ਚੰਡੀਗੜ੍ਹ, 11 ਜੁਲਾਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਦੋ ਮੰਤਰੀਆਂ ਅਤੇ ਇਕ ਪਾਰਟੀ ਪ੍ਰਧਾਨ ਉਤੇ ਚੰਡੀਗੜ੍ਹ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਉਤੇ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਵਿਧਾਨ ਸਭਾ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਖੁਦ ਪ੍ਰਤਾਪ ਸਿੰਘ ਬਾਜਵਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੇਰੇ ਵੱਲੋਂ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਜੋ ਮਜੀਠੀਆ ਦੇ ਮੁੱਦੇ ਉਤੇ ਮੇਰੀ ਵੀਡੀਓ ਚਲਾਈ ਸੀ। ਉਨ੍ਹਾਂ ਦੱਸਿਆ ਕਿ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਖਿਲਾਫ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦੋ ਮੌਜੂਦਾ ਮੰਤਰੀਆਂ ਤੇ ਇਕ ਪਾਰਟੀ ਦੇ ਪ੍ਰਧਾਨ ਉਤੇ ਝੂਠ ਬੋਲਣਾ ਦਾ, ਵੀਡੀਓ ਅਡੀਟਿੰਗ ਕਰਨ ਅਤੇ ਜਾਅਲਸ਼ਾਜੀ ਦਾ ਮਾਮਲਾ ਦਰਜ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਅਜੇ ਦੋ ਉਤੇ ਹੀ ਮਾਮਲਾ ਦਰਜ ਹੋਇਆ ਹੈ। ਕੇਸ ਅਜੇ ਓਪਨ ਹੈ, ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਦਾ ਵੀ ਨਾਮ ਸ਼ਾਮਲ ਹੈ ਉਸ ਦੀ ਜਾਂਚ ਚਲ ਰਹੀ ਹੈ।
ਦੂਜੇ ਪਾਸੇ ਵਿਧਾਨ ਸਭਾ ਵਿੱਚ ਬੋਲਦੇ ਹੋਏ ਹਰਪਾਲ ਸਿੰਘ ਚੀਮਾ ਨੇ ਪ੍ਰਤਾਪ ਸਿੰਘ ਬਾਜਵਾ ਉਤੇ ਹਮਲਾ ਬੋਲਦੇ ਹੋਏ ਕਿਹਾ ਕਿ ਭਾਜਪਾ ਦੀ ਮਦਦ ਲੈ ਕੇ ਸਾਡੇ ਖਿਲਾਫ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਹੈ। ਅਸੀਂ ਕਿਸੇ ਵੀ ਝੂਠੇ ਪਰਚਿਆਂ ਤੋਂ ਨਹੀਂ ਡਰਦੇ ਜਿੰਨਾਂ ਮਰਜ਼ੀ ਕਰਵਾ ਲਓ।
ਜ਼ਿਕਰਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਚੰਡੀਗੜ੍ਹ ਪੁਲਿਸ ਕੋਲ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਖਿਲਾਫ ਸ਼ਿਕਾਇਤ ਦੇ ਕੇ ਦੋਸ਼ ਲਗਾਏ ਸਨ ਕਿ ਮਜੀਠੀਆ ਮਾਮਲੇ ਵਿੱਚ ਉਨ੍ਹਾਂ ਦੀ ਵੀਡੀਓ ਆਡਿਟ ਕਰਕੇ ਚਲਾਈ ਗਈ ਹੈ।