ਪਟਿਆਲਾ, 11 ਜੁਲਾਈ, ਦੇਸ਼ ਕਲਿਕ ਬਿਊਰੋ :
ਪਟਿਆਲਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਇੱਥੇ ਇੱਕ ਔਰਤ ਨੇ ਆਪਣੇ ਅੱਠ ਮਹੀਨੇ ਦੇ ਬੱਚੇ ਸਮੇਤ ਰੇਲਗੱਡੀ ਅੱਗੇ ਛਾਲ ਮਾਰ ਦਿੱਤੀ। ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਔਰਤ ਅਤੇ ਬੱਚੇ ਦੀ ਮੌਤ ਹੋ ਗਈ। ਜਿਸਨੇ ਵੀ ਇਹ ਦ੍ਰਿਸ਼ ਦੇਖਿਆ ਉਹ ਹੈਰਾਨ ਅਤੇ ਪ੍ਰੇਸ਼ਾਨ ਸੀ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 25 ਸਾਲਾ ਵਿਆਹੁਤਾ ਔਰਤ ਨੇ ਆਪਣੀ ਅੱਠ ਮਹੀਨੇ ਦੀ ਧੀ ਸਮੇਤ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ ਕਿਉਂਕਿ ਉਸਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ। ਮ੍ਰਿਤਕਾ ਦੀ ਪਛਾਣ ਗੁਰਪ੍ਰੀਤ ਕੌਰ ਵਜੋਂ ਹੋਈ ਹੈ।
ਮ੍ਰਿਤਕਾ ਦੇ ਪਰਿਵਾਰ ਦਾ ਦੋਸ਼ ਹੈ ਕਿ ਗੁਰਪ੍ਰੀਤ ਕੌਰ ਦੇ ਪਤੀ ਧਰਮਿੰਦਰ ਸਿੰਘ ਦੇ ਕਿਸੇ ਹੋਰ ਕੁੜੀ ਨਾਲ ਨਾਜਾਇਜ਼ ਸਬੰਧ ਸਨ। ਇਸ ਕਾਰਨ ਦੋਵਾਂ ਵਿੱਚ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਧਰਮਿੰਦਰ ਸਿੰਘ ਆਪਣੀ ਪਤਨੀ ਗੁਰਪ੍ਰੀਤ ਕੌਰ ਤੋਂ ਤਲਾਕ ਦੀ ਮੰਗ ਕਰ ਰਿਹਾ ਸੀ। ਅਜਿਹਾ ਨਾ ਕਰਨ ‘ਤੇ ਉਹ ਉਸਨੂੰ ਕੁੱਟਦਾ ਸੀ।ਰੇਲਵੇ ਪੁਲਿਸ ਸਟੇਸ਼ਨ ਦੇ ਇੰਚਾਰਜ ਜਸਵਿੰਦਰ ਸਿੰਘ ਅਨੁਸਾਰ ਪਰਿਵਾਰ ਦੇ ਬਿਆਨ ‘ਤੇ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।
