ਸ੍ਰੀ ਮੁਕਤਸਰ ਸਾਹਿਬ, 11 ਜੁਲਾਈ, ਦੇਸ਼ ਕਲਿੱਕ ਬਿਓਰੋ :
ਸਰਕਾਰੀ ਆਈ ਟੀ ਆਈਜ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸੰਘਰਸ਼ ਕਰਨ ਦਾ ਬਿਗਲ ਵਜਾ ਦਿੱਤਾ ਹੈ। ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਸੂਬਾ ਕਮੇਟੀ ਮੈਂਬਰ ਨੇ ਦੱਸਿਆ ਕਿ ਉਹ 15-16 ਸਾਲਾਂ ਤੋਂ ਪੰਜਾਬ ਦੀਆਂ ਸਰਕਾਰੀ ਆਈ ਟੀ ਆਈਜ ਵਿੱਚ ਬਿਨਾਂ ਕਿਸੇ ਸਰਕਾਰੀ ਸਹੂਲਤਾਂ ਤੋਂ ਨਿਗੂਣੀਆਂ ਤਨਖ਼ਾਹਾਂ ਸਿਰਫ਼ 15 ਹਜਾਰ ਉੱਪਰ ਗਰੁੱਪ ਬੀ ਬਤੌਰ ਕਰਾਫ਼ਟ ਇੰਸਟਰਕਟਰ ਵਜੋਂ ਆਪਣਾ ਸ਼ੋਸ਼ਣ ਕਰਵਾ ਰਹੇ ਹਨ । ਇਹੀ ਪੰਜਾਬ ਸਰਕਾਰ ਗਰੁੱਪ ਸੀ ਅਤੇ ਡੀ ਨੂੰ ਸਾਡੇ ਨਾਲੋਂ ਵੱਧ ਤਨਖ਼ਾਹਾਂ ਦੇ ਰਹੀ ਹੈ ਜੋ ਕਿ ਕਿਤੇ ਵੀ ਤਰਕਸੰਗਤ ਨਹੀਂ ਹੈ । ਇਸ ਤੋਂ ਇਲਾਵਾ ਸਾਨੂੰ ਕਿਸੇ ਵੀ ਕਿਸਮ ਦੀ ਛੁੱਟੀ ਨਹੀਂ ਦਿੱਤੀ ਜਾਂਦੀ, ਨਾ ਹੀ ਕੋਈ ਬਦਲੀ ਕਰਵਾਉਣ ਦਾ ਅਧਿਕਾਰ ਹੈ, ਨਾ ਹੀ ਕੋਈ ਸਰਵਿਸ ਬੁੱਕ ਲਗਾਈ ਗਈ ਹੈ ਅਤੇ ਨਾ ਹੀ ਕੋਈ ਸਲਾਨਾ ਇੰਕਰੀਮੈਂਟ ਹੈ । ਇੱਥੋਂ ਤੱਕ ਮਹਿਲਾਵਾਂ ਲਈ ਜਣੇਪਾ ਛੁੱਟੀ ਤੱਕ ਦਾ ਅਧਿਕਾਰ ਨਹੀਂ ਹੈ ਜੋ ਕਿ ਇਹ ਪੰਜਾਬ ਸਰਕਾਰ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ। ਅਸੀਂ ਗੱਲਬਾਤ ਰਾਹੀਂ ਪਿਛਲੇ ਤਿੰਨ ਸਾਲਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਮੁੱਖ ਮੰਤਰੀ ਦਫ਼ਤਰ ਦੇ ਗੇੜੇ ਮਾਰੇ ਕਿ ਸ਼ਾਇਦ ਉਹਨਾਂ ਨੂੰ ਮੁੱਖ ਮੰਤਰੀ ਦਾ ਸਮਾਂ ਮਿਲ ਜਾਵੇ ਪਰੰਤੂ ਆਮ ਲੋਕਾਂ ਦੇ ਮੁੱਖ ਮੰਤਰੀ ਕਹਾਉਣ ਵਾਲੇ ਭਗਵੰਤ ਸਿੰਘ ਮਾਨ ਵੀ ਪਹਿਲੇ ਮੁੱਖ ਮੰਤਰੀਆਂ ਦੀ ਤਰਾਂ ਹੀ ਨਿਕਲੇ ਅਤੇ ਇੱਕ ਮਿੰਟ ਦਾ ਵੀ ਸਮਾਂ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਕਈ ਵਾਰ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਮਿਲ ਚੁੱਕੇ ਹਾਂ ਉਹਨਾਂ ਵੱਲੋਂ ਹਰ ਵਾਰ ਨਜਰ ਅੰਦਾਜ ਕਰ ਦਿੱਤਾ ਜਾਂਦਾ ਹੈ ਜਿਵੇਂ ਉਹਨਾਂ ਦਾ ਤਕਨੀਕੀ ਸਿੱਖਿਆ ਵੱਲ ਧਿਆਨ ਈ ਨਾ ਹੋਵੇ । ਉਹ ਪਿਛਲੇ ਤਿੰਨ ਸਾਲਾਂ ਤੋਂ ਸਕੂਲਾਂ ਵਿੱਚੋਂ ਹੀ ਨਹੀਂ ਨਿਕਲ ਰਹੇ ਜਦਕਿ ਉਹ ਤਕਨੀਕੀ ਸਿੱਖਿਆ ਮੰਤਰੀ ਵੀ ਹਨ।
ਅਸੀਂ ਪੰਜਾਬ ਦਾ ਕੋਈ ਆਮ ਆਦਮੀ ਪਾਰਟੀ ਦਾ ਵਿਧਾਇਕ, ਕੋਈ ਮੰਤਰੀ ਨਹੀਂ ਛੱਡਿਆ ਜਿਸਨੂੰ ਬੇਨਤੀ ਨਾ ਕੀਤੀ ਹੋਵੇ ਪਰੰਤੂ ਸਾਰਿਆਂ ਵੱਲੋਂ ਸਿਰਫ਼ ਲਾਰੇ ਹੀ ਮਿਲੇ ਹਨ, ਕਿਸੇ ਨੇ ਵੀ ਕੋਈ ਹੱਲ ਕਰਵਾਉਣ ਬਾਰੇ ਨਹੀਂ ਸੋਚਿਆ। ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਬਹੁਤ ਸਖ਼ਤ ਮਿਹਨਤ ਕੀਤੀ ਸੀ ਕਿ ਇਹ ਸਰਕਾਰ ਸਾਡਾ ਕੁੱਝ ਕਰੇਗੀ ਪ੍ਰੰਤੂ ਪਹਿਲਿਆਂ ਵਾਂਗ ਨਿਰਾਸ਼ਾ ਹੀ ਸਾਡੇ ਹੱਥ ਲੱਗੀ ਹੈ। ਇਸ ਲਈ ਜਥੇਬੰਦੀ ਨੇ ਬੀਤੇ ਬੁੱਧਵਾਰ 9 ਜੁਲਾਈ ਨੂੰ ਸੂਬੇ ਭਰ ਵਿੱਚ ਸਮੂਹਿਕ ਛੁੱਟੀ ਲੈ ਕੇ ਸੰਸਥਾਵਾਂ ਦਾ ਕੰਮ ਠੱਪ ਕੀਤਾ ਅਤੇ ਹੁਣ 16 ਜੁਲਾਈ ਨੂੰ ਪੰਜਾਬ ਸਰਕਾਰ ਵਿਰੁੱਧ ਗੇਟ ਰੈਲੀਆਂ ਕੀਤੀਆਂ ਜਾਣਗੀਆਂ ।
ਸੂਬਾ ਕਮੇਟੀ ਮੈਂਬਰ ਨੇ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਤਕਨੀਕੀ ਸਿੱਖਿਆ ਮੰਤਰੀ ਅਤੇ ਹੋਰ ਸਾਰੇ ਮੰਤਰੀਆਂ ਦੇ ਘਰਾਂ ਅੱਗੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਲੋੜ ਪੈਣ ਤੇ ਪੱਕਾ ਮੋਰਚਾ ਵੀ ਲਗਾਇਆ ਜਾਵੇਗਾ। ਇਸ ਮੌਕੇ ਬਲਜੀਤ ਸਿੰਘ, ਸੁਖਪਾਲ ਸਿੰਘ, ਸੁਖਚੈਨ ਕੌਰ ਅਤੇ ਆਰਤੀ ਰਾਣੀ ਆਦਿ ਇੰਸਟਰਕਟਰ ਹਾਜ਼ਰ ਸਨ ।