ਪਲਾਂਟੇਸ਼ਨ ਮੁਹਿੰਮ ਨੂੰ ਮਿਲ ਰਹੀ ਤੇਜ਼ੀ, ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਮੈਦਾਨ ਵਿੱਚ ਸਰਗਰਮ

ਪੰਜਾਬ

ਬੱਲੋਵਾਲ ਸੌਂਖੜੀ ਤੇ ਫਤਿਹਪੁਰ ਨਰਸਰੀਆਂ ਦਾ ਮੌਕੇ ਉੱਤੇ ਲਿਆ ਜਾਇਜ਼ਾ

ਚੰਡੀਗੜ੍ਹ, 10 ਜੁਲਾਈ, ਦੇਸ਼ ਕਲਿੱਕ ਬਿਓਰੋ :

ਵਾਤਾਵਰਨ ਸੰਤੁਲਨ ਬਰਕਰਾਰ ਰੱਖਣ ਲਈ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਉਣ ਨੂੰ ਫੈਸਲਾਕੁੰਨ ਦੱਸਦਿਆਂ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪੌਦੇ ਲਗਾਉਣ ਦੀ ਮੁਹਿੰਮ ਨੂੰ ਜੰਗਲਾਤ ਅਧੀਨ ਰਕਬੇ ਨੂੰ ਵਧਾਉਣ ਸਬੰਧੀ ਸੂਬਾ ਸਰਕਾਰ ਦੇ ਸਮੁੱਚੇ ਯਤਨਾਂ ਦਾ ਅਹਿਮ ਹਿੱਸਾ ਦੱਸਿਆ ਹੈ।

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਬੱਲੋਵਾਲ ਸੌਂਖੜੀ ਅਤੇ ਪਿੰਡ ਫਤਿਹਪੁਰ (ਵਣ ਰੇਂਜ ਕਾਠਗੜ੍ਹ) ਵਿਖੇ ਨਰਸਰੀਆਂ ਦਾ ਦੌਰਾ ਕਰਦਿਆਂ, ਮੰਤਰੀ ਨੂੰ ਦੋਵਾਂ ਨਰਸਰੀਆਂ ਵਿੱਚ ਲਗਾਏ ਗਏ ਵੱਖ-ਵੱਖ ਕਿਸਮਾਂ ਦੇ ਬੂਟਿਆਂ ਦੇ ਨਾਲ-ਨਾਲ ਵਿਭਾਗ ਵੱਲੋਂ ਉਨ੍ਹਾਂ ਦੀ ਸਹੀ ਦੇਖਭਾਲ ਅਤੇ ਰੱਖ-ਰਖਾਅ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣੂੰ ਕਰਵਾਇਆ ਗਿਆ।

ਬੱਲੋਵਾਲ ਸੌਂਖੜੀ ਨਰਸਰੀ ਦੇ ਦੌਰੇ ਦੌਰਾਨ, ਸ੍ਰੀ ਕਟਾਰੂਚੱਕ ਨੂੰ ਖੈਰ, ਸ਼ੀਸ਼ਮ, ਫਲਾਹੀ, ਬਾਂਸ, ਡੇਕ, ਹੋਲੋਪਟੀਲੀਆ, ਢੇਊ ਵਰਗੀਆਂ ਵਿਲੱਖਣ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਗਈ ਜੋ ਇੱਥੇ ਪਾਈਆਂ ਜਾਂਦੀਆਂ ਹਨ ਅਤੇ ਸਾਰਿਆਂ ਲਈ ਖਿੱਚ ਦਾ ਕੇਂਦਰ ਅਤੇ ਵਾਤਾਵਰਣ ਵਿੱਚ ਜਾਦੂਈ ਰੰਗ ਬਿਖੇਰਦੀਆਂ ਹਨ।

ਫਤਿਹਪੁਰ ਨਰਸਰੀ (ਵਣ ਰੇਂਜ ਕਾਠਗੜ੍ਹ) ਵਿਖੇ, ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਇੱਥੇ ਪਿੱਪਲ, ਬਹੇੜ, ਬੋਹੜ, ਜਕਰੰਡਾ, ਮਹਿੰਦੀ, ਨਿੰਮ, ਪਿਲਖਣ, ਅਰਜੁਨ, ਹਿਬਿਸਕਸ ਵਰਗੀਆਂ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ ਹਨ। ਮੰਤਰੀ ਨੇ ਨਰਸਰੀ ਵਿੱਚ ਪਿੱਪਲ ਦਾ ਇੱਕ ਬੂਟਾ ਵੀ ਲਗਾਇਆ ਅਤੇ ਚੰਗੇ ਕੰਮ ਲਈ ਸਟਾਫ ਦੀ ਸ਼ਲਾਘਾ ਕੀਤੀ। ਉਨ੍ਹਾਂ ਪੌਦੇ ਲਗਾਉਣ ਦੇ ਕੰਮ ਵਿੱਚ ਲੱਗੇ ਸਟਾਫ ਨੂੰ ਵਿੱਤੀ ਇਨਾਮ ਦੇ ਕੇ ਉਤਸ਼ਾਹਿਤ ਵੀ ਕੀਤਾ।

ਇਸ ਮੌਕੇ ਮੰਤਰੀ ਨੇ ਕਿਹਾ ਕਿ ਪਵਿੱਤਰ ਗੁਰਬਾਣੀ ਵਿੱਚ ਵੀ ਵਾਤਾਵਰਣ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਇਸ ਲਈ, ਇਹ ਸਾਡਾ ਸਾਰਿਆਂ ਦਾ ਸਾਂਝਾ ਫਰਜ਼ ਹੈ ਕਿ ਅਸੀਂ ਇੱਕ ਸਾਫ਼ ਅਤੇ ਹਰੇ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰੀਏ।

ਇਸ ਮੌਕੇ ਮੰਤਰੀ ਦੇ ਨਾਲ ਪੀ.ਸੀ.ਸੀ.ਐਫ. (ਐਚ.ਓ.ਐਫ.ਐਫ.) ਧਰਮਿੰਦਰ ਸ਼ਰਮਾ, ਮੁੱਖ ਵਣਪਾਲ (ਹਿੱਲਸ) ਨਿਧੀ ਸ੍ਰੀਵਾਸਤਵ ਅਤੇ ਡਿਵੀਜ਼ਨਲ ਜੰਗਲਾਤ ਅਧਿਕਾਰੀ (ਸ਼ਹੀਦ ਭਗਤ ਸਿੰਘ ਨਗਰ) ਹਰਭਜਨ ਸਿੰਘ ਵੀ ਮੌਜੂਦ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।