ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ 7000 ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ ਦਾਇਰ, ਸਾਰੇ ਦੋਸ਼ੀ ਜ਼ਮਾਨਤ ‘ਤੇ ਬਾਹਰ ਹਨ – ਪੰਨੂ
ਜਾਖੜ ਨੂੰ ਸਾਡੇ ਤੋਂ ਸਵਾਲ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਕਿਉਂਕਿ ਅਕਾਲੀ-ਭਾਜਪਾ ਸਰਕਾਰ ਨੇ ਹੀ ਜਾਂਚ ਨੂੰ ਦਬਾਇਆ, ਜਸਟਿਸ ਰਣਜੀਤ ਸਿੰਘ ਕਮੇਟੀ ਦੀ ਰਿਪੋਰਟ ਨੂੰ ਰੱਦੀ ਦੇ ਭਾਅ ਵੇਚਿਆ- ਪੰਨੂ
ਚੰਡੀਗੜ੍ਹ, 10 ਜੁਲਾਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ ‘ਤੇ ਹਾਲ ਹੀ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਕਿਹਾ ਕਿ ਜਾਖੜ ਦੇ ਬਿਆਨ ਪੂਰੀ ਤਰ੍ਹਾਂ ਤੱਥਹੀਣ ਅਤੇ ਬੇਬੁਨਿਆਦ ਹਨ। ਇੱਕ ਰਾਜਨੀਤਿਕ ਨੇਤਾ ਨੂੰ ਜ਼ਿੰਮੇਵਾਰੀ ਨਾਲ ਬੋਲਣਾ ਚਾਹੀਦਾ ਹੈ ਅਤੇ ਤੱਥਾਂ ਨਾਲ ਆਪਣੀ ਗੱਲ ਨੂੰ ਰਖਣਾ ਚਾਹੀਦਾ ਹੈ। ਉਨ੍ਹਾਂ ਨੂੰ ਜਾਣਬੁੱਝ ਕੇ ਝੂਠ ਨਹੀਂ ਫੈਲਾਉਣਾ ਚਾਹੀਦਾ।
ਬਲਤੇਜ ਪੰਨੂ ਨੇ ਕਿਹਾ ਕਿ ਸੁਨੀਲ ਜਾਖੜ ਕਹਿ ਰਹੇ ਹਨ ਕਿ ਪੰਜਾਬ ਸਰਕਾਰ ਨੇ 29 ਹਜ਼ਾਰ ਘੰਟਿਆਂ ਤੋਂ ਇਸ ਮਾਮਲੇ ਵਿੱਚ ਕੁਝ ਨਹੀਂ ਕੀਤਾ, ਇਸ ਲਈ ਉਨ੍ਹਾਂ ਦੀ ਜਾਣਕਾਰੀ ਲਈ ਮੈਂ ਉਨ੍ਹਾਂ ਨੂੰ ਸਾਰੇ ਤੱਥ ਭੇਜ ਦੇਵਾਂਗਾ ਤਾਂ ਜੋ ਅਗਲੀ ਵਾਰ ਉਹ ਪੂਰੇ ਮਾਮਲੇ ਦੀ ਸੱਚਾਈ ਦੱਸ ਸਕਣ।
ਪੰਨੂ ਨੇ ਕਿਹਾ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ 7,000 ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਸੁਖਬੀਰ ਸਿੰਘ ਬਾਦਲ, ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ, ਚਰਨਜੀਤ ਸ਼ਰਮਾ ਆਦਿ ਜ਼ਮਾਨਤ ‘ਤੇ ਹਨ। ਪਹਿਲਾਂ ਫਰੀਦਕੋਟ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਹਾਈ ਕੋਰਟ ਤੋਂ ਇਸ ਮਾਮਲੇ ਵਿੱਚ ਜ਼ਮਾਨਤ ਮਿਲੀ ਸੀ।
ਪੰਨੂ ਨੇ ਕਿਹਾ ਕਿ ਜਿਸ ਪਾਰਟੀ ਵਿੱਚ ਸੁਨੀਲ ਜਾਖੜ ਇਸ ਸਮੇਂ ਹਨ, ਉਹੀ ਪਾਰਟੀ ਸੱਤਾ ਵਿੱਚ ਸੀ ਜਦੋਂ ਇਹ ਸਾਰੀਆਂ ਘਟਨਾਵਾਂ ਵਾਪਰੀਆਂ। ਅਕਾਲੀ ਸਰਕਾਰ ਨੇ ਸ਼ੁਰੂ ਵਿੱਚ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਸਵੀਕਾਰ ਨਹੀਂ ਕੀਤਾ। ਬਾਅਦ ਵਿੱਚ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੁਆਰਾ ਦਿੱਤੀ ਗਈ ਰਿਪੋਰਟ ਦੀਆਂ ਕਾਪੀਆਂ ਅਕਾਲੀ ਦਲ ਦੇ ਲੋਕਾਂ ਨੇ ਰੱਦੀ ਵਿੱਚ ਵੇਚ ਦਿੱਤੀਆਂ ਅਤੇ ਭਾਜਪਾ ਨੇ ਸਹਿਯੋਗ ਕੀਤਾ ਕਿਉਂਕਿ ਉਹ ਸਰਕਾਰ ਵਿੱਚ ਭਾਈਵਾਲ ਸੀ।
ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਮਾਮਲੇ ਦਾ ਚਲਾਨ ਵੀ ਬਹੁਤ ਜਲਦੀ ਪੇਸ਼ ਕੀਤਾ ਜਾਵੇਗਾ। ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ, ਪੰਜਾਬ ਸਰਕਾਰ ਨੇ ਕਦੇ ਵੀ ਐਸਆਈਟੀ ‘ਤੇ ਕੋਈ ਰਾਜਨੀਤਿਕ ਦਬਾਅ ਨਹੀਂ ਪਾਇਆ, ਜਿਸ ਕਾਰਨ ਜਾਂਚ ਇਸ ਪੜਾਅ ‘ਤੇ ਪਹੁੰਚੀ ਹੈ। ‘ਆਪ’ ਸਰਕਾਰ ਸਿੱਖ ਭਾਈਚਾਰੇ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹੈ।