹੈ ਤਾਂ ਉਸ ਵਿੱਚ ਤੁਰੰਤ ਕਾਲੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ।

            ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹਰ ਹਫਤੇ ਕੁੱਲਰ, ਗਮਲੇ, ਫਰਿਜ ਦੀ ਟਰੇਅ, ਛੱਤਾਂ ਤੇ ਪਏ ਟਾਇਰ, ਗਮਲੇ ਆਦਿ ਦਾ ਧਿਆਨ ਰੱਖ ਕੇ ਉਸ ਵਿੱਚੋਂ ਪਾਣੀ ਕੱਢਿਆ ਜਾਵੇ ਤਾਂ ਜੋ ਮੱਛਰ ਦਾ ਲਾਰਵਾ ਪੈਦਾ ਨਾ ਹੋ ਸਕੇ। ਉਨ੍ਹਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਬਰਸਾਤ ਤੇ ਗਰਮੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਬਿਨਾਂ ਕੰਮ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।